ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਲੰਘੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਬੀਤੇ ਕੱਲ ਆਏ ਚੋਣ ਨਤੀਜਿਆਂ ਵਿਚ ਜਿੱਥੇ ਬਠਿੰਡਾ ਸ਼ਹਿਰੀ ਹਲਕੇ ’ਚ ਆਪ ਉਮੀਦਵਾਰ ਨੂੰ ਹੂੁੰਝਾ ਫ਼ੇਰ ਜਿੱਤ ਹਾਸਲ ਹੋਈ ਹੈ, ਉਥੇ ਆਸ ਮੁਤਾਬਕ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਈਆਂ ਹਨ। ਪ੍ਰੰਤੂ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਵਿਚ ਬਾਦਲ ਪ੍ਰਵਾਰ ਦੇ ਕਥਿਤ ਗੁਪਤ ਸਮਝੋਤੇ ਦੇ ਚੱਲੇ ਪ੍ਰਚਾਰ ਨੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੱਡੀ ਢਾਹ ਲਗਾਈ ਹੈ। ਸ਼ਹਿਰੀਆਂ ਵਿਚ ਇਸ ਪ੍ਰਚਾਰ ਦਾ ਇੰਨ੍ਹਾਂ ਅਸਰ ਰਿਹਾ ਕਿ ਮੁਢ ਤੋਂ ਅਕਾਲੀ ਦਲ ਨੂੰ ਵੋਟਾਂ ਪਾਉਣ ਵਾਲੇ ਕੁੱਝ ਪ੍ਰਵਾਰਾਂ ਨੇ ਵੀ ਵਿਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਝਾੜੂ ਨੂੰ ਵੋਟਾਂ ਪਾ ਦਿੱਤੀਆਂ। ਉਜ ਇਸ ਪ੍ਰਚਾਰ ਤੋਂ ਦੁਖੀ ਅਕਾਲੀ ਉਮੀਦਵਾਰ ਸ਼੍ਰੀ ਸਿੰਗਲਾ ਨੂੰ ਚੋਣਾਂ ਦੇ ਦੌਰਾਨ ਹੀ ਬਠਿੰਡਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਪੱਸ਼ਟੀਕਰਨ ਮੰਗਣਾ ਪਿਆ ਸੀ। ਹਾਲਾਂਕਿ ਇਸ ਸਪੱਸ਼ਟੀਕਰਨ ਦੌਰਾਨ ‘ਜੋੜੀ’ ਵਲੋਂ ਸਪੱਸ਼ਟ ਤੌਰ ’ਤੇ ਅਕਾਲੀ ਵਰਕਰਾਂ ਨੂੰ ਸਰੂਪ ਸਿੰਗਲਾ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ਪ੍ਰੰਤੂ ਹੁਣ ਚੋਣ ਨਤੀਜਿਆਂ ਤੋਂ ਬਾਅਦ ਪੁਣਛਿਣ ਕੇ ਸਾਹਮਣੇ ਆ ਰਹੀਆਂ ਸੂਚਨਾਵਾਂ ਕਾਫ਼ੀ ਹੈਰਾਨ ਕਰਨ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਅਕਾਲੀ ਉਮੀਦਵਾਰ ਦੇ ਨਜਦੀਕੀਆਂ ਨੇ ਦਾਅਵਾ ਕੀਤਾ ਹੈ ਕਿ ਵਿਰੋਧੀਆਂ ਵਲੋਂ ਪ੍ਰਕਾਸ਼ ਸਿੰਘ ਬਾਦਲ ਦੇ ਅਪਣੇ ਭਤੀਜੇ ਪ੍ਰਤੀ ਹੇਜ਼ ਰੱਖਣ ਦੀਆਂ ਖ਼ਬਰਾਂ ਨੂੰੂ ਠੱਲ ਪਾਉਣ ਲਈ ਸ਼੍ਰੀ ਸਿੰਗਲਾ ਵਲੋਂ ਸ: ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ’ਚ ਇੱਕ ਵਾਰ ਆ ਕੇ ਚੋਣ ਪ੍ਰਚਾਰ ਕਰਨ ਲਈ ਕਈ ਅਪੀਲਾਂ ਕੀਤੀਆਂ ਗਈਆਂ ਸਨ ਪ੍ਰੰਤੂ ਉਨ੍ਹਾਂ ਅਪਣੀ ਸਿਹਤ ਦਾ ਹਵਾਲਾ ਦਿੰਦਿਆਂ ਜਵਾਬ ਦੇ ਦਿੱਤਾ ਸੀ। ਜਿਸਦੇ ਚੱਲਦੇ ਉਨ੍ਹਾਂ ਨੂੰ ਇਸ ਪ੍ਰਚਾਰ ਨੂੰ ਰੋਕਣ ਲਈ ਇੱਕ ਵੀਡੀਓ ਸੰਦੇਸ ਦੇਣ ਲਈ ਵੀ ਕਿਹਾ ਗਿਆ ਸੀ ਪ੍ਰੰਤੂ ਉਹ ਵੀ ਨਹੀਂ ਮਿਲਿਆ। ਉਧਰ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦੇ ਇੱਕ ਨਜਦੀਕੀ ਮੰਨੇ ਜਾਣ ਵਾਲੇ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਇਹ ਵੀ ਖੁਲਾਸਾ ਕੀਤਾ ਕਿ ‘‘ ਅਸਲ ਵਿਚ ਇਹ ਇਕੱਲੀਆਂ ਅਫ਼ਵਾਹਾਂ ਹੀ ਨਹੀਂ ਸਨ, ਬਲਕਿ ਬਾਦਲ ਪ੍ਰਵਾਰ ਨਾਲ ਜੁੜੇ ਰਹੇ ਕੁੱਝ ਵਿਅਕਤੀਆਂ ਦੀਆਂ ਬਠਿੰਡਾ ਸ਼ਹਿਰ ਵਿਚ ਸ਼ੱਕੀ ਗਤੀਵਿਧੀਆਂ ਬਾਰੇ ਗੰਭੀਰ ਪੜਚਾਲ ਦੀ ਲੋੜ ਹੈ। ’’ ਇਸ ਆਗੂ ਮੁਤਾਬਕ ਲੰਬੀ ਹਲਕੇ ਨਾਲ ਸਬੰਧਤ ਇੱਕ ਆਗੂ ਵਲੋਂ ਸ਼ਹਿਰ ਦੇ ਇੱਕ ਨੌਜਵਾਨ ਠੇਕੇਦਾਰ ਨਾਲ ਇਸ ਸਬੰਧੀ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਲਾਈਨੋਪਾਰ ਇਲਾਕੇ ਦੇ ਇੱਕ ਸਿਰਕੱਢ ਨੌਜਵਾਨ ਆਗੂ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ। ਚਰਚਾ ਮੁਤਾਬਕ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀਆਂ ਵੀ ਬਠਿੰਡਾ ਸ਼ਹਿਰੀ ਹਲਕੇ ਵਿਚ ਕੁੱਝ ਗਤੀਵਿਧੀਆਂ ਰਹੀਆਂ। ਇਸਤੋਂ ਇਲਾਵਾ ਕਈ ਦਹਾਕੇ ਤੱਕ ਮਨ੍ਰਮੀਤ ਬਾਦਲ ਨਾਲ ਸਾਏ ਵਾਂਗ ਜੁੜੇ ਰਹੇ ਇੱਕ ਆਗੂ ਉਪਰ ਵੀ ਉਗਲਾਂ ਉਠਾਈਆਂ ਜਾ ਰਹੀਆਂ ਹਨ। ਉਧਰ ਇੰਨ੍ਹਾਂ ਚਰਚਾਵਾਂ ਸਬੰਧੀ ਗੱਲ ਕਰਨ ’ਤੇ ਸਰੂਪ ਸਿੰਗਲਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇੰਨਕਾਰ ਕਰਦਿਆਂ ਕਿਹਾ ਕਿ ਉਹ ਹਾਲੇ ਅਪਣੀ ਹਾਰ ਦਾ ਵਿਸਲੇਸ਼ਣ ਕਰ ਰਹੇ ਹਨ। ਗੌਰਤਲਬ ਹੈ ਕਿ ਭਾਜਪਾ ਦਾ ਸਾਥ ਨਾ ਹੋਣ ਦੇ ਬਾਵਜੂਦ ਵੀ ਸ਼੍ਰੀ ਸਿੰਗਲਾ ਸਾਢੇ 24 ਹਜ਼ਾਰ ਦੇ ਕਰੀਬ ਵੋਟਾਂ ਲੈਣ ਵਿਚ ਸਫ਼ਲ ਰਹੇ ਹਨ। ਸ਼ਹਿਰ ਦੇ ਇੱਕ ਸਿਆਸੀ ਵਿਸਲੇਸ਼ਕ ਨੇ ਇੰਨ੍ਹਾਂ ਚੋਣਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਬੇਸ਼ੱਕ ਅਕਾਲੀ ਉਮੀਦਵਾਰ ਸਫ਼ਲ ਨਹੀਂ ਹੋ ਸਕਿਆ ਪ੍ਰੰਤੂ ਉਸਦੇ ਇੰਨੀਂ ਵੋਟ ਲੈਣ ਪਿੱਛੇ ਵੀ ਉਸਦੀ ਅਪਣੀ ਨਿੱਜੀ ਦਿੱਖ ’ਤੇ ਪਿਛਲੇ 15 ਸਾਲਾਂ ਤੋਂ ਸ਼ਹਿਰੀਆਂ ਨਾਲ ਬਣਾਇਆ ਮੇਲ ਜੋਲ ਹੋਣਾ ਹੈ। ’’
Share the post "ਬਠਿੰਡਾ ’ਚ ਅਕਾਲੀ ਉਮੀਦਵਾਰ ਨੂੰ ਬਾਦਲਾਂ ਦੇ ਗੁਪਤ ਸਮਝੋਤੇ ਦਾ ਪ੍ਰਚਾਰ ਲੈ ਬੈਠਾ!"