ਸਾਈਕਲਿੰਗ ਤੇ ਜੌਗਿੰਗ ਟਰੈਕ ਦਾ ਵਿੱਤ ਮੰਤਰੀ ਨੇ ਰੱਖਿਆ ਨੀਂਹ ਪੱਥਰ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਸ਼ਹਿਰ ਦੇ ਨਜਦੀਕ ਸਥਿਤ ਸਰਹਿੰਦ ਨਹਿਰ ਦੇ ਨਾਲ-ਨਾਲ ਸੁੰਦਰ ਸਾਈਕਲਿੰਗ ਟਰੈਕ ਤੇ ਜਾਗਿੰਗ ਟਰੈਕ ਦੇ ਕੰਮ ਦੀ ਵੀ ਸ਼ੁੁਰੂਆਤ ਕਰਵਾਈ। ਕਰੀਬ 3.73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਟਰੈਕ ਵਿੱਚ ਬੈਠਣ ਲਈ ਸੁੰਦਰ ਬੈਂਚਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿ ਇਸ ਸ਼ਾਨਦਾਰ ਟਰੈਕ ਵਿੱਚ ਲਾਈਟਿੰਗ ਸਿਸਟਮ ਅਤੇ ਲੈਂਡ ਸਕੇਪਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸਤੋਂ ਇਲਾਵਾ ਉਨ੍ਹਾਂ ਲਾਲ ਸਿੰਘ ਬਸਤੀ ਦੇ ਪਾਰਕ ਦਾ ਵੀ ਉਦਘਾਟਨ ਕੀਤਾ। ਇਹ ਪਾਰਕ ਇਕ ਏਕੜ ਵਿਚ ਫੈਲਿਆ ਹੋਇਆ ਹੈ, ਜਿਸ ’ਤੇ ਪੰਜਾਹ ਲੱਖ ਰੁਪਏ ਦੀ ਲਾਗਤ ਆਈ ਹੈ। ਇਸੇ ਤਰ੍ਹਾਂ ਪੰਦਰ੍ਹਾਂ ਲੱਖ ਰੁਪਏ ਦੀ ਲਾਗਤ ਨਾਲ ਮਹਿਣਾ ਚੌਂਕ ਵਿੱਚ ਬਣਾਏ ਗਏ ਪਾਰਕ ਦਾ ਵੀ ਉਦਘਾਟਨ ਕੀਤਾ। ਦੌਰੇ ਦੇ ਅਖੀਰ ਵਿੱਚ ਵਿੱਤ ਮੰਤਰੀ ਸ. ਬਾਦਲ ਨੇ ਮਾਲ ਰੋਡ ’ਤੇ ਸੁਭਾਸ਼ ਮਾਰਕੀਟ ਵਿੱਚ “ਆਈ ਲਵ ਬਠਿੰਡਾ“ ਸੈਲਫੀ ਪੁਆਇੰਟ ਲੋਕ ਸਮਰਪਿਤ ਕੀਤਾ। ਇੱਥੇ ਹੀ ਫੌਜ ਦਾ ਇਕ ਪੁਰਾਣਾ ਟੈਂਕ ਵੀ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਨੇ ਇੱਥੇ ਸੌ ਫੁੱਟ ਉਚਾ ਕੌਮੀ ਝੰਡਾ ਲਹਿਰਾਇਆ ਅਤੇ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਚੇਅਰਮੈਨ ਨਗਰ ਸੁਧਾਰ ਟਰੱਸਟ ਕੇ ਕੇ ਅਗਰਵਾਲ, ਮੇਅਰ ਸ੍ਰੀਮਤੀ ਰਮਨ ਗੋਇਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਉਪ ਚੇਅਰਮੈਨ ਗੁਰਇਕਬਾਲ ਚਹਿਲ, ਬਲਾਕ ਪ੍ਰਧਾਨ ਹਰਵਿੰਦਰ ਲੱਡੂ ਆਦਿ ਹਾਜ਼ਰ ਸਨ।
ਬਾਕਸ
ਸ਼ਹਿਰ ਦੇ ਤਿੰਨ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਦਾ ਕੀਤਾ ਉਦਘਾਟਨ
ਬਠਿੰਡਾ: ਅਪਣੇ ਬਠਿੰਡਾ ਦੌਰੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਤਿੰਨ ਸਰਕਾਰੀ ਸਕੂਲਾਂ ਦੀਆਂ ਕਰੋੜਾਂ ਦੀ ਲਾਗਤ ਨਾਲ ਨਵੀਆਂ ਉਸਾਰੀਆਂ ਗਈਆਂ ਇਮਾਰਤਾਂ ਦਾ ਉਦਘਾਟਨ ਕੀਤਾ। ਇੰਨ੍ਹਾਂ ਵਿਚ 269.73 ਲੱਖ ਰੁਪਏ ਦੀ ਲਾਗਤ ਨਾਲ 3 ਮੰਜਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੀਆਣਾ ਬਸਤੀ, 3 ਮੰਜਿਲਾਂ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਲਾਲ ਸਿੰਘ ਬਸਤੀ ਦੀ ਨਵੀਂ ਇਮਾਰਤ ਵੀ ਵਿਦਿਆਰਥੀਆਂ ਤੇ ਲੋਕਾਂ ਦੇ ਸਪੁਰਦ ਕੀਤੀ। ਇਸ ਤੋਂ ਇਲਾਵਾ ਉਨਾਂ ਵੱਲੋਂ 70 ਲੱਖ ਦੀ ਲਾਗਤ ਨਾਲ ਉਸਾਰੀ ਗਈ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਦੀ ਇਮਾਰਤ ਵੀ ਲੋਕ ਅਰਪਣ ਕੀਤੀ ਗਈ। ਧੋਬੀਆਣਾ ਸਕੂਲ ਵਿੱਚ ਇੰਟਰਨੈਸ਼ਨਲ ਪੱਧਰ ਦਾ ਸਵੀਮਿੰਗ ਪੂਲ ਵੀ ਵਿੱਤ ਮੰਤਰੀ ਵੱਲੋਂ ਬਣਵਾਇਆ ਗਿਆ ਹੈ ਜਿਸ ਉੱਪਰ ਡੇਢ ਕਰੋੜ ਰੁਪਏ ਦੀ ਲਾਗਤ ਆਈ ਹੈ।ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਸਰਕਾਰੀ ਸਕੂਲ ਕਾਨਵੈਂਟ ਸਕੂਲਾਂ ਤੋਂ ਕਿਧਰੇ ਵੀ ਘੱਟ ਨਹੀਂ ਰਹੇ ਉਨਾਂ ਸਕੂਲ ਮੁਖੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਵਿਤ ਮੰਤਰੀ ਨਾਲ ਉਨ੍ਹਾਂ ਦੀ ਧਰਮਪਤਨੀ ਵੀਨੂੰ ਬਾਦਲ ਤੇ ਰਿਸ਼ਤੇਦਾਰ ਜੈਜੀਤ ਜੌਹਲ ਵੀ ਮੌਜੂਦ ਰਹੇ।
Share the post "ਬਠਿੰਡਾ ’ਚ 100 ਫੁੱਟ ਉੱਚਾ ਕੌਮੀ ਝੰਡਾ ਤੇ ‘ਆਈ ਲਵ ਬਠਿੰਡਾ’ ਸੈਲਫੀ ਪਾਰਕ ਕੀਤਾ ਲੋਕ ਸਮਰਪਿਤ"