ਬਠਿੰਡਾ ’ਚ ਪਤੀ-ਪਤਨੀ ਦੀ ਰਹੱਸਮਈ ਹਾਲਾਤਾਂ ’ਚ ਮੌਤ, ਪੁੱਤਰ ਦੀ ਹਾਲਾਤ ਗੰਭੀਰ

0
8

ਸੁਖਜਿੰਦਰ ਮਾਨ
ਬਠਿੰਡਾ, 5 ਦਸੰਬਰ: ਬੀਤੀ ਰਾਤ ਜਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਇੱਕ ਪਤੀ-ਪਤਨੀ ਦੀ ਰਹੱਸਮਈ ਹਾਲਾਤਾਂ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿ੍ਰਤਕ ਜੋੜੀ ਦਾ ਨੌਜਵਾਨ ਪੁੱਤਰ ਗੰਭੀਰ ਹਾਲਾਤ ’ਚ ਹਸਪਤਾਲ ਵਿਖੇ ਇਲਾਜ਼ ਅਧੀਨ ਹੈ। ਪਿੰਡ ਵਾਲਿਆਂ ਮੁਤਾਬਕ ਮਿ੍ਰਤਕ ਜੋੜੇ ਤੇ ਉਸਦੇ ਪੁੱਤਰ ਨੇ ਸਰੋ ਦੇ ਸਾਗ ਨਾਲ ਰੋਟੀ ਖ਼ਾਧੀ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਇਹ ਹਾਲਾਤ ਹੋਈ ਹੈ। ਪੁਲਿਸ ਨੇ ਫ਼ਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਪ੍ਰੰਤੂ ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਹੀ ਕੁੱਝ ਸਾਹਮਣੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਅੱਜ ਇੱਥੇ ਹਸਪਤਾਲ ਵਿਚ ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦਸਿਆ ਕਿ ਬੀਤੀ ਸ਼ਾਮ ਮਿ੍ਰਤਕ ਸੁਰਜੀਤ ਸਿੰਘ(52) ਦੇ ਘਰ ਸਰੋ ਦਾ ਸਾਗ ਬਣਿਆ ਸੀ। ਸੁਰਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ( 51) ਦੀ ਸਾਗ ਨਾਲ ਰੋਟੀ ਖਾਣ ਤੋਂ ਬਾਅਦ ਹਾਲਾਤ ਵਿਗੜ ਗਈ, ਜਿਸਨੂੰ ਪਿੰਡ ਦੇ ਲੋਕਾਂ ਨੇ ਮੋੜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ( 22) ਦੀ ਵੀ ਸਿਹਤ ਵਿਗੜ ਗਈ ਤੇ ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਪਤਨੀ ਦੀ ਮੌਤ ਤੋਂ ਬਾਅਦ ਘਰ ਬੈਠੇ ਸੁਰਜੀਤ ਸਿੰਘ ਨੇ ਉਸੇ ਸਾਗ ਨਾਲ ਕੁੱਝ ਰੋਟੀ ਖਾਧੀ ਤੇ ਉਸਦੀ ਵੀ ਮੌਤ ਹੋ ਗਈ। ਜਿਸਦੇ ਚੱਲਦੇ ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ ਸਾਗ ਵਿਚ ਹੀ ਕੁੱਝ ਵਸਤੂ ਮਿਲੀ ਹੋ ਸਕਦੀ ਹੈ। ਹਾਲਾਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਸਰੋ ਦਾ ਸਾਗ ਜਹਿਰੀਲਾ ਨਹੀਂ ਹੁੰਦਾ, ਬਲਕਿ ਉਸਦੇ ਵਿਚ ਜਾ ਤਾਂ ਕੁੱਝ ਜਹਿਰੀਲੀ ਵਸਤੂ ਡਿੱਗ ਪਈ ਜਾਂ ਫ਼ਿਰ ਕੋਈ ਜਹਿਰੀਲੀ ਜੜੀ ਬੂਟੀ ਮਿਲ ਗਈ। ਜਿਸਦਾ ਖ਼ੁਲਾਸਾ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਹੋ ਸਕਦਾ ਹੈ।

LEAVE A REPLY

Please enter your comment!
Please enter your name here