ਹੁਣ ਤੱਕ ਖਰੀਦ ਕੀਤੀ ਕਣਕ ਦੀ 1401.70 ਕਰੋੜ ਕੀਤੀ ਗਈ ਅਦਾਇਗੀ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ : ਪਿਛਲੇ ਦਿਨੀਂ ਬੇਮੌਸਮੀ ਬਾਰਸ਼ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਜਿੱਥੇ ਕਣਕ ਦੀ ਫ਼ਸਲ ਦਾ ਝਾੜ ਕਿਸਾਨਾਂ ਨੂੰ ਧਰਵਾਸ ਦੇਣ ਵਾਲਾ ਨਿਕਲ ਰਿਹਾ ਹੈ, ਉਥੇ ਮੰਡੀਆਂ ਵਿਚ ਖ਼ਰੀਦ ਦਾ ਕੰਮ ਵੀ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਕੰਮ ਸਮਾਪਤੀ ਵੱਲ ਵਧਣ ਲੱਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੀ ਆਮਦ ਦੇ ਰੱਖੇ ਸਵਾ 9 ਲੱਖ ਮੀਟਰਕ ਟਨ ਦੇ ਮੁਕਾਬਲੇ ਹੁਣ ਤੱਕ 7,52,560 ਮੀਟਰਕ ਕਣਕ ਮੰਡੀਆਂ ਵਿਚ ਪੁੱਜ ਚੁੱਕੀ ਹੈ ਤੇ ਵੱਖ ਵੱਖ ਏਜੰਸੀਆਂ ਵਲੋਂ ਇਸ ਆਮਦ ਵਿਚੋਂ 7,40,678 ਮੀਟਰਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਜੇਕਰ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਮੁਕਾਬਲੇ ਲਿਫ਼ਟਿੰਗ ਦੇ ਕੰਮ ਵਿਚ ਥੋੜਾ ਸੁਧਾਰ ਦੇਖਣ ਨੂੰ ਮਿਲਿਆ ਹੈ। ਜ਼ਿਲੇ ਦੀਆਂ ਮੰਡੀਆਂ ਵਿਚ ਖ਼ਰੀਦੀ ਜਾ ਚੁੱਕੀ ਕਣਕ ਵਿਚੋਂ ਲਗਭਗ ਅੱਧੀ ਕਣਕ ਦੀ ਚੁਕਾਈ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸਤੋਂ ਇਲਾਵਾ ਕਣਕ ਦੀ ਅਦਾਇਗੀ ਵਜੋ ਕਿਸਾਨਾਂ ਨੂੰ ਹੁਣ ਤੱਕ 1401.70 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੋ ਕਿ 101.96 ਫ਼ੀਸਦੀ ਬਣਦੀ ਹੈ। ਉਧਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਂਦਿਆਂ ਅੱਜ 35,242 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 7,40,678 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 2,20,875 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 1,98,057 ਪਨਸਪ ਵੱਲੋਂ 1,80,620 ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1,07,878 ਅਤੇ ਵਪਾਰੀਆਂ ਵੱਲੋਂ 33,248 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
Share the post "ਬਠਿੰਡਾ ਦੀਆਂ ਮੰਡੀਆਂ ’ਚ ਕਣਕ ਦੀ ਖ਼ਰੀਦ ਦਾ ਕੰਮ ਨਜਦੀਕ ਪੁੱਜਿਆ, ਲਿਫ਼ਟਿੰਗ ’ਚ ਹੋਣ ਲੱਗਿਆ ਸੁਧਾਰ"