ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦਾ ਹੈ ਮਾਮਲਾ
ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਪਿਛਲੇ ਕਈ ਦਹਾਕਿਆਂ ਤੋਂ ਵੱਖ ਵੱਖ ਜ਼ਿਲਿਆਂ ਵਿਚ ਸੀਆਈਏ ਸਟਾਫ਼ ਵਿਚ ਬਤੌਰ ਇੰਚਾਰਜ਼ ਤੈਨਾਤ ਚੱਲੇ ਆ ਰਹੇ ਬਠਿੰਡਾ ਦੇ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਸਾਥੀਆਂ ਸਹਿਤ ਐੱਸਟੀਐੱਫ ਮੋਹਾਲੀ ਦੀ ਟੀਮ ਵਲੋਂ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿਚ ਭਿ੍ਰਸਟਾਚਾਰ ਤੇ ਨਜਾਇਜ਼ ਨਸ਼ਾ ਕਾਰੋਬਾਰ ਦਾ ਕੇਸ ਦਰਜ਼ ਕੀਤਾ ਗਿਆ ਹੈ। ਇਸਦੀ ਪੁਸ਼ਟੀ ਐਸ.ਟੀ.ਐਫ਼ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਉਕਤ ਇੰਸਪੈਕਟਰ ਦੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਵੀ ਇਸ ਕੇਸ ਵਿਚ ਸ਼ਾਮਲ ਕੀਤਾ ਗਿਆ ਹੈ। ਕੇਸ ਦਰਜ਼ ਹੋਣ ਤੋਂ ਬਾਅਦ ਉਕਤ ਇੰਸਪੈਕਟਰ ਤੇ ਉਸਦੇ ਸਾਥੀ ਰੂਪੋਸ਼ ਹੋ ਗਏ ਹਨ। ਉਧਰ ਇਸ ਘਟਨਾ ਤੋਂ ਬਾਅਦ ਬਠਿੰਡਾ ਦੇ ਐਸ.ਐਸ.ਪੀ ਅਜੈ ਮਲੂਜਾ ਨੇ ਇੰਸਪੈਕਟਰ ਰਜਿੰਦਰ ਕੁਮਾਰ ਦੀ ਅਗਵਾਈ ਵਾਲੇ ਸਪੈਸ਼ਲ ਸੈੱਲ ਨੂੰ ਹੀ ਖ਼ਤਮ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਹੁਣ ਇਸ ਸੈਲ ਵਿਚ ਤੈਨਾਤ ਕੁੱਲ 20 ਮੁਲਾਜਮਾਂ ਦੀਆਂ ਸੇਵਾਵਾਂ ਡੀਐਸਪੀ ਸਿਟੀ 1 ਨੂੰ ਸੋਂਪ ਦਿੱਤੀਆਂ ਹਨ। ਦਸਣਾ ਬਣਦਾ ਹੈ ਕਿ ਲੰਘੀ 5 ਅਕਤੂੁਬਰ ਨੂੰ ਸਪੈਸ਼ਲ ਸਟਾਫ ਦੇ ਇੰਚਾਰਜ ਵਜੋਂ ਇੰਸਪੈਕਟਰ ਰਜਿੰਦਰ ਸਿੰਘ ਤੇ ਉਸਦੇ ਸਾਥੀਆਂ ਨੇ ਬਠਿੰਡਾ ਸ਼ਹਿਰ ਦੇ ਵਿਚੋਂ ਦੋ ਵਿਅਕਤੀਆਂ ਜੋਰਾ ਸਿੰਘ ਤੇ ਪ੍ਰਦੀਪ ਸਿੰਘ ਨੂੰ ਹਿਰਾਸਤ ’ਚ ਲਿਆ ਸੀ। ਬਰਾਮਦਗੀ ਦੌਰਾਨ ਉਨ੍ਹਾਂ ਕੋਲੋ 85 ਗ੍ਰਾਂਮ ਚਿੱਟਾ ਬਰਾਮਦ ਹੋਇਆ ਪ੍ਰੰਤੂ ਉਕਤ ਕਥਿਤ ਤਸਕਰਾਂ ਵਿਰੁਧ ਪਰਚਾ ਦਰਜ਼ ਕਰਨ ਦੀ ਬਜਾਏ ਚਰਚਾ ਮੁਤਾਬਕ ਉਕਤ ਪੁਲਿਸ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਪੌਣੇ ਦੋ ਲੱਖ ਰੁਪਏ ਅਤੇ ਸਪੈਸ਼ਲ ਸਟਾਫ਼ ’ਚ ਏਸੀ ਲਗਾਉਣ ਬਦਲੇ ਉਨ੍ਹਾਂ ਨੂੰ ਛੱਡ ਦਿੱਤਾ ਤੇ ਨਾਲ ਹੀ ਚਿੱਟਾ ਵੀ ਅਪਣੇ ਕੋਲ ਰੱਖ ਲਿਆ। ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੁੱਝ ਦਿਨ ਪਹਿਲਾਂ ਉਕਤ ਦੋਨੋਂ ਕਥਿਤ ਤਸਕਰ ਮੁਹਾਲੀ ਐਸ.ਟੀ.ਐਫ਼ ਟੀਮ ਦੇ ਅੜਿੱਕੇ ਚੜ ਗਏ। ਇਸ ਦੌਰਾਨ ਕੀਤੀ ਪੁਛਗਿਛ ਦੌਰਾਨ ਇੰਨ੍ਹਾਂ ਬਠਿੰਡਾ ਪੁਲਿਸ ਦੇ ਕਾਰਨਾਮੇ ਦਾ ਖ਼ੁਲਾਸਾ ਕਰ ਦਿੱਤਾ ਤੇ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਐਸ.ਟੀ.ਐਫ਼ ਟੀਮ ਨੇ ਇੰਨ੍ਹਾਂ ਪੁਲਿਸ ਮੁਲਾਜਮਾਂ ਦੀ ਪੈੜ੍ਹ ਨੱਪਣੀ ਸ਼ੁਰੂ ਕਰ ਦਿੱਤੀ। ਉਧਰ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਐਸਐਸਪੀ ਅਜੇ ਮਲੂਜਾ ਨੇ ਦਸਿਆ ਕਿ ਉਨ੍ਹਾਂ ਕੋਲ ਸਿਰਫ਼ ਉਕਤ ਅਧਿਕਾਰੀ ਤੇ ਉਸਦੇ ਸਾਥੀਆਂ ਨੂੰ ਕੇਸ ਵਿਚ ਨਾਮਜਦ ਕਰਨ ਦੀ ਸੂਚਨਾ ਆਈ ਹੈ। ਜਿਸਤੋਂ ਬਾਅਦ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਸਪੈਸ਼ਲ ਸਟਾਫ਼ ਦੇ ਇੰਚਾਰਜ਼ ਵਜੋਂ ਹਟਾ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਦਸਣਾ ਬਣਦਾ ਹੈ ਕਿ ਉਕਤ ਅਧਿਕਾਰੀ ਦਾ ਕਰੀਬ ਡੇਢ ਸਾਲ ਹੀ ਸੇਵਾਮੁਕਤੀ ਵਿਚ ਰਹਿ ਗਿਆ ਹੈ।
Share the post "ਬਠਿੰਡਾ ’ਚ ਤੈਨਾਤ ਇੰਸਪੈਕਟਰ ਵਿਰੁਧ ਸਾਥੀਆਂ ਸਹਿਤ ਭਿ੍ਰਸਟਾਚਾਰ ਦਾ ਪਰਚਾ ਦਰਜ਼"