ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਜੁਲਾਈ : ਸਥਾਨਕ ਮਾਲ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ’ਚ ਇੱਕ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪ੍ਰਵਾਰ ਵਲੋਂ ਡਾਕਟਰਾਂ ਉਪਰ ਲਾਪਰਵਾਹੀ ਵਰਤਣ ਦਾ ਦੋਸ਼ ਲਗਾਉਂਦਿਆਂ ਧਰਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਰੋਹ ਵਿਚ ਆਏ ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰਾਂ ਵਲੌਂ ਹਸਪਤਾਲ ਦੇ ਪ੍ਰਬੰਧਕਾਂ ਵਿਰੁਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਅਤੇ ਥਾਣਾ ਕੋਤਵਾਲੀ ਦੇ ਐਸ.ਐਚ.ਓ ਇੰਸਪੈਕਟਰ ਪਰਵਿੰਦਰ ਸਿੰਘ ਮੌਕੇ ’ਤੇ ਪੁੱਜੇ, ਜਿੰਨ੍ਹਾਂ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਪੀੜਤ ਪ੍ਰਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਉਂਦਿਆਂ ਧਰਨੇ ਨੂੰ ਖ਼ਤਮ ਕਰਵਾਇਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਨਜਦੀਕੀ ਦੇਵਰਾਜ ਨੇ ਦੋਸ਼ ਲਗਾਇਆ ਕਿ ਲੰਘੀ 12 ਜੁਲਾਈ ਨੂੰ ਇੱਕ ਕਾਰ ਦੀ ਟੱਕਰ ਨਾਲ ਜਖ਼ਮੀ ਹੋਏ ਉਨ੍ਹਾਂ ਦੇ ਰਿਸ਼ਤੇਦਾਰ ਸਤੀਸ਼ ਕੁਮਾਰ ਨੂੰ ਇਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਮਰੀਜ਼ ਦੇ ਸਿਰ ਉਪਰ ਗੰਭੀਰ ਸੱਟ ਲੱਗਣ ਦਾ ਦਾਅਵਾ ਕਰਦਿਆਂ ਉਸਦਾ ਤੁਰੰਤ ਅਪ੍ਰਰੇਸ਼ਨ ਕਰਨ ਲਈ ਕਿਹਾ ਸੀ ਤੇ ਉਹ ਵੀ ਕਰਵਾਇਆ ਗਿਆ। ਪ੍ਰੰਤੂ ਬੀਤੀ ਸ਼ਾਮ ਸਤੀਸ਼ ਦੀ ਮੌਤ ਹੋ ਗਈ। ਪ੍ਰਵਾਰਕ ਮੈਂਬਰਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਉਪਰ ਅਣਗਹਿਲੀ ਦਾ ਦੋਸ਼ ਲਗਾਉਂਦਿਆਂ ਪੂਰੇ ਮਾਮਲੇ ਦੀ ਜਾਂਚ ਮੰਗੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਤੀਸ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਹੁਣ ਇਕ ਲੱਖ ਰੁਪਏ ਦੀ ਹੋਰ ਮੰਗ ਕਰ ਰਹੇ ਹਨ। ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਪੁਲਿਸ ਦੀ ਹਾਜ਼ਰੀ ਵਿਚ ਚੱਲੀ ਕਾਫ਼ੀ ਲੰਮੀ ਮੀਟਿੰਗ ਤੋਂ ਬਾਅਦ ਪ੍ਰਵਾਰ ਨੇ ਧਰਨਾ ਖ਼ਤਮ ਕਰ ਦਿੱਤਾ ਤੇ ਲਾਸ਼ ਨੂੰ ਲੈਕੇ ਅਪਣੇ ਪਿੰਡ ਰਵਾਨਾ ਹੋ ਗਏ।
Share the post "ਬਠਿੰਡਾ ’ਚ ਮਾਲ ਰੋਡ ’ਤੇ ਸਥਿਤ ਨਿੱਜੀ ਹਸਪਤਾਲ ਦੇ ਅੱਗੇ ਮਰੀਜ਼ ਦੀ ਮੌਤ ਤੋਂ ਬਾਅਦ ਹੰਗਾਮਾ"