ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਮੰਗ ਰਹੇ ਹਨ ਮੁਆਵਜ਼ਾ
ਸੁਖਜਿੰਦਰ ਮਾਨ
ਬਠਿੰਡਾ, 25 ਅਕਤੂਬਰ : ਪਿਛਲੇ ਕਰੀਬ ਇੱਕ ਮਹੀਨੇ ਤੋਂ ਗੁਲਾਬੀ ਸੁੰਡੀ ਨਾਲ ਤਬਾਹ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਸੰਘਰਸ਼ ਕਰ ਰਹੇ ਹਜ਼ਾਰਾਂ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ‘ਤੇ ਸਥਾਨਕ ਡੀਸੀ ਕੰਪਲੈਕਸ ਦਾ ਅਣਮਿਥੇ ਸਮੇਂ ਲਈ ਘਿਰਾਓ ਸ਼ੁਰੂ ਕਰ ਦਿੱਤਾ। ਅਪਣੇ ਤੈਅਸੁਦਾ ਪ੍ਰੋਗਰਾਮ ਤਹਿਤ ਮਾਲਵਾ ਪੱਟੀ ਦੇ ਕਰੀਬ ਪੌਣੀ ਦਰਜ਼ਨ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਕਿਸਾਨਾਂ ਨੂੰ ਰੋਕਣ ਲਈ ਬੇਸ਼ੱਕ ਪੁਲਿਸ ਵਲੋਂ ਵੱਡੀ ਪੱਧਰ ’ਤੇ ਬੈਰੀਗੇਡਿੰਗ ਅਤੇ ਮੁਲਾਜਮ ਤੈਨਾਤ ਕੀਤੇ ਹੋਏ ਸਨ ਪੰ੍ਰਤੂ ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਿੱਛੇ ਹਟਣਾ ਹੀ ਮੁਨਾਸਬ ਸਮਝਿਆ। ਜਿਸਤੋਂ ਬਾਅਦ ਕਿਸਾਨਾਂ ਨੇ ਸਕੱਤਰੇਤ ਦੇ ਚਾਰੇ ਗੇਟਾਂ ਨੂੰ ਘੇਰ ਲਿਆ ਤੇ ਅਪਣਾ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਿੰਨੀ ਸਕੱਤਰੇਤ ਦੇ ਅੰਦਰ ਮੌਜੂਦ ਕਰਮਚਾਰੀ ਪੂਰੀ ਤਰ੍ਹਾਂ ਅੰਦਰ ਬੰਦ ਹੋ ਗਏ ਤੇ ਕਈ ਕੰਧਾਂ ਟੱਪ ਕੇ ਬਾਹਰ ਜਾਂਦੇ ਦੇਖੇ ਗਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ,ਜਨਕ ਸਿੰਘ ਭੁਟਾਲ, ਸੰਿਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਬੌਡੇ,ਰਾਜ ਕੌਰ ਕੋਟਦੁੱਨਾ, ਸੁਖਜੀਤ ਕੌਰ ਬੁੱਕਣਵਾਲਾ, ਗੁਰਮੀਤ ਕੌਰ ਭੋਤਨਾ, ਮਾਲਣ ਕੌਰ ਕੋਠਾਗੁਰੂ,ਸਰੋਜ ਰਾਣੀ ਦਿਆਲਪੁਰਾ, ਸੁਖਜੀਤ ਕੌਰ ਚੱਕ ਫਤਹਿ ਸਿੰਘ ਵਾਲਾ, ਸੁਰਿੰਦਰ ਕੌਰ ਘੱਗਾ, ਗੁਰਮੇਲ ਕੌਰ ਭੂਤਗੜ੍ਹ ਨੇ ਪੰਜਾਬ ਦੀ ਕਾਂਗਰਸ ਚੰਨੀ ਸਰਕਾਰ ‘ਤੇ ਦੋਸ ਲਾਇਆ ਕਿ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜਾ ਲੈਣ ਲਈ 15 ਦਿਨਾਂ ਤੱਕ ਖਜਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਨਜਰਅੰਦਾਜ ਕਰਕੇ ਮੁਜਰਮਾਨਾ ਚੁੱਪ ਧਾਰੀ ਰੱਖੀ। ਸੱਚੇ ਹੋਣ ਲਈ ਰੱਖੀ ਅਫਸਰਸਾਹੀ ਦੀ ਮੀਟਿੰਗ ਵਿੱਚ ਵੀ ਕਿਸਾਨ ਆਗੂਆਂ ਦੇ ਪੱਲੇ ਮਖੌਲਾਂ ਤੋਂ ਸਿਵਾ ਕੁੱਝ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੰਤ ਕਿਸਾਨਾਂ ਨੂੰ ਮਜਬੂਰ ਹੋ ਕੇ ਸਰਕਾਰ ਦੀ ਇਸ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਸਕੱਤਰੇਤ ਦਾ ਕੰਮਕਾਜ ਠੱਪ ਕਰਨਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਕਿਸਾਨ ਸੰਘਰਸ ਦੀ ਮੰਗ ਹੈ ਕਿ ਨਰਮੇ ਅਤੇ ਝੋਨੇ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਅਤੇ ਨਰਮੇ ਵਾਲੇ ਪਿੰਡਾਂ ਦੇ ਖੇਤ ਮਜਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦਿੱਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੁਲਕ ਪੱਧਰੇ ਕਿਸਾਨ ਘੋਲ ਨੂੰ ਅੱਗੇ ਵਧਾਉਂਦਿਆਂ ਕੱਲ੍ਹ 26 ਅਕਤੂਬਰ ਨੂੰ ਪੰਜਾਬ ਦੇ ਸਾਰੇ ਪੱਕੇ ਮੋਰਚਿਆਂ ਤੋਂ ਇਲਾਵਾ ਡੀ ਸੀ/ਐਸ ਡੀ ਐਮ ਦਫਤਰਾਂ ਅੱਗੇ ਧਰਨੇ ਲਾਏ ਜਾਣਗੇ। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜਦੂਰਾਂ ਨੂੰ ਸੱਦਾ ਦਿੱਤਾ ਕਿ ਇਸ ਘਿਰਾਓ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਲਾਮਬੰਦ ਕਰਕੇ ਸਾਮਲ ਕੀਤਾ ਜਾਵੇ।
ਜਿਆਦਾਤਰ ਅਧਿਕਾਰੀ ਰਹੇ ਗੈਰਹਾਜ਼ਰ
ਬਠਿੰਡਾ: ਉਧਰ ਕਿਸਾਨਾਂ ਦੇ ਇਸ ਤੈਅਸ਼ੁਦਾ ਪ੍ਰੋਗਰਾਮ ਨੂੰ ਧਿਆਨ ਵਿਚ ਰੱਖਦਿਆਂ ਅਜ ਮਿੰਨੀ ਸਕੱਤਰੇਤ ਵਿਚ ਕਾਂ ਬੋਲਦੇ ਰਹੇ। 90 ਫ਼ੀਸਦੀ ਤੋਂ ਵੱਧ ਉਚ ਅਧਿਕਾਰੀ ਅਪਣੇ ਦਫ਼ਤਰਾਂ ਵਿਚ ਗੈਰ ਹਾਜ਼ਰ ਦੇਖੇ ਗਏ ਜਦੋਂਕਿ ਹੇਠਲੇ ਪੱਧਰ ਦੇ ਕਰਮਚਾਰੀ 70 ਫ਼ੀਸਦੀ ਤਕ ਹਾਜ਼ਰ ਰਹੇ ਹਾਲਾਂਕਿ ਉਨ੍ਹਾਂ ਵਲੋਂ ਵੀ ਕੰਮਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ।