ਨਗਰ ਸੁਧਾਰ ਟਰੱਸਟ ਨੇ ਕਾਂਗਰਸ ਪਾਰਟੀ ਨੂੰ ਦਫਤਰ ਲਈ ਅਲਾਟ ਕੀਤੀ ਜਗ੍ਹਾਂ
ਇਸਤੋਂ ਪਹਿਲਾਂ ਭਾਜਪਾ ਤੇ ਅਕਾਲੀ ਦਲ ਨੂੰ ਵੀ ਅਲਾਟ ਕੀਤੀ ਜਾ ਚੁੱਕੀ ਹੈ ਜਗ੍ਹਾਂ
ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ –ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਬਠਿੰਡਾ ’ਚ ਹੁਣ ਅਪਣਾ ਨਵਾਂ ਘਰ ਬਣਾਏਗੀ। ਇਸਦੇ ਲਈ ਨਗਰ ਸੁਧਾਰ ਟਰੱਸਟ ਬਠਿੰਡਾ ਨੇ ਕਾਂਗਰਸ ਨੂੰ ਅਪਣਾ ਦਫ਼ਤਰ ਬਣਾਉਣ ਲਈ ਕੰਟਰੋਲ ਰੇਟ ’ਤੇ ਜਗ੍ਹਾਂ ਅਲਾਟ ਕੀਤੀ ਹੈ। ਕਾਂਗਰਸ ਪਾਰਟੀ ਦਾ ਮੌਜੂਦਾ ਸਮੇਂ ਸਥਾਨਕ ਰੇਲਵੇ ਸਟੇਸ਼ਨ ਨਜਦੀਕ ਮੱੱਛੀ ਮਾਰਕੀਟ ਵਿਚ ਦਫ਼ਤਰ ਚੱਲ ਰਿਹਾ ਹੈ। ਦਫ਼ਤਰ ਕਾਫੀ ਤੰਗ ਹੋਣ ਅਤੇ ਇੱਥੇ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਅਕਸਰ ਵੱਡੇ ਪ੍ਰੋਗਰਾਮ ਪਾਰਟੀ ਆਗੂਆਂ ਵਲੋਂ ਬਾਹਰ ਕੀਤੇ ਜਾਂਦੇ ਹਨ। ਸੂਤਰਾਂ ਮੁਤਾਬਕ ਟਰੱਸਟ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਵੀ ਇਸ ਫੈਸਲੇ ’ਤੇ ਮੋਹਰ ਲਗਾ ਦਿੱਤੀ ਹੈ। ਜਿਸਤੋਂ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਜਗ੍ਹਾਂ ਦਾ ਕਬਜ਼ਾ ਲੈਣ ਲਈ ਬਣਦੀ ਰਾਸ਼ੀ ਜਗ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਉਧਰ ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਾਂਗਰਸ ਪਾਰਟੀ ਨੂੰ ਕਮਲਾ ਨਹਿਰੂ ਸਕੀਮ ਵਿਚੋਂ 1579 ਵਰਗ ਗਜ਼ ਅਲਾਟ ਕੀਤੀ ਗਈ ਹੈ ਅਤੇ ਇਹ ਜਗ੍ਹਾਂ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਦੇ ਦਫ਼ਤਰ ਨਾਲ ਲੱਗਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਟਰੱਸਟ ਵਲੋਂ ਕਾਂਗਰਸ ਪਾਰਟੀ ਨੂੰ ਇਹ ਜਗ੍ਹਾਂ 3478 ਰੁਪਏ ਦੇ ਹਿਸਾਬ ਨਾਲ ਦਿੱਤੀ ਹੈ, ਜਿਸਦੀ ਕੁੱਲ ਕੀਮਤ 54 ਲੱਖ 91 ਹਜ਼ਾਰ 762 ਰੁਪਏ ਬਣਦੀ ਹੈ। ਨਿਯਮਾਂ ਮੁਤਾਬਕ ਕਾਂਗਰਸ ਪਾਰਟੀ ਇਹ ਰਾਸ਼ੀ ਇਕ ਮਹੀਨੇ ਦੇ ਅੰਦਰ-ਅੰਦਰ ਯਸਮੁਕਤ ਵੀ ਭਰ ਸਕਦੀ ਹੈ ਤੇ ਟਰੱਸਟ ਤੋਂ ਕਿਸ਼ਤਾਂ ਵੀ ਬਣਵਾ ਸਕਦੀ ਹੈ। ਦਸਣਾ ਬਣਦਾ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਪਹਿਲੇ ਕਾਰਜ਼ਕਾਲ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਅਲਾਟਮੈਂਟ ਆਫ਼ ਲੈਂਡ ਐਂਡ ਪ੍ਰਾਪਟੀ ਐਕਟ 1985 ਵਿਚ ਸੋਧ ਕਰਦਿਆਂ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਦਫ਼ਤਰਾਂ ਲਈ ਕੰਟਰੋਲ ਰੇਟ ’ਤੇ ਜਗ੍ਹਾਂ ਦੇਣ ਦੀ ਸਹੂਲਤ ਦਿੱਤੀ ਸੀ। ਜਿਸਤੋਂ ਬਾਅਦ ਬਠਿੰਡਾ ’ਚ ਪਹਿਲੀ ਵਾਰ ਸਾਲ 2010 ਵਿਚ ਭਾਜਪਾ ਨੂੰ ਸਥਾਨਕ ਮਿੱਤਲ ਮਾਲ ਦੇ ਨਜਦੀਕ ਕੀਮਤੀ ਇਲਾਕੇ ਵਿਚ 698 ਗਜ਼ ਜਗ੍ਹਾਂ ਅਲਾਟ ਕੀਤੀ ਗਈ ਸੀ। ਇਸੇ ਤਰ੍ਹਾਂ ਸਾਲ 2012 ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਟ੍ਰਾਂਸਪੋਰਟ ਨਗਰ ਵਿਚ 4000 ਗਜ ਜਗ੍ਹਾਂ ਦਿੱਤੀ ਗਈ ਸੀ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਦੋਨੋਂ ਪਾਰਟੀਆਂ ਕਰੀਬ ਇੱਕ ਦਹਾਕਾ ਬੀਤਣ ਦੇ ਬਾਵਜੂਦ ਅਲਾਟ ਕੀਤੀਆਂ ਇੰਨ੍ਹਾਂ ਥਾਵਾਂ ਉਪਰ ਇੱਕ ਇੱਟ ਵੀ ਨਹੀਂ ਲਗਾ ਸਕੀਆਂ ਹਨ।
ਬਾਕਸ
ਪੁਰਾਣਾ ਦਫ਼ਤਰ ਤੰਗ ਹੋਣ ਕਾਰਨ ਲਿਆ ਫੈਸਲਾ: ਅਰੁਣ ਵਧਾਵਨ
ਬਠਿੰਡਾ: ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਵਧਾਵਨ ਨੇ ਦਸਿਆ ਕਿ ‘‘ ਇਹ ਫੈਸਲਾ ਪੁਰਾਣਾ ਦਫ਼ਤਰ ਕਾਫ਼ੀ ਤੰਗ ਹੋਣ ਅਤੇ ਪਾਰਕਿੰਗ ਦੀ ਕੋਈ ਸਹੂਲਤ ਨਾ ਹੋਣ ਕਰਕੇ ਲਿਆ ਗਿਆ ਹੈ। ’’ ਸ਼੍ਰੀ ਵਧਾਵਨ ਨੇ ਦਸਿਆ ਕਿ ਟਰੱਸਟ ਦਾ ਬਣਦਾ ਪੈਸਾ ਸਰਕਾਰ ਕੋਲੋ ਨਹੀਂ ਲਿਆ ਜਾਵੇਗਾ, ਬਲਕਿ ਪਾਰਟੀ ਫੰਡ ਤੇ ਵਰਕਰਾਂ ਤੋਂ ਇਕੱਠਾ ਕਰਕੇ ਅਦਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਨਵਾਂ ਦਫ਼ਤਰ ਬਣਾਉਣ ਲਈ ਪਾਰਟੀ ਦਾ ਪੁਰਾਣਾ ਦਫ਼ਤਰ ਵੇਚਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਪੁਰਾਣਾ ਦਫਤਰ ਤਿੰਨ ਮੰਜਿਲਾਂ ਹੈ ਤੇ ਇਸਦੇ ਅੱਗੇ ਪੌਣੀ ਦਰਜ਼ਨ ਦੁਕਾਨਾਂ ਵੀ ਬਣੀਆਂ ਹੋਈਆਂ ਹਨ।