ਸੁਖਜਿੰਦਰ ਮਾਨ
ਬਠਿੰਡਾ, 13 ਮਈ : ਪੰਜਾਬ ਦੀਆਂ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿਚੋਂ ਇੱਕ ਮੰਨੀ ਜਾਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ ਇਸ ਭੁੱਖ ਹੜਤਾਲ ’ਚ ਦੋ ਦਰਜ਼ਨ ਦੇ ਕਰੀਬ ਗੈਂਗਸਟਰ ਸ਼ਾਮਲ ਹਨ, ਜਿੰਨ੍ਹਾਂ ਵਿਚ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਸ਼ਾਮਲ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੇ ਅਤੇ ਏ ਕੈਟਾਗਿਰੀ ਦੇ ਹੋਰਨਾਂ ਗੈਂਗਸਟਰਾਂ ਦੇ ਨਾਮ ਵੀ ਦੱਸੇ ਜਾ ਰਹੇ ਹਨ। ਮੁਢਲੀ ਰੀਪੋਰਟ ਮੁਤਾਬਕ ਇੰਨ੍ਹਾਂ ਗੈਂਗਸਟਰਾਂ ਵਲੋਂ ਜੇਲ੍ਹ ’ਚ ਅਪਣੀਆਂ ਬੇਰਕਾਂ ਵਿਚ ਜੇਲ੍ਹ ਪ੍ਰਸ਼ਾਸਨ ਵਲੋਂ ਟੀਵੀ ਨਾ ਲਗਾਉਣ ਅਤੇ ਜੇਲ੍ਹ ਵਿਚ ਲੱਗੇ ਟੈਲੀਫ਼ੋਨ ਉਪਰ ਘੱਟ ਸਮਾਂ ਗੱਲ ਕਰਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਉਧਰ ਜੇਲ੍ਹ ਅਧਿਕਾਰੀਆਂ ਨੇ ਇਸ ਭੁੱਖ ਹੜਤਾਲ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਉਹ ਜੇਲ੍ਹ ਨਿਯਮਾਂ ਤੋਂ ਬਾਹਰ ਨਹੀਂ ਜਾ ਸਕਦੇ ਹਨ। ਇਸਤੋਂ ਇਨਾਵਾ ਇਸ ਹੜਤਾਲ ਬਾਰੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਪਿਤਾ ਜੰਗੀਰ ਸਿੰਘ ਨੇ ਵੀ ਸੋੋਸਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਸੇਖੋਂ ਸਹਿਤ ਦਰਜਨਾਂ ਕੈਦੀ ਤੇ ਹਵਾਲਾਤੀ ਬਠਿੰਡਾ ਜੇਲ੍ਹ ਅੰਦਰ ਟੀਵੀ ਲਗਾਉਣ ਦੀ ਮੰਗ ਨੂੰ ਲੈ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਹਨ। ਜੰਗੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿਚ ਭੁੱਖ ਹੜਤਾਲ ਦੀ ਜਾਣਕਾਰੀ ਉਸਦੇ ਪੁੱਤਰ ਨੇ ਅੱਜ ਜੇਲ੍ਹ ਅੰਦਰ ਲੱਗੇ ਐਸਟੀਡੀ ਫ਼ੋਨ ਰਾਹੀਂ ਦਿੱਤੀ ਹੈ। ਦਸਣਾ ਬਣਦਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਬਠਿੰਡਾ ਕੇਂਦਰੀ ਜੇਲ੍ਹ ਵਿਚ ਪੰਜਾਬ ਦੇ ਸਭ ਤੋਂ ਲੋੜੀਦੇ ਗੈਂਗਸਟਰ ਬੰਦ ਕੀਤੇ ਹੋਏ ਹਨ, ਜਿੰਨ੍ਹਾਂ ਦੀ ਗਿਣਤੀ ਪੰਜ ਦਰਜ਼ਨ ਦੇ ਕਰੀਬ ਦੱਸੀ ਜਾ ਰਹੀ ਹੈ। ਇੰਨ੍ਹਾਂ ਵਿਚ ਕੁੱਝ ਦਿਨ ਪਹਿਲਾਂ ਤੱਕ ਮਹਰੂਮ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਡ ਮੰਨਿਆਂ ਜਾ ਰਿਹਾ ਲਾਰੇਂਸ ਬਿਸਨੋਈ ਵੀ ਸ਼ਾਮਲ ਸੀ, ਜਿਸਨੂੰ ਹੁਣ ਐਨ.ਆਈ.ਏ ਦੀ ਟੀਮ ਵਲੋਂ ਦਿੱਲੀ ’ਚ ਪੁਛਗਿਛ ਕਰਨ ਤੋਂ ਗੁਜਰਾਤ ਦੀ ਇੱਕ ਜੇਲ੍ਹ ਵਿਚ ਬੰਦ ਕੀਤਾ ਹੈ। ਇਸੇ ਤਰ੍ਹਾਂ ਇੱਥੇ ਜੱਗੂ ਭਗਵਾਨਪੁਰੀਆਂ, ਨੀਟਾ ਦਿਉਲ ਸਮੇਤ ਹੋਰ ਖ਼ਤਰਨਾਕ ਗੈਂਗਸਟਰ ਸ਼ਾਮਿਲ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਜੇਲ੍ਹ ਦੀ ਬਾਹਰਲੀ ਸੁਰੱਖਿਆ ਕੇਂਦਰੀ ਬਲਾਂ ਦੇ ਹੱਥਾਂ ਵਿਚ ਹੈ ਤੇ ਜੇਲ੍ਹ ਸੁਪਰਡੈਂਟ ਵੀ ਬੀਐਸਐਫ਼ ਦੇ ਕਮਾਂਡੇਂਟ ਨੂੰ ਲਗਾਇਆ ਹੋਇਆ ਹੈ। ਜਦੋਂਕਿ ਜੇਲ੍ਹ ਦੇ ਅੰਦਰਲੀ ਸੁਰੱਖਿਆ ਦਾ ਕੰਮ ਖੁਦ ਜੇਲ੍ਹ ਵਿਭਾਗ ਦੇ ਅਧਿਕਾਰੀ ਤੇ ਵਾਰਡਨ ਦੇਖ ਰਹੇ ਹਨ। ਉਧਰ ਜੇਲ੍ਹ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਮਸਲਾ ਇਕੱਲਾ ਗੈਂਗਸਟਰਾਂ ਦੀਆਂ ਬੈਰਕਾਂ ਵਿਚ ਟੀਵੀ ਲਗਾਉਣ ਦਾ ਨਹੀਂ ਹੈ, ਬਲਕਿ ਕੈਦੀਆਂ ਤੇ ਹਵਾਲਾਤੀਆਂ ਦੀਆਂ ਤਿੰਨ ਹੋਰ ਮੰਗਾਂ ਵੀ ਹਨ, ਜਿੰਨ੍ਹਾਂ ਵਿਚ ਜੇਲ੍ਹ ਦੀ ਐਸਟੀਡੀ ਤੋਂ ਘਰੇਂ ਤੇ ਅਪਣੇ ਵਕੀਲਾਂ ਨਾਲ ਗੱਲਬਾਤ ਕਰਨ ਦਾ ਦਿੱਤਾ ਸਮਾਂ 10 ਮਿੰਟ ਤੋਂ ਵਧਾਕੇ 15 ਮਿੰਟ ਕਰਨ ਅਤੇ ਕੈਦੀਆ ਨੂੰ ਸਿਰਫ਼ 5 ਨੰਬਰ ’ਤੇ ਫ਼ੋਨ ਕਰਨ ਦੀ ਦਿੱਤੀ ਇਜਾਜ਼ਤ ਨੂੰ ਵਧਾਕੇ 10 ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਉਧਰ ਗੈਂਗਸਟਰਾਂ ਤੇ ਕੈਦੀਆਂ ਵਲੋਂ ਮਿਲਕੇ ਕੀਤੀ ਜਾ ਰਹੀ ਇਸ ਹੜਤਾਲ ਕਾਰਨ ਜੇਲ੍ਹ ਪ੍ਰਸਾਸ਼ਨ ਨੂੰ ਹੱਥਾ ਪੈਰਾਂ ਦੀ ਪਈ ਹੋਈ ਹੈ। ਪਤਾ ਚੱਲਿਆ ਹੈ ਕਿ ਇਹ ਹੜਤਾਲੀ ਪਿਛਲੇ ਤਿੰਨ ਦਿਨਾਂ ਤੋਂ ਕੁੱਝ ਵੀ ਖਾਅ ਪੀ ਨਹੀਂ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਕੁੱਝ ਸਮੇਂ ਦੇਸ ਦੀਆਂ ਜੇਲ੍ਹਾਂ ਅੰਦਰ ਗੈਂਗਵਰ ਦੀਆਂ ਆਪਸੀ ਘਟਨਾਵਾਂ ਕਾਰਨ ਲਗਾਤਾਰ ਮੌਤਾਂ ਤੇ ਲੜਾਈਆਂ ਹੋ ਰਹੀਆਂ ਹਨ। ਕੁੱਝ ਦਿਨ ਪਹਿਲਾਂ ਜਿੱਥੇ ਦਿੱਲੀ ਦੀ ਸਖ਼ਤ ਸੁਰੱਖਿਆ ਵਾਲੀ ਤਿਹਾੜ ਜੇਲ੍ਹ ਵਿਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗਰੁੱਪਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਉਥੇ ਕੁੱਝ ਸਮਾਂ ਪਹਿਲਾਂ ਪੰਜਾਬ ਦੀ ਗੋਇੰਦਵਾਲ ਜੇਲ੍ਹ ਵਿਚ ਵੀ ਗੈਂਗਸਟਰ ਲਾਰੇਂਸ ਬਿਸਨੋਈ ਤੇ ਜੱਗੂ ਭਗਵਾਨਪੂੁਰੀਆਂ ਦੇ ਗਰੁੱਪਾਂ ਵਿਚ ਹੋਈ ਲੜਾਈ ਵਿਚ ਜੱਗੂ ਦੇ ਦੋ ਸਾਥੀ ਮਾਰੇ ਗਏ ਸਨ। ਬਠਿੰਡਾ ਜਿਸ ਵਿਚ ਲਗਭਗ ਸਮੂਹ ਗੈਂਗਸਟਰ ਗਰੁੱਪਾਂ ਦੇ ਸਾਥੀ ਬੰਦ ਹਨ, ਵਿਚ ਵੀ ਅਜਿਹੀ ਘਟਨਾ ਰੋਕਣ ਲਈ ਸਾਰੇ ਗਰੁੱਪਾਂ ਨੂੰ ਇੱਕ ਦੂਜੇ ਤੋਂ ਦੂਰ ਬੈਰਕਾਂ ਵਿਚ ਬੰਦ ਕੀਤਾ ਹੋਇਆ ਹੈ। ਹਾਲਾਂਕਿ ਇਸ ਜੇਲ੍ਹ ਨੂੰ ਮੋਬਾਈਲ ਕੰਨੇਕਟੀਵਿਟੀ ਵਜੋਂ ਡੈਡ ਜ਼ੋਨ ਐਲਾਨਿਆਂ ਹੋਇਆ ਹੈ ਪ੍ਰੰਤੂ ਇੱਥੇ ਅਕਸਰ ਹੀ ਮੋਬਾਇਲ ਫ਼ੋਨ ਬਰਾਮਦ ਹੋਣ ਦੀਆਂ ਵੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸਤੋਂ ਇਲਾਵਾ ਲਾਰੇਂਸ ਬਿਸਨੋਈ ਵਲੋਂ ਵੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇਣ ਦੇ ਮਾਮਲੇ ਵਿਚ ਜਿੱਥੇ ਬਠਿੰਡਾ ਜੇਲ੍ਹ ਦਾ ਨਾਮ ਸਾਹਮਣੇ ਆਇਆ ਸੀ, ਉਥੇ ਲੰਘੀ 8 ਅਪ੍ਰੈਲ ਨੂੰ ਇੱਕ ਦਰਜ਼ਨ ਦੇ ਕਰੀਬ ਕੈਦੀਆਂ ਵਲੋਂ ਜੇਲ੍ਹ ਅੰਦਰੋਂ ਇੱਕ ਵੀਡੀਓ ਬਣਾ ਕੇ ਸੋਸਲ ਮੀਡੀਆ ’ਤੇ ਵਾਈਰਲ ਕਰ ਦਿੱਤੀ ਗਈ ਸੀ।
ਬਾਕਸ
ਮਾਮਲਾ ਅਦਾਲਤ ਦੇ ਵਿਚਾਰਧੀਨ, ਫੈਸਲੇ ਤੋਂ ਬਾਅਦ ਦੇਖਾਂਗਾ: ਜੇਲ੍ਹ ਸੁਪਰਡੰਟ
ਬਠਿੰਡਾ: ਉਧਰ ਸੰਪਰਕ ਕਰਨ ‘ਤੇ ਜੇਲ੍ਹ ਅੰਦਰ ਭੁੱਖ ਹੜਤਾਲ ਦੀ ਪੁਸ਼ਟੀ ਕਰਦਿਆਂ ਕੇਂਦਰੀ ਜੇਲ੍ਹ ਬਠਿੰਡਾ ਦੇ ਜੇਲ੍ਹ ਸੁਪਰਡੈਂਟ ਐਨ.ਡੀ ਨੇਗੀ ਨੇ ਦਾਅਵਾ ਕੀਤਾ ਕਿ ਗੈਂਗਸਟਰਾਂ ਦੀਆਂ ਬੈਰਕਾਂ ਅੰਦਰ ਟੀਵੀ ਲਗਾਉਣ ਦਾ ਮਾਮਲਾ ਖੁਦ ਗੈਂਗਸਟਰਾਂ ਵਲੋਂ ਹਾਈਕੋਰਟ ਵਿਚ ਲਿਜਾਇਆ ਜਾ ਚੁੱਕਾ ਹੈ, ਜਿਸਦੇ ਚੱਲਦੇ ਅਦਾਲਤ ਦਾ ਫੈਸਲਾ ਹੋਣ ਤੱਕ ਉਹ ਕੋਈ ਫੈਸਲਾ ਨਹੀਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਨਿਯਮਾਂ ਮੁਤਾਬਕ ਖ਼ਤਰਨਾਕ ਕੈਦੀਆਂ ਦੀਆਂ ਬੈਰਕਾਂ ਵਿਚ ਟੀਵੀ ਨਹੀਂ ਲਗਾਇਆ ਜਾ ਸਕਦਾ।
Share the post "ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਦੋ ਦਰਜ਼ਨ ਗੈਂਗਸਟਰਾਂ ਵਲੋਂ ਭੁੱਖ ਹੜਤਾਲ, ਕੀਤੀ ਬੈਰਕਾਂ ‘ਚ ਟੀਵੀ ਲਗਾਉਣ ਦੀ ਮੰਗ"