ਕਿਸਾਨ ਅਫ਼ਵਾਹਾਂ ਤੋਂ ਰਹਿਣ ਸਾਵਧਾਨ : ਮੁੱਖ ਖੇਤੀਬਾੜੀ ਅਫ਼ਸਰ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆਂ ਕਰਵਾਏ ਜਾਣ ਵਾਲੇ ਸੰਦਾਂ ਨੂੰ ਪਾਸ ਕਰਵਾਉਣ ਬਦਲੇ ‘ਰਿਸ਼ਵਤ’ ਦੀ ਚੱਲ ਰਹੀ ਚਰਚਾ ਵਧਣ ’ਤੇ ਅੱਜ ਮੁੱਖ ਖੇਤੀਬਾੜੀ ਅਫ਼ਸਰ ਡਾ.ਪਾਖਰ ਸਿੰਘ ਨੇ ਕਿਸਾਨਾਂ ਨੂੰ ਸੂਚੇਤ ਰਹਿਣ ਦੀ ਅਪੀਲ ਕੀਤੀ ਹੈ। ਇੱਥੇ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ਜਿਲ੍ਹੇ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਨੂੰ ਝੂਠੇ ਝਾਂਸੇ ਦੇ ਕੇ ਉਹਨਾਂ ਦੇ ਕਿਸਾਨ ਗਰੁੱਪ ਪਾਸ ਕਰਵਾਉਣ ਦੇ ਨਾਮ ’ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਖੇਤੀਬਾੜੀ ਸੰਦਾਂ ਉਪਰ ਸਬਸਿਡੀ ਲਈ ਚੱਲ ਰਹੀ ਸਕੀਮ ਕਰਾਪ ਰੈਜੀਡੀਊ ਮੈਨੇਜਮੈਂਟ (ਸੀ.ਆਰ.ਐਮ.) ਸਾਲ 2021-22 ਦੌਰਾਨ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਕਾਰਜਕਾਰੀ ਕਮੇਟੀ ਵੱਲੋਂ ਡਰਾਅ ਕੱਢ ਕੇ ਉਹਨਾਂ ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਇਸ ਸੂਚੀ ਅਨੁਸਾਰ ਹੀ ਸਰਕਾਰ ਵੱਲੋਂ ਟੀਚੇ ਪ੍ਰਾਪਤ ਹੋਣ ਉਪਰੰਤ ਅਗਲੇ ਲਾਭਪਾਤਰੀਆਂ ਦੇ ਨਾਮ ਵਿਚਾਰੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਡਰਾਅ ਕਢਵਾਉਣ ਬਦਲੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।
ਬਠਿੰਡਾ ’ਚ ਸੰਦਾਂ ਦੀ ਸਬਸਿਡੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਕਾਰੋਬਾਰ!
10 Views