ਛੇੜਛਾੜ ਕਰਨ ਵਾਲੇ ਗੱਗ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ: ਕਨੈਡਾ ਰਹਿ ਰਹੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪ ਵਾਲੀ ਤਸਵੀਰ ਸੋਸਲ ਮੀਡੀਆ ਉੱਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ‘ਫਾਸੀ ਹਮਲਿਆਂ ਵਿਰੋਧੀ ਫਰੰਟ‘ ਪੰਜਾਬ ਨੇ ਕਿਹਾ ਹੈ ਕਿ ਇਹ ਇਕ ਗਿਣੀ ਮਿਥੀ ਭੜਕਾਊ ਹਰਕਤ ਹੈ ਅਤੇ ਅਜਿਹੀਆਂ ਹਰਕਤਾਂ ਕਰਕੇ ਇਹ ਬੰਦਾ ਬੇਲੋੜਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸ਼ੀ ਮਨਸੂਬਿਆਂ ਦੀ ਹੀ ਸੇਵਾ ਕਰ ਰਿਹਾ ਹੈ। ਮੋਰਚੇ ਦੇ ਆਗੂਆਂ ਬੰਤ ਬਰਾੜ, ਪ੍ਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ, ਸੁਖਦਰਸਨ ਸਿੰਘ ਨੱਤ, ਨਰੈਣ ਦੱਤ ਅਤੇ ਕਿਰਨਜੀਤ ਸਿੰਘ ਸੇਖੋਂ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ-ਪਾਤ, ਊਚ-ਨੀਚ ਅਤੇ ਬ੍ਰਾਹਮਣੀ ਕਰਮਕਾਂਡਾਂ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਮੁਕਤੀ ਦੇ ਨਵੇਂ ਮਾਰਗ ਉਤੇ ਪਾਉਣ ਵਾਲੇ ਮਾਨਵਤਾ ਦੇ ਮਹਾਨ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆ ਭਰ ਦੀ ਜਾਗ੍ਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ ਅਤੇ ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਲਈ ਗੱਗ ਨੂੰ ਇਹ ਤਸਵੀਰ ਫੌਰੀ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ। ਫਰੰਟ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਏਕਤਾ ਨੂੰ ਕਾਇਮ ਰੱਖਦਿਆਂ ਕਾਰਪੋਰੇਟੀ ਲੁੱਟ ਅਤੇ ਮੋਦੀ ਸਰਕਾਰ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਖ਼ਿਲਾਫ਼ ਆਪਣਾ ਧਿਆਨ ਕੇਂਦਰਿਤ ਕਰਦਿਆਂ ਤਿੱਖੇ ਘੋਲ ਅਰੰਭਣ।
Share the post "‘ਫਾਸੀ ਹਮਲਿਆਂ ਵਿਰੋਧੀ ਫਰੰਟ‘ ਵਲੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਦੀ ਸਖਤ ਨਿੰਦਾ"