‘ਸਰਕਾਰ ਤੁਹਾਡੇ ਦੁਆਰ’ ਯੋਜਨਾ ਨੂੰ ਰੂਪਮਾਨ ਕਰ ਰਹੇ ਹਨ ਬਠਿੰਡਾ ਦੇ ਨਵੇਂ ਐਸਐਸਪੀ
ਦਫ਼ਤਰ ਦੇ ਬਾਹਰ ਬੈਠੇ ਲੋਕਾਂ ਨੂੰ ਖ਼ੁਦ ਮਿਲਣ ਆਉਂਦੇ ਹਨ ਗੁਲਨੀਤ ਸਿੰਘ ਖ਼ੁਰਾਣਾ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਬਠਿੰਡਾ ਜ਼ਿਲ੍ਹੇ ਦੇ ਨਵੇਂ ਆਏ ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੂੰ ਮਿਲਣ ਆਏ ਲੋਕਾਂ ਨੂੰ ਹੁਣ ਉਨ੍ਹਾਂ ਦੇ ਦਫ਼ਤਰ ਅੰਦਰ ਜਾਣ ਲਈ ਬਾਹਰ ਬੈਠ ਕੇ ਇੰਤਜ਼ਾਰ ਨਹੀਂ ਕਰਨਾ ਪੈਂਦਾ, ਬਲਕਿ ਜਨਤਾ ਦੇ ਬਾਹਰ ਆਉਣ ’ਤੇ ਉਨ੍ਹਾਂ ਨੂੰ ਐਸ.ਐਸ.ਪੀ ਮਿਲਣ ਖੁਦ ਬਾਹਰ ਆਉਂਦੇ ਹਨ। ਇਹ ਨਜ਼ਾਰਾ ਬਠਿੰਡਾ ਦੇ ਮਿੰਨੀ ਸਕੱਤਰੇਤ ਦੀ ਪਹਿਲੀ ਮੰਜਿਲ ’ਤੇ ਬਣੇ ਐਸ.ਐਸ.ਪੀ ਦਫ਼ਤਰ ’ਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ। ਜਿੱਥੇ ਜਨਤਾ ਦਫ਼ਤਰ ਦੇ ਬਾਹਰ ਬੈਠੀ ਹੁੰਦੀ ਹੈ ਤੇ ਜਦ ਹੀ ਅੱਧੀ ਦਰਜ਼ਨ ਦੇ ਕਰੀਬ ਲੋਕ ਦਫ਼ਤਰ ਦੇ ਬਾਹਰ ਇਕੱਠੇ ਹੋ ਜਾਂਦੇ ਹਨ ਤਾਂ ਅੰਦਰ ਲੱਗੇ ਸਕਰੀਨ ਉਪਰ ਸੀਸੀਟੀਵੀ ਰਾਹੀਂ ਐਸਐਸਪੀ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਉੱਠ ਕੇ ਬਾਹਰ ਆ ਜਾਂਦੇ ਹਨ। ਇਸਦੇ ਲਈ ਉਨ੍ਹਾਂ ਅਪਣੇ ਦਫ਼ਤਰ ਦੇ ਬਾਹਰ ਬਕਾਇਦਾ ਇੱਕ ‘ਡਾਇਸ’ ਵੀ ਬਣਾਇਆ ਹੈ, ਜਿੱਥੇ ਉਹ ਆ ਕੇ ਖੜ ਜਾਂਦੇ ਹਨ ਤੇ ਉਨ੍ਹਾਂ ਦਾ ਸਟਾਫ਼ ਫ਼ਰਿਆਦੀਆਂ ਨੂੰ ਇਕੱਲੇ-ਇਕੱਲੇ ਕਰਕੇ ਮਿਲਾਈ ਜਾਂਦਾ ਹੈ। ਜਦ ਤੱਕ ਸਿਕਾਇਤਕਰਤਾ ਦੀ ਤਸੱਲੀ ਨਹੀਂ ਹੋ ਜਾਂਦੀ, ਐਸ.ਐਸ.ਪੀ ਸਾਹਿਬ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ ਤੇ ਜਰੂਰਤ ਪੈਣ ’ਤੇ ਸਬੰਧਤ ਥਾਣਿਆਂ ਤੇ ਡੀਐਸਪੀ ਨੂੰ ਫ਼ੋਨ ਉਪਰ ਮੁਸ਼ਕਲ ਹੱਲ ਕਰਨ ਦੀਆਂ ਹਿਦਾਇਤਾਂ ਦਿੰਦੇ ਹਨ। ਇਸ ਸਬੰਧ ਵਿਚ ਜਦ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸਦੇ ਪਿੱਛੇ ਮੁੱਖ ਮਕਸਦ ਦਸਦਿਆ ਕਿਹਾ ਕਿ ‘‘ ਬਹੁਤ ਵਾਰ ਜਨਤਾ ਨੂੰ ਇਹ ਸਿਕਾਇਤ ਆਉਂਦੀ ਹੈ ਕਿ ਉਨ੍ਹਾਂ ਨੂੰ ਲੰਮਾ-ਲੰਮਾ ਸਮਾਂ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਵਾਇਆ ਜਾਂਦਾ ਹੈ ਜਾਂ ਫ਼ਿਰ ਦੂਜੀ ਪਾਰਟੀ ਦੇ ਇਸ਼ਾਰੇ ’ਤੇ ਅਰਦਲੀ ਜਾਂ ਰੀਡਰ ਵਲੋਂ ਮਿਲਾਉਣ ਤੋਂ ਪਾਸਾ ਵੱਟਿਆਂ ਜਾਂਦਾ ਹੈ ਅਤੇ ਅਜਿਹੀ ਨੌਬਤ ਆਉਣ ਹੀ ਨਾ ਦਿੱਤੀ ਜਾਵੇ, ਇਸਦੇ ਲਈ ਉਹ ਅਪਣੇ ਦਫ਼ਤਰ ਦੇ ਬਾਹਰ ਚਾਰ-ਪੰਜ ਲੋਕਾਂ ਦੇ ਇਕੱਠੇ ਹੋਣ ’ਤੇ ਖ਼ੁਦ ਉਨ੍ਹਾਂ ਨੂੰ ਮਿਲਣ ਲਈ ਦਫ਼ਤਰ ਦੇ ਬਾਹਰ ਚਲੇ ਜਾਂਦੇ ਹਨ। ’’ ਐਸ.ਐਸ.ਪੀ ਨੇ ਇਹ ਵੀ ਦਸਿਆ ਕਿ ਜਿਸ ਦਿਨ ਉਨਾਂ ਬਠਿੰਡਾ ਦਾ ਚਾਰਜ਼ ਲੈਣ ਤੋਂ ਬਾਅਦ ਡੀਐਸਪੀਜ਼ ਅਤੇ ਐਸਐਚਓਜ਼ ਨਾਲ ਪਹਿਲੀ ਮੀਟਿੰਗ ਕੀਤੀ ਸੀ ਤਾਂ ਉਸ ਵਿਚ ਉਨ੍ਹਾਂ ਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਜਿਸ ਦਿਨ ਉਨ੍ਹਾਂ ਦੇ ਇਲਾਕੇ ਵਿਚੋਂ ਸਿਕਾਇਤਾਂ ਆਉਣੀਆਂ ਘੱਟ ਜਾਣਗੀਆਂ ਤਾਂ ਸਮਝਿਆਂ ਜਾਵੇਗਾ ਕਿ ਉਹ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਥਾਣਾਇਨਸਾਫ਼ ਦੀ ਮੁਢਲੀ ਇਕਾਈ ਹੈ ਤੇ ਜਨਤਾ ਦੀ ਸੁਣਵਾਈ ਉਥੇ ਹੀ ਹੋਣੀ ਚਾਹੀਦੀ ਹੈ। ਜਿਸਦੇ ਚੱਲਦੇ ਜਦ ਜਨਤਾ ਉਨ੍ਹਾਂ ਕੋਲ ਸਿਕਾਇਤਾਂ ਲੈ ਕੇ ਆਉਂਦੀ ਹੈ ਤਾਂ ਸਬੰਧਤ ਥਾਣਿਆਂ ਨੂੰ ਹੀ ਹਿਦਾਇਤ ਕਰਦੇ ਹਨ। ਸਿਕਾਇਤਾਂ ਸਬੰਧੀ ਉਨ੍ਹਾਂ ਦਸਿਆ ਕਿ ਜਿਅਦਾਤਰ ਸਿਕਾਇਤਾਂ ਘਰੇਲੂ ਮਸਲੇ, ਸਾਇਬਰ ਕ੍ਰਾਇਮ ਅਤੇ ਆਰਥਿਕ ਠੱਗੀਆਂ ਦੀਆਂ ਆਉਂਦੀਆਂ ਹਨ, ਜਿੰਨ੍ਹਾਂ ਦੇ ਹੱਲ ਲਈ ਵਿੰਗ ਤੇ ਬ੍ਰਾਂਚਾ ਬਣੀਆਂ ਹੋਈਆਂ ਹਨ। ਗੱਲਬਾਤ ਕਰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਅਪਣੀਆਂ ਤਰਜੀਹਾਂ ਦਸਦਿਆਂ ਕਿਹਾ ਕਿ ‘‘ ਔਰਤਾਂ ਤੇ ਗਰੀਬਾਂ ਵਿਰੁਧ ਹੋਣ ਵਾਲੇ ਅਪਰਾਧ ਨੂੰ ਰੋਕਣਾ ਤੇ ਇਲਾਕੇ ਨੂੰ ਡਰੱਗਜ ਤੇ ਗੈਂਗਸਟਰ ਫ਼ਰੀ ਬਣਾਉਣਾ ਹੈ। ਜਿਸਦੇ ਲਈ ਜਨਤਾ ਦਾ ਵੀ ਸਹਿਯੋਗ ਬਹੁਤ ਜਰੂਰੀ ਹੈ। ’’ ਊਨ੍ਹਾਂ ਪਬਲਿਕ ਨੂੰ ਪੁਲਿਸ ਦੈ ਅੱਖ ਅਤੇ ਕੰਨ ਦਸਦਿਆਂ ਅਪੀਲ ਕੀਤੀ ਕਿ ਉਹ ਅਪਣੇ ਇਲਾਕੇ ’ਚ ਵਾਪਰਨ ਵਾਲੀ ਹਰੇਕ ਸੂਚਨਾ ਜਰੂਰ ਦੇਣ। ਥਾਣਿਆਂ ’ਚ ਦਿਨੋਂ-ਦਿਨ ਘੱਟ ਰਹੀ ਨਫ਼ਰੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਕੋਲ 2400 ਅਫ਼ਸਰਾਂ ਤੇ ਮੁਲਾਜਮਾਂ ਦੀ ਨਫ਼ਰੀ ਹੈ ਪ੍ਰੰਤੂ ਦੇਖਿਆ ਗਿਆ ਹੈ ਕਿ ਜਿਆਦਾਤਰ ਮੁਲਾਜਮ ਥਾਣਿਆਂ ਦੀ ਬਜਾਏ ਦਫ਼ਤਰਾਂ ’ਚ ਬੈਠਣਾ ਪਸੰਦ ਕਰਦੇ ਹਨ, ਜਿੰਨ੍ਹਾਂ ਨੂੰ ਥਾਣਿਆਂ ਵਿੱਚ ਭੇਜਣ ਦੀ ਮੁਹਿੰਮ ਚੱਲ ਰਹੀ ਹੈ ਤੇ ਹੁਣ ਤੱਕ 45 ਮੂਲਾਜਮਾਂ ਨੂੰ ਥਾਣਿਆਂ ਵਿਚ ਸਿਫ਼ਟ ਕੀਤਾ ਜਾ ਚੁੱਕਾ ਹੈ। ਦਸਣਾ ਬਣਦਾ ਹੈ ਕਿ ਪਠਾਨਕੋਟ, ਅੰਮ੍ਰਿਤਸਰ ਅਤੇ ਮੋਗਾ ਆਦਿ ਜ਼ਿਲ੍ਹਿਆਂ ਵਿਚ ਐਸ.ਐਸ.ਪੀ ਰਹਿਣ ਵਾਲੇ ਗੁਲਨੀਤ ਸਿੰਘ ਖੁਰਾਣਾ ਨੂੰ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਬਠਿੰਡਾ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ।
ਬਠਿੰਡਾ ’ਚ ਐਸਐਸਪੀ ਦਫ਼ਤਰ ਦੇ ਅੰਦਰ ਨਹੀਂ, ਬਾਹਰ ਲੱਗਦਾ ਹੈ ਜਨਤਾ ਦਰਬਾਰ
6 Views