ਸੁਖਜਿੰਦਰ ਮਾਨ
ਬਠਿੰਡਾ, 1 ਮਈ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ ਪੀ.ਆਈ.) ਦੇ ਸੱਦੇ ‘ਤੇ ਅੱਜ ਭਾਰੀ ਗਿਣਤੀ ‘ਚ ਮਾਲ ਰੋਡ ਸਥਿਤ ਲੇਬਰ ਚੌਂਕ ਵਿਖੇ ਇਕੱਤਰ ਹੋਏ ਮਜਦੂਰਾਂ-ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਫਿਰਕੂ-ਫਾਸ਼ੀਵਾਦ ਖਿਲਾਫ਼ ਮਨੁੱਖੀ ਕੜੀ ਬਣਾ ਕੇ ਕੌਮਾਂਤਰੀ ਮਜ਼ਦੂਰ ਦਿਵਸ ਇਨਕਲਾਬੀ ਜੋਸ਼ ਨਾਲ ਮਨਾਇਆ।
ਇਕੱਤਰ ਲੋਕਾਂ ਨੂੰ ਸਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਬਠਿੰਡਾ ਜਿਲ੍ਹਾ ਕਮੇਟੀ ਦੇ ਖਜਾਨਚੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਵੱਲੋਂ ਭਵਿੱਖ ਦੇ ਕਿਰਤੀ ਅੰਦੋਲਨਾਂ ਦੀਆਂ ਬਾਵੱਕਾਰ ਜਿੱਤਾਂ ਵਿੱਚ ਪਾਏ ਗਏ ਲਾਸਾਨੀ ਯੋਗਦਾਨ ਅਤੇ ਮਈ ਦਿਵਸ ਦੀ ਅਜੋਕੇ ਦੌਰ ‘ਚ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਆਗੂਆਂ ਨੇ ਕਿਹਾ ਕਿ ਰਾਸ਼ਟਰੀ ਸੋਇਮ ਸੇਵਕ ਸੰਘ ( ਆਰ ਐਸ ਐਸ) ਦੀਆਂ ਹਿਦਾਇਤਾਂ ਅਨੁਸਾਰ ਰਾਜ-ਭਾਗ ਚਲਾ ਰਹੀ ਦੇਸ਼ ਦੀ ਮੋਦੀ ਸਰਕਾਰ ਦੀ ਨੰਗੀ-ਚਿਟੀ ਸਰਪ੍ਰਸਤੀ ਸਦਕਾ ਹਿੰਦੂਤਵੀ ਫਿਰਕੂ ਟੋਲਿਆਂ ਵੱਲੋਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਅਤੇ ਦਲਿਤਾਂ-ਔਰਤਾਂ ਸਮੇਤ ਪ੍ਰਗਤੀਸ਼ੀਲ ਸੋਚ ਦੇ ਧਾਰਨੀ, ਜਮਹੂਰੀਅਤ ਪਸੰਦ ਲੋਕਾਂ ਉਪਰ ਦੇਸ਼ ਭਰ ‘ਚ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੀ ਏਕਤਾ-ਅਖੰਡਤਾ ਲਈ ਗੰਭੀਰ ਖਤਰੇ ਖੜ੍ਹੇ ਹੋ ਗਏ ਹਨ।ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਦਿਆਨਤਦਾਰੀ ਤੋਂ ਕੰਮ ਲੈਂਦਿਆਂ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਤੱਤਾਂ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ ਅਤੇ ਘੱਟ ਗਿਣਤੀਆਂ ਦੇ ਜਾਨ-ਮਾਲ ਦੀ ਰਾਖੀ ਕਰਨ ਲਈ ਹਥਿਆਰਬੰਦ ਫਿਰਕੂ ਟੋਲਿਆਂ ਦੇ ਮਨੁੱਖਤਾ ਵਿਰੋਧੀ ਕਾਰਿਆਂ ‘ਤੇ ਰੋਕ ਲਾਵੇ।
ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਾਰਦਾਤਾਂ ਆਰ ਐਸ ਐਸ ਦੇ ਧਰਮ ਨਿਰਪੱਖ ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ‘ਚ ਤਬਦੀਲ ਕਰਨ ਦੇ ਏਜੰਡੇ ਦੀ ਪੂਰਤੀ ਲਈ ਕੀਤੀਆਂ ਜਾ ਰਹੀਆਂ ਹਨ।ਉਕਤ ਫੁੱਟ ਪਾਊ ਕਾਰਵਾਈਆਂ ਦਾ ਮਕਸਦ ਮੋਦੀ ਸਰਕਾਰ ਦੀ ਲੋਕਾਂ ਦੇ ਮਸਲੇ ਹੱਲ ਕਰਨ ਪੱਖੋਂ ਘੋਰ ਅਸਫਲਤਾ ‘ਤੇ ਪਰਦਾ ਪਾਉਣਾ ਵੀ ਹੈ।ਬੁਲਾਰਿਆਂ ਨੇ ਕਿਰਤ ਕੋਡ ਰੱਦ ਕਰਕੇ 44 ਕਿਰਤ ਕਾਨੂੰਨ ਬਹਾਲ ਕਰਨ ਦੀ ਵੀ ਮੰਗ ਕੀਤੀ।ਹੋਰਨਾਂ ਤੋਂ ਇਲਾਵਾ ਸਾਥੀ ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੱਖਣ ਸਿੰਘ ਪੂਹਲੀ, ਉਮਰਦੀਨ ਖਾਨ, ਭੋਲਾ ਸਿੰਘ ਕਾਲੵਝਰਾਣੀ, ਬਲਦੇਵ ਸਿੰਘ ਦਾਨ ਸਿੰਘ ਵਾਲਾ, ਰਣਜੀਤ ਸਿੰਘ ਸੁਰਖ ਪੀਰ ਰੋੜ ਵੀ ਹਾਜ਼ਰ ਸਨ। ਹਾਜਰ ਜਨ ਸਮੂਹ ਨੇ ਦੋਵੇਂ ਹੱਥ ਖੜ੍ਹੇ ਕਰਕੇ ਬੀਤੇ ਦਿਨੀਂ ਪਟਿਆਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ।
Share the post "ਫਿਰਕੂ ਫਾਸ਼ੀ ਹਮਲਿਆਂ ਵਿਰੁੱਧ ਮਨੁੱਖੀ ਕੜੀ ਬਣਾ ਕੇ ਮਨਾਇਆ ਆਰ ਐਮ ਪੀ ਆਈ ਨੇ ਮਈ ਦਿਵਸ"