ਸੁਖਜਿੰਦਰ ਮਾਨ
ਬਠਿੰਡਾ, 6 ਮਈ: ਸਥਾਨਕ ਸ਼ਹਿਰ ਦੀ ਇੱਕ ਨਾਮੀ ਸਕਿਉਰਟੀ ਕੰਪਨੀ ਦੇ ਪ੍ਰਬੰਧਕਾਂ ਨਾਲ ਉਸਦੇ ਹੀ ਮੁਲਾਜਮਾਂ ਵਲੋਂ ਕਰੀਬ ਪੌਣੇ ਸੱਤ ਕਰੋੜ ਤੋਂ ਵੱਧ ਦੀ ਅਮਾਨਤ ਵਿਚ ਖਿਆਨਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਰੈਂਕਰ ਸਕਿਉਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕ ਕੈਪਟਨ ਗੁਰਦਾਸ ਸਿੰਘ ਮਾਨ ਦੀ ਸਿਕਾਇਤ ਉਪਰ ਉਸਦੇ ਇੱਕ ਕਲਰਕ ਅਮਰਪ੍ਰੀਤ ਸਿੰਘ ਵਾਸੀ ਬਾਬਾ ਫ਼ਰੀਦ ਨਗਰ ਵਿਰੁਧ ਧਾਰਾ 408 ਆਈਪੀਸੀ ਤਹਿਤ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਮਾਨ ਨੇ ਦਸਿਆ ਕਿ ਉਸਦੇ ਵਲੋਂ ਸਥਾਨਕ ਸ਼ਾਂਤ ਨਗਰ ਵਿਚ ਇੱਕ ਸਕਿਉਰਟੀ ਕਪਨੀ ਖੋਲੀ ਹੈ। ਇਸ ਕੰਪਨੀ ਦਾ ਮੁੱਖ ਕੰਮ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਨੂੰ ਸੁਰੱਖਿਆ ਮੁਲਾਜਮ ਮੁਹੱਈਆਂ ਕਰਵਾਉਣਾ ਹੈ। ਜਿਸਦੇ ਚੱਲਦੇ ਕੰਪਨੀ ਵਿਚ ਸੈਕੜਿਆਂ ਦੀ ਤਾਦਾਦ ਵਿਚ ਮੁਲਾਜਮ ਕੰਮ ਕਰਦੇ ਹਨ। ਕੰਪਨੀ ਦਾ ਕੰਮਕਾਜ਼ ਚਲਾਉਣ ਅਤੇ ਸਕਿਉਰਟੀ ਮੁਲਾਜਮਾਂ ਨੂੰ ਤਨਖਾਹਾਂ ਤੇ ਚੈਕਿੰਗ ਲਈ ਮੁਲਾਜਮ ਵੀ ਰੱਖੇ ਹੋਏ ਹਨ। ਜਿੰਨ੍ਹਾਂ ਵਿਚ ਅਮਰਪ੍ਰੀਤ ਸਿੰਘ ਨਾਂ ਦਾ ਇੱਕ ਮੁਲਾਜਮ ਵੀ ਕੰਮ ਕਰਦਾ ਸੀ। ਸਿਕਾਇਤਕਰਤਾ ਮੁਤਾਬਕ ਤਨਖ਼ਾਹਾਂ ਬਣਾਉਣ ਦਾ ਕੰਮ ਇੰਦਰਜੀਤ ਸਿੰਘ ਨਾਂ ਦੇ ਮੁਲਾਜਮ ਵਲੋਂ ਕੀਤਾ ਜਾਂਦਾ ਸੀ ਤੇ ਇੰਨ੍ਹਾਂ ਤਨਖ਼ਾਹਾਂ ਦੇ ਚੈਕ ਮੁਲਾਜਮਾਂ ਦੇ ਖਾਤਿਆਂ ਵਿਚ ਭੇਜਣ ਦਾ ਕੰਮ ਅਮਰਪ੍ਰੀਤ ਸਿੰਘ ਦਾ ਸੀ। ਇਸਤੋਂ ਇਲਾਵਾ ਮੁਲਾਜਮਾਂ ਦੀ ਹਾਜਰੀ ਤੇ ਚੈਕਿੰਗ ਲਈ ਗੁਰਵਿੰਦਰ ਸਿੰਘ ਨਾਂ ਦਾ ਮੁਲਾਜਮ ਕੰਮ ਕਰਦਾ ਸੀ। ਸਿਕਾਇਤਕਰਤਾ ਮੁਤਾਬਕ ਅਮਰਪ੍ਰੀਤ ਸਿੰਘ ’ਤੇ ਜਿਆਦਾ ਵਿਸਵਾਸ ਹੋਣ ਕਾਰਨ ਉਸਨੇ ਕੰਪਨੀ ਦੇ ਮੁਲਾਜਮ ਜਿਆਦਾ ਹੋਣ ਦਾ ਫ਼ਾਈਦਾ ਚੁੱਕਦਿਆਂ ਹੋਰਨਾਂ ਮੁਲਾਜਮਾਂ ਨਾਲ ਮਿਲਕੇ ਆਪਣੇ ਰਿਸ਼ਤੇਦਾਰਾਂ ਨੂੰ ਕੰਪਨੀ ਦਾ ਮੁਲਾਜ਼ਮ ਬਣਾ ਕੇ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਵਿਚ ਤਨਖ਼ਾਹਾਂ ਪਾਉਣੀਆਂ ਸੁਰੂ ਕਰ ਦਿੱਤੀਆਂ। ਇਹ ਸਿਲਸਿਲਾ ਸਾਲ 2017 ਤੋਂ ਹੀ ਚੱਲਦਾ ਆ ਰਿਹਾ ਸੀ ਪ੍ਰੰਤੂ ਜਦ ਕੁੱਝ ਸਮਾਂ ਪਹਿਲਾਂ ਆਡਿਟ ਕਰਵਾਇਆ ਗਿਆ ਤਾਂ ਇਹ ਸਚਾਈ ਸਾਹਮਣੇ ਆਈ। ਉਧਰ ਪਤਾ ਚੱਲਿਆ ਹੈ ਕਿ ਕਥਿਤ ਦੋਸੀ ਹੁਣ ਪੰਜਾਬ ਛੱਡ ਕੇ ਵਿਦੇਸ ਦੀ ਧਰਤੀ ’ਤੇ ਵਸ ਗਿਆ ਹੈ।
Share the post "ਬਠਿੰਡਾ ਦੀ ਨਾਮੀ ਸਕਿਊਰਟੀ ਕੰਪਨੀ ਨਾਲ ਉਸਦੇ ਮੁਲਾਜਮਾਂ ਵਲੋਂ ਪੌਣੇ ਸੱਤ ਕਰੋੜ ਦੀ ਹੇਰਾ-ਫ਼ੇਰੀ"