ਸਵੇਰੇ ਪਹੁ-ਫ਼ੁਟਾਲੇ ਵਾਪਰੀ ਘਟਨਾ ਦੇ ਮੁੱਖ ਦੋਸ਼ੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਦੋ ਦਿਨ ਪਹਿਲਾਂ ਗੁੰਮ ਹੋਈ ਰਾਈਫ਼ਲ ਨਾਲ ਘਟਨਾ ਨੂੰ ਅੰਜਾਮ ਦੇਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ : ਉੱਤਰੀ ਭਾਰਤ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਵਜੋਂ ਜਾਣੀ ਜਾਂਦੀ ਬਠਿੰਡਾ ਛਾਉਣੀ ’ਚ ਅੱਜ ਸਵੇਰੇ ਵਾਪਰੇ ਇੱਕ ਗੋਲੀ ਕਾਂਡ ’ਚ ਚਾਰ ਫ਼ੌਜੀ ਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੁਢਲੀ ਪੜਤਾਲ ਮੁਤਾਬਕ ਇਸ ਘਟਨਾ ਨੂੰ ਦੋ ਜਣਿਆਂ ਵਲੋਂ ਅੰਜਾਮ ਦਿੱਤਾ ਗਿਆ ਹੈ, ਜਿੰਨ੍ਹਾਂ ਵਿਚੋਂ ਇੱਕ ਕੋਲ ਚਾਰ ਦਿਨ ਪਹਿਲਾਂ ਫ਼ੌਜ ਦੀ ਚੋਰੀ ਹੋਈ ਇੱਕ ਅਤਿ ਆਧੁਨਿਕ ਰਾਈਫ਼ਲ ਸੀ, ਜਿਸਦੇ ਨਾਲ ਗੋਲੀਆਂ ਚਲਾ ਕੇ ਚਾਰੇਂ ਜਵਾਨਾਂ ਨੂੰ ਕਤਲ ਕੀਤਾ ਗਿਆ ਅਤੇ ਦੂਜੇ ਕੋਲ ਕੋਈ ਕੁਲਾਹੜੀ ਆਦਿ ਤੇਜਧਾਰ ਹਥਿਆਰ ਦਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੇਰ ਸ਼ਾਮ ਰਾਈਫ਼ਲ ਨੂੰ ਬਰਾਮਦ ਕਰ ਲਿਆ ਗਿਆ ਹੈ ਪ੍ਰੰਤੂ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਕਾਰਾ ਨਹੀਂ ਹੈ, ਬਲਕਿ ਇਸ ਘਟਨਾ ਨੂੰ ਇੱਕ ਯੋਜਨਾਵਧ ਤਰੀਕੇ ਨਾਲ ਕੀਤਾ ਗਿਆ ਕਾਰਾ ਦਸਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਫ਼ੌਜੀ ਛਾਉਣੀ ਸਥਿਤ ਜੰਗਲ ਵੱਲ ਚਲੇ ਗਏ, ਜਿੰਨ੍ਹਾਂ ਦੀ ਖ਼ਬਰ ਲਿਖੇ ਜਾਣ ਤੱਕ ਭਾਲ ਜਾਰੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਵਿਚ ਕਿਸੇ ਫ਼ੌਜੀ ਸਾਥੀ ਜਾਂ ਇੱਥੇ ਆਉਣ ਵਾਲੇ ਸ਼ੱਕੀ ਸਿਵਲੀਅਨਾਂ ਦੀ ਭੂਮਿਕਾ ਜਾਂਚ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਨਾਲ ਜੋੜ ਕੇ ਵੀ ਪੜਤਾਲਿਆਂ ਜਾ ਰਿਹਾ ਹੈ। ਉਧਰ ਬਾਅਦ ਦੁਪਿਹਰ ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੇ ਪੈਨਲ ਵਲੋਂ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਪੋਸਟਮਾਰਟਮ ਦੀ ਪ੍ਰਕ੍ਰਿਆ ਜਾਰੀ ਸੀ। ਮ੍ਰਿਤਕਾਂ ਦੀ ਪਹਿਚਾਣ ਹੋ ਗਈ ਹੈ, ਜਿੰਨ੍ਹਾਂ ਵਿਚੋਂ ਸਾਗਰ ਬੰਨੇ (25) ਅਤੇ ਸੰਤੋਸ਼ ਨਰਵਾਲ (25) ਕਰਨਾਟਕ ਅਤੇ ਕਮਾਲੇਸ਼ ਆਰ. (24) ਅਤੇ ਯੋਗੇਸ਼ ਕੁਮਾਰ (24) ਤਾਮਿਲਨਾਡੂ ਸੂਬੇ ਨਾਲ ਸਬੰਧਤ ਸਨ। ਇਹ ਵੀ ਸੂਚਨਾ ਮਿਲੀ ਹੈ ਕਿ ਯੋਗੇਸ਼ ਕੁਮਾਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਸਾਰੇ ਸਾਲ 2019 ਵਿਚ ਫ਼ੌਜ ’ਚ ਭਰਤੀ ਹੋਏ ਸਨ ਤੇ ਮੌਜੂਦਾ ਸਮੇਂ ਮ੍ਰਿਤਕ ਤੋਪਖ਼ਾਨਾ ਰੈਂਜੀਮੈਂਟ ਦੇ ਗਨਰਜ਼ ਵਜੋਂ ਡਿਊਟੀ ਨਿਭਾ ਰਹੇ ਸਨ। ਸੂਤਰਾਂ ਮੁਤਾਬਕ ਇਹ ਘਟਨਾ ਆਫ਼ੀਸਰਜ਼ ਮੈਸ ਦੇ ਸਾਹਮਣੇ ਬਣੀ ਬੈਰਕ ਵਿਚ ਅੱਜ ਸਵੇਰੇ ਕਰੀਬ ਸਾਢੇ ਚਾਰ ਵਾਪਰੀ ਹੈ। ਹੁਣ ਤੱਕ ਦੀ ਪੜਤਾਲ ਮੁਤਾਬਕ ਇਸ ਘਟਨਾ ਵਿਚ ਲੰਘੀ 9 ਅਪ੍ਰੈਲ ਨੂੰ ਛਾਉਣੀ ਵਿਚੋਂ ਗੁੰਮ ਹੋਈ ਇੱਕ ਅਤਿ-ਆਧੁਨਿਕ ਰਾਈਫ਼ਲ ‘ਇਨਸਾਸ’ ਵਰਤੀ ਗਈ ਹੈ, ਇਸ ਰਾਈਫ਼ਲ ਦੇ ਨਾਲ 28 ਕਾਰਤੂਸ ਵੀ ਚੋਰੀ ਹੋਏ ਸਨ। ਘਟਨਾ ਤੋਂ ਬਾਅਦ ਅੱਜ ਮੌਕੇ ਉਪਰੋਂ ਕਾਰਤੂਸ਼ ਦੇ 18 ਖ਼ੋਲ ਬਰਾਮਦ ਕੀਤੇ ਗਏ ਹਨ। ਦਸਿਆ ਇਹ ਵੀ ਜਾ ਰਿਹਾ ਹੈ ਕਿ ਚੋਰੀ ਹੋਈ ਰਾਈਫ਼ਲ ਤੇ ਕਾਰਤੂਸ਼ਾਂ ਬਾਰੇ ਫ਼ੌਜੀ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਸੀ ਤੇ ਇਸਦੇ ਬਾਰੇ ਬੀਤੇ ਕੱਲ ਥਾਣਾ ਕੈਂਟ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਿਸ ਅਤੇ ਫ਼ੌਜ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵਲੋਂ ਅਪਣੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਕਿਸੇ ਛਾਉਣੀ ਦੇ ਹੀ ਵਿਅਕਤੀ ਨੇ ਅੰਜਾਮ ਦਿੱਤਾ ਹੈ, ਜਿਸਦੇ ਚੱਲਦੇ ਫ਼ੌਜ ਦੇ ਅਧਿਕਾਰੀ, ਖੁਫ਼ੀਆ ਏਜੰਸੀਆਂ ਅਤੇ ਪੁਲਿਸ ਵਲੋਂ ਹਰ ਐਂਗਲ ਤਂੋ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਫ਼ੌਜੀ ਛਾਉਣੀ ਕੀਤੀ ਸੀਲ, ਸਾਬਕਾ ਫ਼ੌਜੀਆਂ ਨੂੰ ਵੀ ਅੰਦਰ ਆਉਣੋਂ ਰੋਕਿਆ
ਬਠਿੰਡਾ: ਉਧਰ ਪਤਾ ਚੱਲਿਆ ਹੈ ਕਿ ਇਸ ਘਟਨਾ ਦੇ ਮੱਦੇਨਜ਼ਰ ਫ਼ੌਜ ਦੇ ਅਧਿਕਾਰੀਆਂ ਵਲੋਂ ਛਾਉਣੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤੇ ਰੋਜ਼ਮਰਾ ਦੀ ਤਰ੍ਹਾਂ ਇੱਥੇ ਮਿਲਟਰੀ ਹਸਪਤਾਲ ਵਿਚ ਦਵਾਈਆਂ ਅ੍ਤਤੇ ਫ਼ੌਜੀ ਛਾਉਣੀ ਵਿਚ ਸਥਿਤ ਕੰਟੀਨ ਵਿਚ ਰਾਸ਼ਨ ਆਦਿ ਲੈਣ ਆਉਣ ਵਾਲੇ ਸਾਬਕਾ ਫ਼ੌਜੀਆਂ ਨੂੰ ਵੀ ਰੋਕ ਦਿੱਤਾ ਗਿਆ। ਜਿਸਦੇ ਚੱਲਦੇ ਅੱਜ ਛਾਉਣੀ ਅੰਦਰ ਰੋਜ਼ ਕੰਮ ਕਰਨ ਜਾਣ ਵਾਲੇ ਸਿਵਲੀਅਨਾਂ ਦਾ ਦਾਖ਼ਲਾ ਵੀ ਬੰਦ ਰਿਹਾ।
ਅੱਤਵਾਦੀ ਘਟਨਾ ਨਹੀਂ, ਮਾਮਲੇ ਦੀ ਜਾਂਚ ਜਾਰੀ: ਏਡੀਜੀਪੀ
ਬਠਿੰਡਾ: ਦੂਜੇ ਪਾਸੇ ਬਾਅਦ ਦੁਪਿਹਰ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਏਡੀਜੀਪੀ ਬਠਿੰਡਾ ਰੇਂਜ ਐਸਪੀਐਸ ਪਰਮਾਰ ਨੇ ਕਿਹਾ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਢਲੀ ਪੜਤਾਲ ਮੁਤਾਬਕ ਚਾਰ ਜਵਾਨਾਂ ਦੀ ਮੌਤ ਹੋਈ ਹੈ। ਇਸਤੋਂ ਇਲਾਵਾ ਹੋਰ ਕੋਈ ਜਖ਼ਮੀ ਨਹੀਂ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਫ਼ੌਜ ਅਤੇ ਪੁਲਿਸ ਮਿਲਕੇ ਮਾਮਲੇ ਦੀ ਡੂੁੰਘਾਈ ਨਾਲ ਪੜਤਾਲ ਕਰ ਰਹੀ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦਸਿਆ ਕਿ ਐਸ.ਪੀ ਡੀ ਅਜੈ ਗਾਂਧੀ ਦੀ ਅਗਵਾਈ ਹੇਠ ਟੀਮ ਜਾਂਚ ਕਰ ਰਹੀ ਹੈ ਤੇ ਮੁਢਲੀ ਪੜਤਾਲ ਮੁਤਾਬਕ ਇਹ ਕਿਸੇ ਅੰਦਰਲੇ ਵਿਅਕਤੀ ਦਾ ਹੀ ਕੰਮ ਹੈ। ਜਿਸਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Share the post "ਬਠਿੰਡਾ ਛਾਉਣੀ ’ਚ ਚਾਰ ਫ਼ੌਜੀ ਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆਂ, ਰਾਈਫ਼ਲ ਬਰਾਮਦ ਕਾਤਲ ਫ਼ਰਾਰ"