ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਪਿਛਲੇ ਲੰਮੇ ਸਮੇਂ ਦੀ ਮੰਗ ਨੂੰ ਪੂਰਿਆ ਕਰਦਿਆਂ ਨਗਰ ਨਿਗਮ ਨੇ ਹੁਣ ਸ਼ਹਿਰ ’ਚ ਸਥਿਤ ਸ਼ਾਮਲਾਤ ਜਮੀਨਾਂ ’ਤੇ ਕਾਬਜ਼ ਧਿਰਾਂ ਨੂੰ ਮਾਲਕੀ ਦੇਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਮੇਅਰ ਰਮਨ ਗੋਇਲ ਦੀ ਅਗਵਾਈ ਹੇਠ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਇਸ ਫੈਸਲੇ ਨੂੰ ਪਾਸ ਕਰਦਿਆਂ ਨਾਲ ਹੀ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਵੀ ਕਬਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਉਜ ਨਿਗਮ ਦੀਆਂ ਕੁੱਲ 403 ਜਾਇਦਾਦਾਂ ਵਿਚੋਂ ਸਿਰਫ਼ 100 ਵਿਅਕਤੀ ਹੀ ਇਸਦੇ ਲਈ ਯੋਗ ਪਾਇਆ ਗਿਆ। ਹਾਲਾਂਕਿ ਹਾਊਸ ਦੀ ਮੀਟਿੰਗ ਸ਼ੁਰੂਆਤ ’ਚ ਥੋੜੀ ਤਲਖ਼ੀ ਭਰਪੂਰ ਰਹੀ ਪ੍ਰੰਤੂ ਬਾਅਦ ਵਿਚ ਕਈ ਵਾਰ ਤਨਾਅ ਪੈਦਾ ਹੋਣ ਦੇ ਬਾਵਜੂਦ ਹਲਕੇ ਫੁਲਕੇ ਮਾਹੌਲ ਵਿਚ ਸਮਾਪਤ ਹੋ ਗਈ। ਮੀਟਿੰਗ ਦੌਰਾਨ ਰੱਖੇ ਕੁੱਲ 28 ਮਤਿਆਂ ’ਚੋਂ 26 ਮਤੇ ਪਾਸ ਕੀਤੇ ਗਏ। ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨਿਗਮ ਵਲੋਂ ਸ਼ਾਮਲਾਤ ਜਮੀਨਾਂ ਦੀ ਮਾਲਕੀ ਦੇਣ ਸਬੰਧੀ ਏਜੰਡੇ ’ਤੇ ਅਪਣਾ ਪੱਖ ਰੱਖਦਿਆਂ ਆਪ ਆਗੂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਸਾਲ 2010 ’ਚ ਉਪਰੋਕਤ ਜ਼ਮੀਨ ਇੱਕ ਚਿੱਠੀ ਦੇ ਨਾਲ ਹੀ ਨਗਰ ਨਿਗਮ ਦੇ ਨਾਂਅ ਕਰ ਦਿੱਤੀ ਸੀ ਜਿਸਨੂੰ ਹੁਣ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਇਹ ਗੈਰ ਕਾਨੂੰਨੀ ਸੀ। ਇਸ ਇਤਰਾਜ਼ ’ਤੇ ਵਿਰੋਧ ਜਤਾਉਂਦਿਆਂ ਸੀਨੀਅਰ ਮੇਅਰ ਅਸੋਕ ਪ੍ਰਧਾਨ ਨੇ ਉਨ੍ਹਾਂ ਉਪਰ ਤਾਬੜਤੋੜ ਹਮਲੇ ਕਰਦਿਆਂ ਕੋਂਸਲਰੀ ਤੋਂ ਅਸਤੀਫ਼ਾ ਦੇ ਕੇ ਮੁੜ ਚੋਣ ਲੜਣ ਦੀ ਚੁਣੌਤੀ ਦੇ ਦਿਤੀ। ਇਸਤੋਂ ਇਲਾਵਾ ਐਫ. ਐਂਡ ਸੀ. ਸੀ. ਦੀਆਂ ਮੀਟਿੰਗਾਂ ਦੀ ਕਾਰਵਾਈ ਨੂੰ ਪਕਿਆਈ ਲਈ ਰੱਖਣ ’ਤੇ ਵੀ ਗਿੱਲ ਸਹਿਤ ਅਕਾਲੀ ਕੋਂਸਲਰਾਂ ਨੇ ਵਿਰੋਧ ਕੀਤਾ। ਇਸ ਦੌਰਾਨ ਏਜੰਡਾ ਨੰਬਰ 11 ਨਿਗਮ ਹਾਊਸ ’ਚ ਪਾਸ ਨਹੀਂ ਹੋ ਸਕਿਆ, ਕਿਉਂਕਿ ਇਸ ਏਜੰਡੇ ਤਹਿਤ ਨਕਸ਼ਿਆਂ ਦੀਆਂ ਫੀਸਾਂ ਗਰਾਊਂਡ ਫਲੋਰ 500 ਅਤੇ ਫਸਟ ਫਲੋਰ 400 ਪ੍ਰਤੀ ਫੁੱਟ ਦੇ ਹਿਸਾਬ ਨਾਲ ਵਸੂਲ ਕੀਤੀਆਂ ਜਾਂਦੀਆਂ ਹਨ ਇਸ ਫੀਸ ਨੂੰ ਹੁਣ ਵਧਾ ਕੇ ਅੰਦਾਜ਼ਨ 900 ਰੁਪਏ ਪ੍ਰਤੀ ਫੁੱਟ ਕਰਨ ਦੀ ਤਜਵੀਜ਼ ਸੀ। ਇਸ ਉਪਰ ਵੀ ਜਗਰੂਪ ਗਿੱਲ ਨੇ ਇਤਰਾਜ਼ ਜਤਾਇਆ। ਇਸਤੋਂ ਇਲਾਵਾ ਅਕਾਲੀ ਕੋਂਸਲਰਾਂ ਨੇ ਗੱਲ ਨਾ ਸੁਣਨ ਦਾ ਦੋਸ਼ ਲਗਾਉਂਦਿਆਂ ਵਾਕਆਊਟ ਕਰ ਦਿੱਤਾ। ਮੀਟਿੰਗ ਦੌਰਾਨ ਸਰਹਿੰਦ ਕੈਨਾਲ ਵਾਸੀ ਆਬਾਦੀਆਂ ਮੰਦਰ ਕਲੋਨੀ ਅਤੇ ਢਿੱਲੋਂ ਕਲੋਨੀ ਨੂੰ ਸੀਵਰੇਜ ਦੀ ਸਹੂਲਤ ਪ੍ਰਦਾਨ ਕਰਨ, ਸ਼ਹਿਰ ਦੇ 150 ਤੋਂ ਵੱਧ ਪਾਰਕਾਂ, ਰੋਜ ਗਾਰਡਨ, ਜੋਗਰ ਪਾਰਕ, ਰੋਡ ਸਾਈਡ ਪਲਾਂਨਟੇਸ਼ਨ ਲਈ 4 ਬਾਗਬਾਨੀ ਸੁਪਰਵਾਈਜ਼ਰਾਂ ਦੀ ਅਸਾਮੀ ਸਬੰਧੀ ਰਚਨਾ, ਮਾਲ ਰੋਡ ’ਤੇ ਕਾਰ ਪਾਰਕਿੰਗ ਬਣਾਉਣ ਅਤੇ ਪਟੇਲ ਨਗਰ ’ਚ ਬਣਨ ਵਾਲੇ ਬੱਸ ਅੱਡੇ ਸਬੰਧੀ 68.99 ਕਰੋੜ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨੀ ਸਮੇਤ ਹੋਰ ਕਈ ਮਹੱਤਵਪੂਰਨ ਏਜੰਡੇ ਪਾਸ ਕੀਤੇ ਗਏ। ਇਸੇ ਤਰ੍ਹਾਂ ਅੱਧੀ ਦਰਜ਼ਨ ਤੋਂ ਵੱਧ ਤਰਸ ਦੇ ਆਧਾਰ ’ਤੇ ਸਫ਼ਾਈ ਸੇਵਕਾਂ ਨੂੰ ਦੀ ਨਿਯੁਕਤੀ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਇਸ ਮੌਕੇ ਕਮਿਸ਼ਨਰ ਬਿਕਰਮ ਸ਼ੇਰਗਿੱਲ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ ਤੋਂ ਇਲਾਵਾ ਕੋਂਸਲਰ ਤੇ ਨਿਗਮ ਅਧਿਕਾਰੀ ਹਾਜ਼ਰ ਸਨ।
ਬਠਿੰਡਾ ’ਚ ਸ਼ਾਮਲਾਟ ਜਮੀਨਾਂ ’ਤੇ ਕਾਬਜ਼ ਲੋਕਾਂ ਨੂੰ ਮਿਲੇਗੀ ਮਾਲਕੀ
14 Views