ਸੁਖਜਿੰਦਰ ਮਾਨ
ਬਠਿੰਡਾ, 19 ਮਈ : ਕੁੱਝ ਦਿਨ ਪਹਿਲਾਂ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ‘ਤੇ ਬੰਬ ਧਮਾਕੇ ਕਰਨ ਸਬੰਧੀ ਮਿਲੇ ਅੱਧੀ ਦਰਜ਼ਨ ਧਮਕੀ ਪੱਤਰ ਤੋਂ ਬਾਅਦ ਜ਼ਿਲ੍ਹਾ ਪੁਲਿਸ ਚੌਕੰਨੀ ਹੋ ਗਈ ਹੈ। ਅੰਮ੍ਰਿਤਸਰ ਵਿਖੇ ਪਿਛਲੇ ਦਿਨਾਂ ‘ਚ ਹੋਏ ਲੜੀਵਾਰ ਧਮਾਕਿਆਂ ਦੇ ਚੱਲਦੇ ਪੁਲਿਸ ਇਸ ਧਮਕੀ ਪੱਤਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਜਿਸਦੇ ਚੱਲਦੇ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਨਾਲ ਸਬੰਧਤ ਇੱਕ ਸਾਬਕਾ ਵਿਧਾਇਕ ਸਹਿਤ ਕਈ ਵਪਾਰੀਆਂ ਤੇ ਹੋਰਨਾਂ ਨੂੰ ਮਿਲੇ ਇੰਨ੍ਹਾਂ ਧਮਕੀ ਪੱਤਰਾਂ ਵਿਚ ਅਗਲੇ ਮਹੀਨੇ ਦੀ 7 ਤਰੀਕ ਨੂੰ ਕਰੀਬ ਇੱਕ ਦਰਜ਼ਨ ਥਾਵਾਂ ‘ਤੇ ਬੰਬ ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇੰਨ੍ਹਾਂ ਥਾਵਾਂ ’ਚ ਬਠਿੰਡਾ ਦਾ ਮਿੰਨੀ ਸਕੱਤਰੇਤ ਸਥਿਤ ਐਸ.ਐਸ.ਪੀ ਦਫ਼ਤਰ ਤੋਂ ਇਲਾਵਾ ਇੱਕ ਧਾਰਮਿਕ ਸਥਾਨ, ਰੇਲਵੇ ਸਟੇਸਨ, ਇੱਕ ਪ੍ਰਾਈਵੇਟ ਹਸਪਤਾਲ ਆਦਿ ਦੇ ਨਾਮ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਬਠਿੰਡਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਪੱਤਰ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ਬੇਸ਼ੱਕ ਕਿਸੇ ਸਰਾਰਤੀ ਅਨਸਰ ਵਲੋਂ ਕੀਤੀ ਸਰਾਰਤ ਲੱਗਦੀ ਹੈ ਪ੍ਰੰਤੂ ਫ਼ਿਰ ਵੀ ਪੁਲਿਸ ਇਸ ਪੱਤਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ’’ ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਜਿੰਨ੍ਹਾਂ ਥਾਵਾਂ ਦਾ ਪੱਤਰ ਵਿਚ ਜਿਕਰ ਕੀਤਾ ਗਿਆ ਹੈ, ਉਥੇ ਸੁਰੱਖਿਆ ਪ੍ਰਬੰਧਾਂ ਦਾ ਮੁੜ ਜਾਇਜ਼ਾ ਲਿਆ ਗਿਆ ਹੈ। ਦਸਣਾ ਬਣਦਾ ਹੈ ਕਿ ਇਸ ਪੱਤਰ ਵਿਚ ਪਿਛਲੇ ਦਿਨੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦਾ ਜਿਕਰ ਕਰਦਿਆਂ ਇਸਨੂੰ ਸਿਰਫ਼ ਟਰੈਲਰ ਕਰਾਰ ਦਿੱਤਾ ਹੈ ਤੇ ਅਸਲੀ ਫ਼ਿਲਮ ਬਠਿੰਡਾ ਵਿਚ ਧਮਾਕੇ ਕਰਕੇ ਦਿਖਾਉਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਸ ਪੱਤਰ ਨੂੰ ਜਾਰੀ ਕਰਨ ਵਾਲੇ ਕਿਸੇ ਵਿਅਕਤੀ ਜਾਂ ਸੰਸਥਾ ਦਾ ਨਾਮ ਨਹੀਂ ਲਿਖਿਆ ਗਿਆ ਹੈ ਪ੍ਰੰਤੂ ਦਾਅਵਾ ਕੀਤਾ ਗਿਆ ਹੈ ਕਿ ਜੇਕਰ ‘ਮੈਨੂੰ ਫ਼ੜ ਕੇ ਦਿਖਾਓ ਤਾਂ ਮੰਨਾ’। ਇਸਤੋਂ ਇਲਾਵਾ ਪੱਤਰ ਦੇ ਅਖ਼ੀਰ ਵਿਚ ਖਾਲਿਸਤਾਨ ਮਿਸ਼ਨ ਬਾਰੇ ਲਿਖਿਆ ਗਿਆ ਹੈ। ਪੱਤਰ ਮੁਤਾਬਕ ਸ਼ਹਿਰ ਵਿਚ 10 ਥਾਵਾਂ ’ਤੇ ਇਹ ਬੰਬ ਧਮਾਕੇ ਕੀਤੇ ਜਾਣਗੇ, ਜਿਸਦੇ ਲਈ ਸਾਰਾ ਸਮਾਨ ਪੁੱਜ ਚੁੱਕਾ ਹੈ ਤੇ ਇਹ ਧਮਾਕੇ ਡਰੋਨ ਜਾਂ ਰੀਮੋਰਟ ਨਾਲ ਕੀਤੇ ਜਾਣਗੇ। ਪੱਤਰ ਵਿਚ ਪੁਲਿਸ ਨੂੰ ਵੀ ਚੁਣੌਤੀ ਦਿੰਦੇ ਹੋਏ ਲਿਖਿਆ ਹੈ ਕਿ ਜੇਕਰ ਉਹ ਬੰਬ ਧਮਾਕੇ ਰੋਕ ਸਕਦੇ ਹਨ ਤਾਂ ਰੋਕ ਕੇ ਦਿਖਾਉਣ।
Share the post "ਬਠਿੰਡਾ ’ਚ ਬੰਬ ਧਮਾਕਿਆਂ ਦੀ ਧਮਕੀ ਤੋਂ ਪੁਲਿਸ ਹੋਈ ਚੌਕੰਨੀ, ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ"