ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਉਪਰ ਪਹਿਲਾਂ ਹੀ ਕੈਦੀਆਂ ਵਿਰੁਧ ਹੋ ਚੁੱਕਿਆ ਹੈ ਪਰਚਾ ਦਰਜ਼
ਅੱਧੀ ਦਰਜ਼ਨ ਕੈਦੀਆਂ ਨੂੰ ਕੀਤਾ ਗਿਆ ਹੈ ਦੂਜੀਆਂ ਜੇਲ੍ਹਾਂ ਵਿਚ ਤਬਦੀਲ
ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਚਰਚਾ ਵਿਚ ਹੈ। ਸੂਬੇ ਦੀ ਮੈਕਸੀਮਮ ਹਾਈਸਕਿਊਰਟੀ ਜੇਲ੍ਹ ਵਿਚੋਂ ਅੱਜ ਇੱਕ ਵੀਡੀਓ ਵਾਈਰਲ ਹੋਈ ਹੈ, ਜਿੰਨ੍ਹਾਂ ਵਿਚ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲਦਿਆਂ ਗੰਭੀਰ ਦੋਸ਼ ਲਗਾਏ ਹਨ। ਹਾਲਾਂਕਿ ਇਸ ਵੀਡੀਓ ਬਾਬਤ ਪਹਿਲਾਂ ਹੀ ਪਤਾ ਲੱਗ ਜਾਣ ਦੇ ਚੱਲਦੇ ਲੰਘੀ 4 ਅਪ੍ਰੈਲ ਨੂੰ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਉਪਰ ਥਾਣਾ ਕੈਂਟ ਦੀ ਪੁਲਿਸ ਵਲੋਂ ਇੱਕ ਹਵਾਲਾਤੀ ਸਹਿਤ ਦਰਜ਼ਨ ਕੈਦੀਆਂ ਵਿਰੁਧ ਪਰਚਾ ਦਰਜ਼ ਕੀਤਾ ਜਾ ਚੁੱਕਾ ਹੈ। ਇਹੀਂ ਨਹੀਂ ਵੀਡੀਓ ਬਣਾਉਣ ਵਾਲੇ ਇੰਨ੍ਹਾਂ ਕੈਦੀਆਂ ਵਿਚੋਂ ਕਰੀਬ ਅੱਧੀ ਦਰਜ਼ਨ ਨੂੰ ਸੂਬੇ ਦੀਆਂ ਤਿੰਨ ਵੱਖੋ-ਵੱਖਰੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾ ਚੁੱਕਾ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਦੀ ਇਸ ਜੇਲ੍ਹ ਵਿਚ ਕਰੀਬ ਚਾਰ ਦਰਜ਼ਨ ਖਤਰਨਾਕ ਗੈਂਗਸਟਰ ਬੰਦ ਹਨ, ਜਿੰਨ੍ਹਾਂ ਵਿਚ ਖ਼ਤਰਨਾਕ ਗੈਂਗਸਟਰ ਲਾਰੇਂਸ ਬਿਸਨੋਈ ਵੀ ਸ਼ਾਮਲ ਹੈ ਅਤੇ ਜੇਲ੍ਹ ਦੀ ਸੁਰੱਖਿਆ ਦਾ ਜਿੰਮਾ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਹੈ। ਉਧਰ ਅੱਜ ਇਸ ਵਾਈਰਲ ਹੋਈ ਵੀਡੀਓ ਵਿਚ ਕੈਦੀਆਂ ਨੇ ਜੇਲ੍ਹ ਦੇ ਚਾਰ ਡਿਪਟੀ ਸੁਪਰਡੈਂਟਾਂ ਅਤੇ ਸਹਾਇਕ ਸੁਪਰਡੈਂਟਾਂ ਉਪਰ ਗੰਭੀਰ ਦੋਸ਼ ਲਗਾਉਂਦਿਆਂ ਪੈਸਿਆਂ ਬਦਲੇ ਜੇਲ੍ਹ ਵਿਚ ਨਸ਼ਾ ਵਿਕਾਉਣ ਅਤੇ ਮੋਬਾਇਲ ਫ਼ੋਨ ਦੇਣ ਦਾ ਦਾਅਵਾ ਕਰਦਿਆਂ ਇਸਦੀ ਉੱਚ ਪੱਧਰੀ ਪੜਤਾਲ ਮੰਗੀ ਹੈ। ਕੈਦੀਆਂ ਮੁਤਾਬਕ ਜੇਲ੍ਹ ਅਧਿਕਾਰੀ ਹੋਣ ਮੁਤਾਬਕ ਇੰਨ੍ਹਾਂ ਦੀ ਜੇਲ੍ਹਾਂ ਵਿਚ ਆਉਣ-ਜਾਣ ਸਮੇਂ ਤਲਾਸ਼ੀ ਨਹੀਂ ਹੁੰਦੀ ਤੇ ਜਿਸਦਾ ਇਹ ਫ਼ਾਈਦਾ ਉਠਾਉਂਦੇ ਹਨ। ਉਨ੍ਹਾਂ ਅਪਣੇ ਦੋਸ਼ਾਂ ਵਿਚ ਕੈਦੀਆਂ ਨੂੰ ਲੱਖ ਲੱਖ ਰੁਪਏ ਪ੍ਰਤੀ ਮਹੀਨਾ ਵਿਚ ਚੰਗੀਆਂ ਬੈਰਕਾਂ ਦੇਣ ਦੇ ਵੀ ਦੋਸ਼ ਲਗਾਏ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਕੀਤੀ, ਬਲਕਿ ਦਾਅਵਾ ਕੀਤਾ ਹੈ ਕਿ ਜਿਹੜੇ ਕੈਦੀ ਜਾਂ ਹਵਾਲਾਤੀ ਜੇਲ੍ਹ ਅਧਿਕਾਰੀਆਂ ਦੇ ਹੁਕਮ ਮੰਨਣ ਤੋਂ ਇੰਨਕਾਰ ਕਰ ਦਿੰਦੇ ਹਨ, ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਵੀਡੀਓ ਵਿਚ ਕੈਦੀਆਂ ਨੇ ਪੰਜ ਮੋਬਾਇਲ ਫ਼ੋਨ ਸਾਹਮਣੇ ਰੱਖਦਿਆਂ ਕਿਹਾ ਹੈ ਕਿ ਇੱਥੇ ਪੈਸੇ ਨਾਲ ਹਰ ਚੀਜ਼ ਮਿਲਦੀ ਹੈ ਤੇ ਕੋਈ ਸੁਰੱਖਿਆ ਨਹੀਂ ਹੈ। ਉਧਰ ਸੰਪਰਕ ਕਰਨ ‘ਤੇ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਡੈਂਟ ਐੱਨਡੀ ਨੇਗੀ ਨੇ ਦਾਅਵਾ ਕੀਤਾ ਕਿ ‘‘ ਇਸ ਵੀਡੀਓ ਰਾਹੀ ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ਦਾ ਅਕਸ ਖ਼ਰਾਬ ਕਰਨ ਲਈ ਅਜਿਹਾ ਕੀਤਾ ਹੈ। ’’ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪਰਚਾ ਦਰਜ਼ ਕੀਤਾ ਜਾ ਚੁੱਕਾ ਹੈ ਤੇ ਜੇਕਰ ਜਾਂਚ ਦੌਰਾਨ ਕਿਸੇ ਜੇਲ੍ਹ ਮੁਲਾਜਮ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸਦੇ ਵਿਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Share the post "ਬਠਿੰਡਾ ਜੇਲ੍ਹ ਵਿਚੋਂ ਵੀਡੀਓ ਵਾਈਰਲ, ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ’ਤੇ ਲਗਾਏ ਗੰਭੀਰ ਦੋਸ਼"