ਬਠਿੰਡਾ ਸ਼ਹਿਰੀ ’ਚ ਸਭ ਤੋਂ ਵੱਧ ਤੇ ਤਲਵੰਡੀ ਸਾਬੋ ’ਚ ਇਕਲੌਤਾ ਉਮੀਦਵਾਰ
ਦਿਹਾਤੀ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਲਖਵਿੰਦਰ ਲੱਖੀ ਸਹਿਤ ਤਿੰਨ ਉਮੀਦਵਾਰ ਹੋਏ ਆਹਮੋ-ਸਾਹਮਣੇ
ਵਿਧਾਨ ਸਭਾ ਹਲਕਿਆਂ ਦੀ ਪ੍ਰਧਾਨਗੀ ਲਈ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਆਮ ਘਰਾਂ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣ ਲਈ ਕੁੱਝ ਸਾਲ ਪਹਿਲਾਂ ਯੂਥ ਵਿੰਗ ’ਚ ਚਲਾਈ ਚੋਣ ਮੁਹਿੰਮ ਤਹਿਤ ਹੁਣ ਮੁੜ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਭਖਣ ਲੱਗਿਆ ਹੈ। ਅਗਲੇ ਤਿੰਨ ਸਾਲ ਲਈ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਪ੍ਰਧਾਨਾਂ ਦੀਆਂ ਹੋ ਰਹੀਆਂ ਇੰਨ੍ਹਾਂ ਚੋਣਾਂ ਲਈ ਵੱਡੀ ਗਿਣਤੀ ਵਿਚ ਨੌਜਵਾਨ ਚੋਣ ਮੈਦਾਨ ਵਿਚ ਆਉਣ ਲੱਗੇ ਹਨ। ਇਹ ਚੋਣ ਪ੍ਰਕ੍ਰਿਆ ਬੀਤੇ ਕੱਲ 10 ਮਾਰਚ ਤੋਂ ਸ਼ੁਰੂ ਹੋ ਗਈ ਹੈ ਤੇ ਆਗਾਮੀ 10 ਅਪ੍ਰੈਲ ਤੱਕ ਚੱਲਣੀ ਹੈ। ਸੂਚਨਾ ਮੁਤਾਬਕ ਜਿੱਥੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਲਈ ਤਿਕੌਣੀ ਟੱਕਰ ਹੋਣ ਜਾ ਰਹੀ ਹੈ, ਉਥੇ ਬਠਿੰਡਾ ਸ਼ਹਿਰੀ ਹਲਕੇ ਲਈ ਸਭ ਤੋਂ ਵੱਧ ਪੰਜ ਉਮੀਦਵਾਰ ਮੈਦਾਨ ਵਿਚ ਹਨ ਜਦੋਂਕਿ ਜ਼ਿਲ੍ਹੇ ਵਿਚ ਤਲਵੰਡੀ ਸਾਬੋ ਅਜਿਹਾ ਇਕਲੌਤਾ ਵਿਧਾਨ ਸਭਾ ਹਲਕਾ ਹੈ, ਜਿੱਥੇ ਪ੍ਰਧਾਨ ਦੇ ਅਹੁੱਦੇ ਲਈ ਸਿਰਫ਼ ਇਕ ਹੀ ਉਮੀਦਵਾਰ ਮੈਦਾਨ ਵਿਚ ਹੈ। ਇਸਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਯੂਥ ਕਾਂਗਰਸ ਦਾ ਇੱਕ ਵੱਡਾ ਆਗੂ ਰਣਜੀਤ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਦੇ ਅਹੁੱਦੇ ਲਈ ਵੀ ਚੋਣ ਲੜ ਰਿਹਾ ਹੈ। ਯੂਥ ਆਗੂ ਰਣਜੀਤ ਸਿੰਘ ਸੰਧੂ ਜਿੱਥੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਦਾ ਨਜਦੀਕੀ ਮੰਨਿਆਂ ਜਾਂਦਾ ਹੈ, ਉਥੇ ਸੂਬੇ ਵਿਚ ਉਸਨੂੰ ਹੋਰਨਾਂ ਆਗੂਆਂ ਦਾ ਵੀ ਸਮਰਥਨ ਹਾਸਲ ਦਸਿਆ ਜਾ ਰਿਹਾ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਮੁੜ ਮੈਦਾਨ ਵਿਚ ਨਿੱਤਰਿਆਂ ਹੋਇਆ ਹੈ, ਜਿਸਨੂੰ ਜ਼ਿਲ੍ਹੇ ਦੇ ਕਈ ਹੋਰ ਵੱਡੇ ਲੀਡਰਾਂ ਦਾ ਅਸੀਰਵਾਦ ਮਿਲਿਆ ਹੋਇਆ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਮੁਕਾਬਲੇ ਅਵਤਾਰ ਸਿੰਘ ਸਿੱਧੂ ਨਾਂ ਦੇ ਨੌਜਵਾਨ ਨੂੰ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਹਰਵਿੰਦਰ ਸਿੰਘ ਲਾਡੀ ਦੀ ਥਾਪੀ ਮਿਲੀ ਹੋਈ ਹੈ। ਇਸਤੋਂ ਇਲਾਵਾ ਇਕੱਤਰ ਸਿੰਘ ਬਰਾੜ ਨਾਂ ਦਾ ਵੀ ਉਮੀਦਵਾਰ ਮਿਹਨਤ ਕਰ ਰਿਹਾ ਹੈ। ਜੇਕਰ ਗੱਲ ਬਠਿੰਡਾ ਸ਼ਹਿਰੀ ਦੀ ਕੀਤੀ ਜਾਵੇ ਤਾਂ ਇਸ ਹਲਕੇ ਵਿਚ ਕੁੱਲ ਪੰਜ ਉਮੀਦਵਾਰ ਮੈਦਾਨ ਵਿਚ ਹਨ। ਜਿੰਨ੍ਹਾਂ ਵਿਚੋਂ ਕਰਮਵੀਰ ਸਿੰਘ ਗਰੇਵਾਲ, ਜੋਨੀ ਰਾਣਾ, ਹਿਤੈਸ ਕੁਮਾਰ, ਪ੍ਰਭਜਿੰਦਰ ਸਿੰਘ ਡਿੰਪੀ ਅਤੇ ਰਾਜਨਦੀਪ ਸਿੰਘ ਦਾ ਨਾਮ ਸ਼ਾਮਲ ਹੈ। ਚਰਚਾ ਮੁਤਾਬਕ ਇੱਥੇ ਵੀ ਤਿਕੌਣੀ ਟੱਕਰ ਬਣਨ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਵਿਚ ਰਾਜਕੰਵਰ ਸਿੱਧੂ, ਗੁਰਪੰਥ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਪ੍ਰਧਾਨ ਬਣਨ ਲਈ ਭੱਜ ਦੋੜ ਕਰ ਰਹੇ ਹਨ। ਰਾਮਪੁਰਾ ਫ਼ੂਲ ਹਲਕੇ ਵਿਚ ਟਕਸਾਲੀ ਕਾਂਗਰਸੀ ਪ੍ਰਵਾਰ ਵਿਚੋਂ ਐਡਵੋਕੇਟ ਸਿਮਰਪ੍ਰੀਤ ਸਿੱਧੂ ਤਂੋ ਇਲਾਵਾ ਦਿਵੇਸ ਗਰਗ ਅਤੇ ਮਨੋਜ ਕੁਮਾਰ ਵੀ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਜਦੋਂਕਿ ਭੁੱਚੋਂ ਮੰਡੀ ਹਲਕੇ ਵਿਚੋਂ ਜਗਦੀਪ ਸਿੰਘ ਤੇ ਮਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਪ੍ਰਧਾਨਗੀ ਲਈ ਆਹਮੋ-ਸਾਹਮਣੇ ਦਾ ਮੁਕਾਬਲਾ ਕਰ ਰਹੇ ਹਨ। ਇਸੇ ਤਰ੍ਹਾਂ ਮੋੜ ਹਲਕੇ ਵਿਚ ਮੌਜੂਦਾ ਪ੍ਰਧਾਨ ਗੁਰਕੀਰਤ ਸਿੰਘ ਤੇ ਲਖਵੀਰ ਸਿੰਘ ਨਾਜ਼ੀ ਵਿਚਕਾਰ ਕਾਂਟੇ ਦੀ ਟੱਕਰ ਬਣਨ ਦੀ ਸੰਭਾਵਨਾ ਹੈ। ਇੱਥੇ ਕੋਈ ਹਲਕਾ ਇੰਚਾਰਜ਼ ਨਾ ਹੋਣ ਦੇ ਬਾਵਜੂਦ ਵੀ ਵੱਡੇ ਲੀਡਰਾਂ ਦੀ ਕਾਫ਼ੀ ਦਖ਼ਲਅੰਦਾਜ਼ੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਤਲਵੰਡੀ ਸਾਬੋ ਹਲਕੇ ਵਿਚ ਹਲਕਾ ਇੰਚਾਰਜ਼ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਦੇ ਨਜਦੀਕੀ ਸੁਖਵਿੰਦਰ ਸਿੰਘ ਦੇ ਮੁਕਾਬਲੇ ਕੋਈ ਹੋਰ ਨੌਜਵਾਨ ਚੋਣ ਮੈਦਾਨ ਵਿਚ ਨਹੀਂ ਨਿੱਤਰਿਆਂ ਹੈ, ਜਿਸਦੇ ਚੱਲਦੇ ਉਸਦਾ ਨਿਰਵਿਰੋਧ ਪ੍ਰਧਾਨ ਬਣਨਾ ਤੈਅ ਹੈ। ਗੌਰਤਲਬ ਹੈ ਕਿ ਮੌਜੂਦਾ ਅਹੁੱਦੇਦਾਰਾਂ ਦੀ ਮਿਆਦ ਦਸੰਬਰ 2022 ਵਿਚ ਖ਼ਤਮ ਹੋ ਗਈ ਸੀ, ਜਿਸਤੋਂ ਬਾਅਦ ਇਹ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ ਤੇ ਇਸ ਪ੍ਰੀਕ੍ਰਿਆ ਤਹਿਤ 19 ਤੋਂ 28 ਫ਼ਰਵਰੀ ਤੱਕ ਨਾਮਜਦਗੀਆਂ ਦਾ ਕੰਮ ਚੱਲਿਆ ਸੀ।
ਬਾਕਸ
ਮੈਂਬਰਸ਼ਿਪ ਤੇ ਵੋਟਿੰਗ ਦਾ ਕੰਮ ਚੱਲੇਗਾ ਨਾਲੋ-ਨਾਲ
ਬਠਿੰਡਾ: ਇਸ ਵਾਰ ਯੂਥ ਕਾਂਗਰਸ ਦੇ ਅਹੁੱਦੇਦਾਰਾਂ ਦੀ ਹੋ ਰਹੀ ਚੋਣ ਵਿਚ ਇਹ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਯੂਥ ਕਾਂਗਰਸ ਦੀ ਮੈਂਬਰਸ਼ਿਪ ਤੇ ਵੋਟਿੰਗ ਦਾ ਕੰਮ ਨਾਲੋਂ-ਨਾਲ ਚੱਲ ਰਿਹਾ ਹੈ। ਚੋਣ ਅਧਿਕਾਰੀਆਂ ਨੇ ਦਸਿਆ ਕਿ ਆਨ-ਲਾਈਨ ਹੀ ਮੈਂਬਰਸ਼ਿਪ ਬਣਾਏ ਜਾ ਰਹੇ ਹਨ ਤੇ ਮੈਂਬਰ ਬਣਨ ਤੋਂ ਬਾਅਦ 18 ਤੋਂ 35 ਸਾਲਾਂ ਦਾ ਨੌਜਵਾਨ ਅਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
Share the post "ਬਠਿੰਡਾ ’ਚ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਭਖਿਆ, ਸੂਬਾਈ ਅਹੁੱਦੇਦਾਰੀਆਂ ਲਈ ਵੀ ਮੈਦਾਨ ’ਚ"