ਹਸਪਤਾਲ ਵਿਚ ਕਰਵਾਉਣਾ ਪਿਆ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਬੀਤੇ ਕੱਲ ਹੋਲੀ ਦੇ ਤਿਊਹਾਰ ਮੌਕੇ ਨਜਦੀਕੀ ਜੱਸੀ ਚੌਕ ’ਚ ਰੰਗ ’ਚ ਜਹਿਰੀਲਾ ਪਦਾਰਥ ਪੈਣ ਕਾਰਨ ਦੋ ਦਰਜ਼ਨ ਦੇ ਕਰੀਬ ਨੌਜਵਾਨਾਂ ਦੇ ਗੰਭੀਰ ਬੇਹੋਸ਼ ਹੋਣ ਦੀ ਸੂਚਨਾ ਮਿਲੀ ਹੈ, ਜਿੰਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ਼ ਲਈ ਦਾਖ਼ਲ ਕਰਵਾਉਣਾ ਪਿਆ। ਕਈਆਂ ਦੀ ਹਾਲਾਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਵੀ ਲਿਜਾਇਆ ਗਿਆ। ਮੁਢਲੀ ਸੂਚਨਾ ਮੁਤਾਬਕ ਹੋਲੀ ਲਈ ਵਰਤੇ ਜਾਣ ਵਾਲੇ ਰੰਗ ’ਚ ਗਲਤੀ ਨਾਲ ਫਸਲਾਂ ਲਈ ਵਰਤੇ ਜਾਂਦੇ ਜ਼ਹਿਰੀਲੇ ਪਾਊਡਰ ਪੈਣ ਦੀ ਸੂਚਨਾ ਹੈ। ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਅੱਧੀ ਦਰਜ਼ਨ ਤੋਂ ਵੱਧ ਨੌਜਵਾਨਾਂ ਨੂੰ ਬੇਹੋਸੀ ਦੀ ਹਾਲਾਤ ਵਿਚ ਲਿਆਂਦਾ ਗਿਆ ਸੀ, ਜਿੰਨ੍ਹਾਂ ਦੀ ਹਾਲਾਤ ਠੀਕ ਹੋਣ ਤੋਂ ਬਾਅਦ ਅੱਜ ਛੁੱਟੀ ਦੇ ਦਿੱਤੀ ਗਈ। ਇੰਨ੍ਹਾਂ ਨੌਜਵਾਨਾਂ ਤੇ ਬੱਚਿਆਂ ਦੀ ਪਹਿਚਾਣ ਕੁਲਦੀਪ ਸਿੰਘ,ਜੋਬਨਜੋਤ ,ਬੀਰਦਵਿੰਦਰ, ਆਸ਼ੂ ਸਿੰਘ ਤੇ ਪ੍ਰਦੀਪ ਸਿੰਘ ਵਾਸੀ ਜੱਸੀ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਗਲਤੀ ਨਾਲ ਰੰਗ ’ਚ ਜ਼ਹਿਰੀਲਾ ਪਾਊਡਰ ਮਿਲਣ ਦਾ ਬੱਚਿਆਂ ਨੂੰ ਪਤਾ ਨਹੀਂ ਲੱਗ ਸਕਿਆ ਤੇ ਉਹ ਇਸੇ ਰੰਗ ਨੂੰ ਇਕ ਦੂਜੇ ’ਤੇ ਪਾਉਣ ਲੱਗੇ ਪ੍ਰੰਤੂ ਕੁੱਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਲਾਤ ਖ਼ਰਾਬ ਹੋਣ ਲੱਗੀ। ਪ੍ਰਵਾਰਕ ਮੈਂਬਰਾਂ ਮੁਤਾਬਕ ਇੰਨ੍ਹਾਂ ਬੱਚਿਆਂ ਤੇ ਹੋਲੀ ਖੇਡ ਰਹੇ ਨੌਜਵਾਨਾਂ ਨੂੰ ਉਲਟੀਆਂ ਤੇ ਟੱਟੀਆਂ ਲੱਗ ਗਈਆਂ ਤੇ ਨਾਲ ਹੀ ਕਈ ਬੇਹੋਸ਼ ਹੋਣ ਲੱਗੇ। ਜਿਸ ਕਾਰਨ ਇੰਨ੍ਹਾਂ ਨੂੰ ਹਸਪਤਾਲ ਲਿਆਉਣਾ ਪਿਆ। ਇੰਨ੍ਹਾਂ ਦੀ ਉਮਰ 15 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
Share the post "ਬਠਿੰਡਾ ’ਚ ਜ਼ਹਿਰੀਲੇ ਰੰਗ ਦੀ ਹੌਲੀ ਮਨਾਉਣ ਕਾਰਨ ਦੋ ਦਰਜ਼ਨ ਨੌਜਵਾਨ ਹੋਏ ਬੇਹੋਸ਼"