ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ : ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੀ ਮੰਗ ’ਤੇ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ ਭੇਜੀਆਂ 18 ਕੰਪਨੀਆਂ ਵਿਚੋਂ ਬਠਿੰਡਾ ਜ਼ਿਲ੍ਹੇ ਵਿਚ ਵੀ ਬੀਐਸਐਫ਼ ਦੀਆਂ ਤਿੰਨ ਕੰਪਨੀਆਂ ਪੁੱਜ ਗਈਆਂ ਹਨ। ਇੰਨ੍ਹਾਂ ਕੰਪਨੀਆਂ ਦੇ ਜਵਾਨਾਂ ਵਲੋਂ ਅੱਜ ਪੰਜਾਬ ਪੁਲਿਸ ਨਾਲ ਮਿਲਕੇ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ, ਜਿਸਦੀ ਅਗਵਾਈ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਲਈ ਇੰਨ੍ਹਾਂ ਕੰਪਨੀਆਂ ਦੇ ਜਵਾਨ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਮਿਲਕੇ ਨਾਕਾਬੰਦੀ, ਫਲੈਗ ਮਾਰਚ ਤੇ ਸਰਚ ਮੁਹਿੰਮ ਚਲਾਉਣਗੇ ਤਾਂ ਕਿ ਗੈਰ ਸਮਾਜੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਆਦਿ ਥਾਵਾਂ ’ਤੇ ਜੀ-20 ਸੈਮੀਨਾਰ ਹੋ ਰਿਹਾ ਹੈ, ਜਿਸ ਵਿਚ ਵਿਦੇਸ਼ਾਂ ਮੁਲਕਾਂ ਤੋਂ ਵੱਡੀ ਗਿਣਤੀ ਵਿਚ ਮਹਿਮਾਨ ਅਤੇ ਉਚ ਅਧਿਕਾਰੀ ਪੁੱਜ ਰਹੇ ਹਨ। ਜਿਸਦੇ ਚੱਲਦੇ ਪੰਜਾਬ ਤੇ ਕੇਂਦਰ ਸਰਕਾਰ ਵਲੌਂ ਮਿਲਕੇ ਸੁਰੱਖਿਆ ਪ੍ਰਬੰਧਾਂ ਨੂੰ ਚਾਕ ਆਉਟ ਕੀਤਾ ਗਿਆ ਸੀ ਤੇ ਇਸ ਸਬੰਧ ਵਿਚ ਪੰਜਾਬ ਨੂੰ ਵਧੀਕ ਤੌਰ ’ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਇਹ 18 ਕੰਪਨੀਆਂ ਦਿੱਤੀਆਂ ਗਈਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕੇਂਦਰੀ ਸੁਰੱਖਿਆ ਬਲ ਸੈਮੀਨਾਰ ਤੋਂ ਬਾਅਦ ਵਾਪਸ ਚਲੇ ਜਾਣਗੇ। ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਨੂੰ ਕੇਂਦਰੀ ਸੁਰੱਖਿਆ ਬਲਾਂ ਦੀਆਂ ਤਿੰਨ ਕੰਪਨੀਆਂ ਮਿਲੀਆਂ ਹਨ, ਜਿੰਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਲਈ ਤੈਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਜਵਾਨਾਂ ਦੀ ਦੀ ਮੱਦਦ ਨਾਲ ਜ਼ਿਲ੍ਹਾ ਪੁਲਿਸ ਵਲੋਂ ਗੈਰ ਸਮਾਜੀ ਅਨਸਰਾਂ ‘ਤੇ ਨੱਥ ਪਾਉਣ ਲਈ ਜਿੱਥੇ ਵਿਸੇਸ ਸਰਚ ਮੁਹਿੰਮਾਂ ਚਲਾਈਆਂ ਜਾਣਗੀਆਂ, ੁਉਥੇ ਨਾਕਾਬੰਦੀ ਤੇ ਗਸ਼ਤ ਡਿਊਟੀਆਂ ਵੀ ਵਧਾਈਆਂ ਜਾਣਗੀਆਂ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਜ਼ਿਲ੍ਹੇ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
Share the post "ਬਠਿੰਡਾ ’ਚ ਪੁੱਜੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਤਿੰਨ ਕੰਪਨੀਆਂ, ਸ਼ਹਿਰ ’ਚ ਕੱਢਿਆ ਫਲੈਗ ਮਾਰਚ"