ਬਠਿੰਡਾ ‘ਚ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਕਾਰਨ ਪੁਲਿਸ ਇੰਸਪੈਕਟਰ ਦੀ ਹੋਈ ਮੌਤ

0
64
+4

ਸੁਖਜਿੰਦਰ ਮਾਨ

ਬਠਿੰਡਾ, 7 ਸਤੰਬਰ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਦੇ ਫੇਜ਼ ਇੱਕ ਵਿੱਚ ਅੱਜ ਬਾਅਦ ਦੁਪਹਿਰ ਪੰਜਾਬ ਪੁਲਸ ਦੇ ਇੱਕ ਇੰਸਪੈਕਟਰ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿਰਤਕ ਪੁਲਿਸ ਇੰਸਪੈਕਟਰ ਦੀ ਪਹਿਚਾਣ ਰਣਧੀਰ ਸਿੰਘ ਭੁੱਲਰ ਵਜ਼ੋ ਹੋਈ ਹੈ, ਜੋ ਕਿ ਜਗਰਾਓਂ ਪੁਲਿਸ ਲਾਈਨ ਵਿਖੇ ਤੈਨਾਤ ਦੱਸਿਆ ਜਾ ਰਿਹਾ ਹੈ।
ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਸਿਟੀ ਪੁਲਸ ਦੇ ਉੱਚ ਅਧਿਕਾਰੀ ਮੌਕੇ ਉੱਪਰ ਪੁੱਜੇ। ਪੁਲੀਸ ਅਧਿਕਾਰੀਆਂ ਮੁਤਾਬਕ ਲਾਸ਼ ਘਰ ਦੇ ਨਜ਼ਦੀਕ ਕਾਰ ਵਿੱਚ ਪਈ ਹੋਈ ਸੀ। ਮਿਰਤਕ ਪੁਲਿਸ ਅਧਿਕਾਰੀ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਦੱਸੀ ਜਾ ਰਹੀ ਹੈ ਪਰੰਤੂ ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਪੁਲਸ ਇੰਸਪੈਕਟਰ ਨੇ ਖੁਦ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਜਾਂ ਕੋਈ ਹੋਰ ਘਟਨਾ ਵਾਪਰੀ ਹੈ।
ਮਿਰਤਕ ਇੰਸਪੈਕਟਰ ਮੂਲ ਰੂਪ ਵਿੱਚ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਬਠਿੰਡਾ ਸ਼ਹਿਰ ਵਿੱਚ ਸਹੁਰੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਇੰਸਪੈਕਟਰ ਰਣਧੀਰ ਭੁੱਲਰ ਨੂੰ ਪਿਛਲੇ ਲੰਬੇ ਸਮੇਂ ਤੋਂ ਰੀੜ ਦੀ ਹੱਡੀ ਦੀ ਕਾਫੀ ਗੰਭੀਰ ਸਮੱਸਿਆ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਰੀੜ ਦੀ ਹੱਡੀ ਦਾ ਆਪ੍ਰੇਸ਼ਨ ਵੀ ਕਰਵਾਇਆ ਸੀ। ਮਿਰਤਕ ਹਾਲੇ 48 ਕੁ ਸਾਲਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਦੋ ਦਹਾਕੇ ਪਹਿਲਾਂ ਬਤੌਰ ਏਐਸਆਈ ਪੰਜਾਬ ਪੁਲੀਸ ਵਿੱਚ ਭਰਤੀ ਹੋਈ ਸੀ।
ਮਿਰਤਕ ਇੰਸਪੈਕਟਰ ਦੇ ਦੋ ਲੜਕੀਆਂ ਹਨ ਜੋ ਵਿਦੇਸ਼ ਵਿੱਚ ਰਹਿ ਰਹੀਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪਰਿਵਾਰ ਸਹਿਤ ਆਸ ਪਾਸ ਦੇ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
+4

LEAVE A REPLY

Please enter your comment!
Please enter your name here