ਜਲਦ ਹੀ ਚੈਕ ਕੱਟਣਗੇ ਪਟਵਾਰੀ, ਤਲਵੰਡੀ ਸਾਬੋ ਹਲਕੇ ’ਚ ਹੋਇਆ ਵਧ ਨੁਕਸਾਨ
1,89 ਹਜ਼ਾਰ ਏਕੜ ਹੋਇਆ ਨਰਮਾ ਖ਼ਰਾਬ
ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਪਿਛਲੇ ਸਮੇਂ ਦੌਰਾਨ ਨਰਮਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਨੇ ਬਠਿੰਡਾ ਦੇ ਕਿਸਾਨਾਂ ਲਈ 226 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਰਾਸ਼ੀ ਵਿਚੋਂ ਕਰੀਬ 102 ਕਰੋੜ ਕੇਂਦਰ ਅਤੇ 124 ਕਰੋੜ ਦੇ ਕਰੀਬ ਪੰਜਾਬ ਸਰਕਾਰ ਨੇ ਹਿੱਸਾ ਪਾਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਜਲਦੀ ਹੀ ਇਹ ਰਾਸ਼ੀ ਕਿਸਾਨਾਂ ਨੂੰ ਚੈਕਾਂ ਦੇ ਰਾਹੀਂ ਪੁੱਜਦੀ ਕਰ ਦਿੱਤੀ ਜਾਵੇਗੀ। ਅੰਕੜਿਆਂ ਮੁਤਾਬਕ ਨਰਮੇ ਦੀ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਤਲਵੰਡੀ ਸਾਬੋ ਸਬ ਡਿਵੀਜ਼ਨ ਵਿਚ ਹੋਇਆ ਹੈ। ਜਦੋਂਕਿ ਇਸਤੋਂ ਬਾਅਦ ਬਠਿੰਡਾ ਸਬ ਡਿਵੀਜ਼ਨ ਦੇ ਕਿਸਾਨ ਗੁਲਾਬੀ ਸੁੰਡੀ ਦੀ ਚਪੇਟ ਵਿਚ ਆਏ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਿਰਫ਼ ਹਜ਼ਾਰ ਕੁ ਏਕੜ ਨੂੰ ਛੱਡ ਜਿਆਦਾਤਰ ਰਕਬੇ ਵਿਚ 76 ਤੋਂ 100 ਫ਼ੀਸਦੀ ਤੱਕ ਫ਼ਸਲ ਦਾ ਨੁਕਸਾਨ ਹੋਇਆ ਹੈ। ਜਿਸਦੇ ਚੱਲਦੇ ਇੰਨ੍ਹਾਂ ਕਿਸਾਨਾਂ ਨੂੰ ਪ੍ਰਤੀ ਏਕੜ 12 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਇਸ ਰਾਸ਼ੀ ਵਿਚੋਂ 5400 ਰੁਪਏ ਕੇਂਦਰ ਅਤੇ 6600 ਰੁਪਏ ਪੰਜਾਬ ਸਰਕਾਰ ਦਾ ਹਿੱਸਾ ਹੈ। ਗੌਰਤਲਬ ਹੈ ਕਿ 32 ਫ਼ੀਸਦੀ ਤੋਂ ਘੱਟ ਖ਼ਰਾਬੇ ਵਾਲੇ ਰਕਬੇ ਲਈ ਪ੍ਰਤੀ ਏਕੜ 2000 ਅਤੇ 75 ਫ਼ੀਸਦੀ ਤੋਂ ਘੱਟ ਖ਼ਰਾਬੇ ਵਾਲੀ ਫ਼ਸਲ ਦੇ ਨੁਕਸਾਨ ਵਜੋਂ 5400 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਜਾਣੇ ਹਨ। ਦੂਜੇ ਪਾਸੇ ਕਿਸਾਨ ਪ੍ਰਤੀ ਏਕੜ 60 ਹਜ਼ਾਰ ਰੁਪਏ ਦਾ ਮੁਆਵਜ਼ਾ ਮੰਗ ਰਹੇ ਹਨ। ਇਸ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਮਾਲਵਾ ਪੱਟੀ ਦੇ ਕਿਸਾਨਾਂ ਵਲੋਂ ਵੱਡਾ ਸੰਘਰਸ਼ ਵੀ ਲੜਿਆ ਗਿਆ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਰਕਾਰ ਕਿਸਾਨਾਂ ਨੂੰ ਹੋਰ ਰਾਹਤ ਵੀ ਦੇ ਸਕਦੀ ਹੈ। ਦਸਣਾ ਬਣਦਾ ਹੈ ਕਿ ਨਰਮੇ ਦੀ ਫ਼ਸਲ ਦੇ ਹੋਏ ਖ਼ਰਾਬੇ ਦੇ ਮਾਮਲੇ ਵਿਚ ਜਿੱਥੇ ਵਿਰੋਧੀ ਧਿਰਾਂ ਨੇ ਵੱਡੇ ਸਵਾਲ ਚੁੱਕੇ ਸਨ, ਉਥੇ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ 26 ਸਤੰਬਰ ਨੂੰ ਬਠਿੰਡਾ ਦੇ ਖੇਤਾਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਜਿਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਸੀ। ਸੂਚਨਾ ਮੁਤਾਬਕ ਇਸਤੋਂ ਬਾਅਦ ਮਾਲ ਵਿਭਾਗ ਵਲੋਂ ਖੇਤੀਬਾੜੀ ਵਿਭਾਗ ਤੇ ਕਿਸਾਨਾਂ ਨੂੰ ਨਾਲ ਲੈ ਕੇ ਕੀਤੀ ਗਈ ਵਿਸੇਸ ਗਿਰਦਾਵਰੀ ਵਿਚ ਜ਼ਿਲ੍ਹੇ ਵਿਚ ਸਿਰਫ਼ 683 ਏਕੜ ਰਕਬਾ ਹੀ ਅਜਿਹਾ ਮਿਲਿਆ ਹੈ, ਜਿੱਥੇ 32 ਫ਼ੀਸਦੀ ਤੋਂ ਘੱਟ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ 33 ਤੋਂ 75 ਫ਼ੀਸਦੀ ਖ਼ਰਾਬੇ ਵਿਚ ਸਾਢੇ 85 ਏਕੜ ਹੀ ਫ਼ਸਲ ਆਈ ਹੈ। ਜਦੋਂਕਿ ਜ਼ਿਲ੍ਹੇ ਵਿਚ ਨਰਮੇ ਦੀ ਕੁੱਲ ਬੀਜਾਂਦ ਦਾ 95 ਫ਼ੀਸਦੀ ਤੋਂ ਵੱਧ ਰਕਬਾ ਪੂਰੇ ਦਾ ਪੂਰਾ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਗਿਆ। ਵਿਸੇਸ ਗਿਰਦਾਵਰੀ ਦੀ ਰੀਪੋਰਟ ਮੁਤਾਬਕ ਤਲਵੰਡੀ ਸਾਬੋ ਹਲਕੇ ਵਿਚ82,868 ਏਕੜ, ਬਠਿੰਡਾ ਵਿਚ80809, ਮੋੜ ਵਿਚ 24285 ਅਤੇ ਰਾਮਪੁਰਾ ਵਿਚ 1025 ਏਕੜ ਨਰਮੇ ਦੀ ਫ਼ਸਲ ਖ਼ਰਾਬ ਹੋਈ ਹੈ। ਖ਼ਰਾਬੇ ਮੁਤਾਬਕ ਤਲਵੰਡੀ ਸਾਬੋ ਬਲਾਕ ਦੇ ਕਿਸਾਨਾਂ ਲਈ 44 ਕਰੋੜ 75 ਲੱਖ, ਬਠਿੰਡਾ ਲਈ 43 ਕਰੋੜ 31 ਲੱਖ, ਮੋੜ ਲਈ 13 ਕਰੋੜ 11 ਲੱਖ ਦੇ ਕਰੀਬ ਰਾਸ਼ੀ ਐਸ.ਡੀ.ਐਮਜ਼ ਨੂੰ ਭੇਜੀ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਮੁਆਵਜ਼ਾ ਰਾਸੀ ਦੇ ਚੈਕ ਕੱਟ ਕੇ ਕਿਸਾਨਾਂ ਨੂੰ ਵੰਡੇ ਜਾਣਗੇ।
ਬਾਕਸ
ਚੰਨੀ ਸਰਕਾਰ ਕਰ ਰਹੀ ਹੈ ਕਿਸਾਨਾਂ ਨਾਲ ਮਜ਼ਾਕ: ਸਿੰਗਾਰਾ ਸਿੰਘ
ਬਠਿੰਡਾ: ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਜਨਰਲ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ ਦੇ ਜਖ਼ਮਾਂ ’ਤੇ ਲੂਣ ਛਿੜਕਣ ਵਾਲਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਦੌਰਾਨ ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਦੇ ਮਾਹਰਾਂ ਨੇ ਇਹ ਗੱਲ ਮੰਨੀ ਹੈ ਕਿ ਨਰਮੇ ਦੀ ਫ਼ਸਲ ਦੇ ਪਾਲਣ ਪੋਸ਼ਣ ’ਤੇ 25 ਹਜ਼ਾਰ ਰੁਪਏ ਖ਼ਰਚ ਆਇਆ ਹੈ। ਜਿਸਦੇ ਚੱਲਦੇ ਚੰਨੀ ਸਰਕਾਰ ਨੇ ਕਿਸਾਨਾਂ ਵਲੋਂ ਕੀਤੇ ਹੋਏ ਖ਼ਰਚ ਵਿਚੋਂ ਅੱਧੀ ਰਾਸ਼ੀ ਵੀ ਨਹੀਂ ਦਿੱਤੀ ਹੈ। ਕਿਸਾਨ ਆਗੂ ਮੁਤਾਬਕ ਮਾਲਵਾ ਪੱਟੀ ’ਚ ਨਰਮੇ ਦੀ ਖੇਤੀ ਕਰਨ ਵਾਲਾ ਜਿਆਦਾਤਰ ਕਿਸਾਨ ਤਬਕਾ ਠੇਕੇ ’ਤੇ ਜਮੀਨ ਲੈ ਕੇ ਫ਼ਸਲਾਂ ਬੀਜਦਾ ਹੈ, ਜਿਸਦੇ ਕਾਰਨ ਠੇਕਾ ਅਲੱਗ ਤੋਂ ਸਿਰ ਟੁੱਟ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦਾ ਸਬਰ ਨਾ ਪਰਖ਼ੇ ਬਲਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ।
ਬਠਿੰਡਾ ’ਚ ਨਰਮੇ ਦੇ ਖ਼ਰਾਬੇ ਵਜੋਂ ਸਰਕਾਰ ਨੇ ਜਾਰੀ ਕੀਤੇ 226 ਕਰੋੜ
9 Views