ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੁੱਖ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ (ਸੀ ਐਚ ਟੀ /ਐਚ ਟੀ ਅਤੇ ਈਟੀਟੀ) ਨੂੰ ਮਾਰਚ ਮਹੀਨਾ ਖਤਮ ਹੋਣ ਤੱਕ ਵੀ ਫਰਵਰੀ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਤਨਖ਼ਾਹ ਉਡੀਕੇ ਹੋਏ ਅਧਿਆਪਕਾਂ ਨੇ ਅੱਜ ਡੀ.ਟੀ. ਐੱਫ. ਜਥੇਬੰਦੀ ਦੀ ਅਗਵਾਈ ਹੇਠ ਸਥਾਨਕ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ਼ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ। ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਇਸ ਮੌਕੇ ਦੱਸਿਆ ਕਿ ਹਰ ਸਾਲ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਲਈ ਸੰਘਰਸ਼ ਕਰਨਾ ਪੈਂਦਾ ਹੈ । ਸਾਲ 2022 ਫਰਵਰੀ ਮਹੀਨੇ ਦੀ ਤਨਖ਼ਾਹ ਲੈਣ ਲਈ ਡੀ.ਟੀ. ਐੱਫ. ਵੱਲੋਂ 17 ਮਾਰਚ ਨੂੰ ਜ਼ਿਲ੍ਹਾ ਪੱਧਰੀ ਧਰਨਾ ਮਿੰਨੀ ਸਕੱਤਰੇਤ ਬਠਿੰਡਾ ਅੱਗੇ ਦੇ ਕੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਸੀ ਪ੍ਰੰਤੂ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖ਼ਾਹ ਨੂੰ ਅਣਗੌਲਿਆ ਕੀਤਾ ਹੋਇਆ ਹੈ ।ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਉਪਰ ਅੱਜ ਹੋਰਨਾ ਜ਼ਿਲ੍ਹਿਆਂ ਵਾਂਗ ਬਠਿੰਡਾ ਜ਼ਿਲ੍ਹੇ ਵਿੱਚ ਵੀ ਅਧਿਆਪਕਾਂ ਨੇ ਟੀਚਰਜ਼ ਹੋਮ ਵਿਖੇ ਇਕੱਤਰਤਾ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਉਸ ਤੋਂ ਬਾਅਦ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਨੂੰ ਜਥੇਬੰਦੀ ਦਾ ਵੱਡਾ ਵਫਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਦੇ ਕੇ ਅਧਿਆਪਕਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਜਾਰੀ ਕਰਨ ਲਈ ਬਜਟ ਦੀ ਮੰਗ ਕੀਤੀ । ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਪੰਜਾਬ ਵਿੱਤ ਸਕੱਤਰ ਕੇ ਪੀ. ਐੱਸ. ਸਿਨਹਾ ਨੂੰ ਜਥੇਬੰਦੀ ਦੀ ਤਨਖਾਹ ਦੀ ਮੰਗ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਕੇ ਅਧਿਆਪਕਾਂ ਦੀ ਤਕਲੀਫ ਤੋਂ ਜਾਣੂ ਕਰਵਾਇਆ ਅਤੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਜਲਦੀ ਹੀ ਤਨਖਾਹ ਤਾਂ ਬਜਟ ਜਾਰੀ ਕਰ ਦਿੱਤਾ ਜਾਵੇਗਾ ।ਅੱਜ ਦੇ ਵਫਦ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਬਠਿੰਡਾ ਅਤੇ ਨਵਚਰਨਪ੍ਰੀਤ ਨੇ ਕੀਤੀ ।ਰੈਲੀ ਨੂੰ ਡੀ.ਟੀ. ਐੱਫ. ਬਠਿੰਡਾ ਦੇ ਬਲਾਕ ਪ੍ਰਧਾਨ ਭੁਪਿੰਦਰ ਮਾਇਸਰਖਾਨਾ ,ਤਲਵੰਡੀ ਦੇ ਪ੍ਰਧਾਨ ਭੋਲਾ ਰਾਮ,ਭਗਤਾ ਬਲਾਕ ਦੇ ਪ੍ਰਧਾਨ ਰਾਜਵਿੰਦਰ ਜਲਾਲ ਅਤੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
Share the post "ਫਰਵਰੀ ਮਹੀਨੇ ਦੀ ਤਨਖ਼ਾਹ ਉਡੀਕਦੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ"