ਪਤੀ-ਪਤਨੀ ਸਹਿਤ ਤਿੰਨ ਕਾਬੂ, ਮੌਕੇ ਤੋਂ 30 ਲੱਖ ਰੁਪਏ ਦੀ ਨਗਦ ਰਾਸ਼ੀ
ਬੱਚਿਆਂ ਨੂੰ ਜਾਅਲੀ ਤਰੀਕੇ ਨਾਲ ਗੋਦ ਦੇਣ ਦਾ ਵੀ ਕਰਦੇ ਸਨ ਕੰਮ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਸਿਹਤ ਵਿਭਾਗ ਲੁਧਿਆਣਾ ਅਤੇ ਬਠਿੰਡਾ ਦੀਆਂ ਟੀਮਾਂ ਵਲੋਂ ਪੁਲਿਸ ਨਾਲ ਮਿਲਕੇ ਕੀਤੀ ਗਈ ਅੱਜ ਇੱਕ ਵੱਡੀ ਕਾਰਵਾਈ ’ਚ ਸਥਾਨਕ ਭੁੱਚੋਂ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਕਲੌਨੀ ’ਚ ਗੈਰ-ਕਾਨੂੰਨੀ ਤੌਰ ’ਤੇ ਬੱਚੇ ਦੇ ਜਨਮ ਤੋਂ ਪਹਿਲਾਂ ਉਸਦਾ ‘ਲਿੰਗ’ ਦੱਸਣ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਮੌਕੇ ’ਤੇ ਕੀਤੀ ਗਈ ਕਾਰਵਾਈ ਵਿਚ ਇਸ ਗਿਰੋਹ ਦੇ ਮੁੱਖ ਸਰਗਨਾ ਪਤੀ-ਪਤਨੀ ਸਹਿਤ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸਤੋਂ ਇਲਾਵਾ ਘਰ ਵਿਚੋਂ 30 ਲੱਖ ਦੀ ਨਗਦੀ ਵੀ ਬਰਾਮਦ ਹੋਈ ਹੈ। ਪਤਾ ਲੱਗਿਆ ਹੈ ਕਿ ਕਥਿਤ ਮੁੱਖ ਮੁਜਰਮ ਖੁਦ ਨੂੰ ਆਰਐਮਪੀ ਡਾਕਟਰ ਦੱਸਦਾ ਸੀ ਜਦੋਂਕਿ ਉਸਦੀ ਘਰ ਵਾਲੀ ਦਾਈ ਦਾ ਕੰਮ ਕਰਦੀ ਹੈ। ਮਿਲੀ ਸੂਚਨਾ ਮੁਤਾਬਕ ਸਿਹਤ ਵਿਭਾਗ ਲੁਧਿਆਣਾ ਦੀ ਟੀਮ ਨੂੰ ਇੱਕ ਮੁਖਬਰ ਰਾਹੀਂ ਗੁਪਤ ਸੂਚਨਾ ਮਿਲੀ ਸੀ ਕਿ ਭੁੱਚੋਂ ਰੋਡ ’ਤੇ ਸਥਿਤ ਰਾਇਲ ਅਨਕਲੇਵ ਕਲੌਨੀ ਵਿਚ ਸਥਿਤ ਇੱਕ ਕੋਠੀ ’ਚ ਗੈਰ ਕਾਨੂੰਨੀ ਤੌਰ ’ਤੇ ਭਰੁੂਣ ਹੱਤਿਆ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਜਨਮ ਤੋਂ ਪਹਿਲਾਂ ਬੱਚੇ ਦਾ ਮੋਟੀ ਰਾਸ਼ੀ ਲੈ ਕੇ ਲਿੰਗ ਦਸਿਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਲੁਧਿਆਣਾ ਦੀ ਟੀਮ ਵਲੋਂ ਸਿਹਤ ਵਿਭਾਗ ਬਠਿੰਡਾ ਅਤੇ ਪੁਲਿਸ ਦੀ ਟੀਮ ਨੂੰ ਵੀ ਨਾਲ ਲਿਆ ਗਿਆ। ਜਿਸਤੋਂ ਬਾਅਦ ਗੁਰਮੇਲ ਸਿੰਘ ਜੋ ਕਿ ਆਪਣੇ ਆਪ ਨੂੰ ਆਰ ਐਮ ਪੀ ਡਾਕਟਰ ਦੱਸਦਾ ਸੀ ਅਤੇ ਉਸਦੀ ਪਤਨੀ ਬਿੰਦਰ ਕੌਰ (ਦੂਜਾ ਨਾਮ ਕੁਲਵਿੰਦਰ ਕੌਰ) ਨਾਲ ਮੁਖਬਰ ਰਾਂਹੀ ਲਿੰਗ ਨਿਰਧਾਰਨ ਟੈਸਟ ਬਾਬਤ ਸੰਪਰਕ ਕੀਤਾ ਗਿਆ ਅਤੇ ਬਾਅਦ ਵਿੱਚ ਮੌਕੇ ਤੇ ਛਾਪਾਮਾਰੀ ਕਰਕੇ ਘਰ ਦੇ ਅੰਡਰਗਰਾਊੰਡ ਕਮਰੇ ਵਿੱਚੋ ਮੌਕੇ ਤੋਂ ਇੰਨ੍ਹਾਂ ਨੂੰ ਲਿੰਗ ਨਿਰਧਾਰਣ ਕਰਦਿਆਂ ਕਾਬੂ ਕੀਤਾ ਗਿਆ। ਇਸ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋੰ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋੰ ਪੁਲਿਸ ਸੁਰੱਖਿਆ ਹੇਠ ਘਰ ਦੀ ਤਲਾਸ਼ੀ ਦੌਰਾਨ 30 ਲੱਖ ਦੇ ਕਰੀਬ ਨਕਦੀ, ਬੱਚਿਆਂ ਦੀ ਗੋਦਨਾਮੇ ਸਬੰਧੀ ਐਫੀਡੈਵਟ, ਲਿੰਗ ਨਿਰਧਾਰਨ ਕਰਨ ਵਾਲੇ ਔਜਾਰ ਅਤੇ ਗਰਭਪਾਤ( ਐਮ ਟੀ ਪੀ) ਕਰਨ ਵਾਲੇ ਔਜਾਰ ਬਰਾਮਦ ਹੋਏ, ਜਿਸਦੇ ਆਧਾਰ ਤੇ ਗੁਰਮੇਲ ਸਿੰਘ, ਉਸਦੀ ਪਤਨੀ ਬਿੰਦਰ ਕੌਰ ਅਤੇ ਇੱਕ ਟਾਊਟ ਰਾਜਿੰਦਰ ਸਿੰਘ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ਼ ਸਿਹਤ ਵਿਭਾਗ ਵੱਲੋ ਪੀ ਐਨ ਡੀ ਟੀ ਐਕਟ ਦੀਆਂ 3ਏ, 6, 5(1)ਏ, 23,29,ਐਮ ਟੀ ਪੀ ਐਕਟ ਦੀਆਂ 4,5,6 ਤਹਿਤ ਅਤੇ ਧਾਰਾ 370ਏ, 420 ਆਈ ਪੀ ਸੀ ਤਹਿਤ ਥਾਣਾ ਕੈਂਟ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
Share the post "ਬਠਿੰਡਾ ’ਚ ਜਨਮ ਤੋਂ ਪਹਿਲਾਂ ਬੱਚੇ ਦਾ ‘ਲਿੰਗ’ ਦੱਸਣ ਵਾਲੇ ਗਿਰੋਹ ਦਾ ਪਰਦਾਫ਼ਾਸ"