ਪਹਿਲਾਂ ਵਾਂਗ ਠੇਕੇਦਾਰ ਨੂੰ ਪੀਲੀ ਲਾਈਨ ਦੇ ਅੰਦਰੋਂ ਚਾਰ-ਪਹੀਆਂ ਵਹੀਕਲ ਚੁੱਕਣ ਦੀ ਮਿਲੀ ਖੁੱਲ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਕਰੀਬ ਇੱਕ ਮਹੀਨਾ ਪਹਿਲਾਂ ਨਗਰ ਨਿਗਮ ਵਲੋਂ ਠੇਕੇ ਉੱਪਰ ਦਿੱਤੇ ਸਥਾਨਕ ਫ਼ਾਈਰ ਬ੍ਰਿਗੇਡ ਚੌਕ ਕੋਲ ਸਥਿਤ ਨਵੀਂ ਬਣੀ ਬਹੁਮੰਜਿਲਾਂ ਕਾਰ ਪਾਰਕਿੰਗ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਮਸਲਾ ਮੁੜ ਠੰਢੇ ਬਸਤੇ ਵਿਚ ਪੈ ਗਿਆ ਹੈ। ਇਸ ਸਬੰਧ ਵਿਚ ਨਿਗਮ ਅਧਿਕਾਰੀਆਂ ਵਲੋਂ ਨਿਗਮ ਦੀ ਵਿਤ ਤੇ ਲੇਖਾ ਕਮੇਟੀ ਦੀ ਅੱਜ ਮੇਅਰ ਰਮਨ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਰੱਖੇ ਏਜੰਡੇ ਨੂੰ ਪੈਡਿੰਗ ਰੱਖ ਲਿਆ ਗਿਆ। ਸੂਚਨਾ ਮੁਤਾਬਕ ਸ਼ਹਿਰ ਦੇ ਵਪਾਰ ਮੰਡਲ ਵਲੋਂ 14 ਜੁਲਾਈ ਨੂੰ ਨਗਰ ਨਿਗਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿਚ ਪਾਰਕਿੰਗ ਦੇਣ ਦੇ ਮਾਮਲੇ ਵਿਚ ਲੋਕਾਂ ਨੂੰ ਕੁੱਝ ਢਿੱਲ ਦੇਣ ਦੀ ਮੰਗ ਕੀਤੀ ਗਈ ਸੀ। ਜਿਸਦੇ ਚੱਲਦੇ ਇਸ ਏਜੰਡੇ ਵਿਚ ਮਾਲ ਰੋਡ ਵਿਚ ਪੇਡ ਪਾਰਕਿੰਗ ਲਈ ਨਿਰਧਾਰਤ ਪਾਕਟਾਂ ਵਿਚ ਤਬਦੀਲੀ ਕਰਨ ਅਤੇ ਪੀਲੀ ਲਾਈਨ ਦੇ ਅੰਦਰ ਲੱਗੇ ਚਾਰ-ਪਹੀਆਂ ਵਾਹਨਾਂ ਨੂੰ ਠੇਕੇਦਾਰ ਦੇ ਟੋਅ ਵੈਨਾਂ ਵਲੋਂ ਚੁੱਕਣ ’ਤੇ ਰੋਕ ਲਗਾਉਣ ਦੀ ਸਿਫ਼ਾਰਿਸ ਕੀਤੀ ਗਈ ਸੀ। ਇਸਦੇ ਨਾਲ ਠੇਕੇਦਾਰ ਨੂੰ ਘਾਟਾ ਹੋਣਾ ਸੀ, ਜਿਸਦੇ ਚੱਲਦੇ ਰੇਟ ਵਿਚ ਵੀ ਕੁੱਝ ਤਬਦੀਲੀ ਕਰਨ ਸਬੰਧੀ ਯੋਜਨਾ ਬਣਾਈ ਗਈ ਸੀ ਪ੍ਰੰਤੂ ਵਿਤ ਤੇ ਲੇਖਾ ਕਮੇਟੀ, ਜਿਸ ਵਿਚ ਮੇਅਰ ਰਮਨ ਗੋਇਲ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ ਸਹਿਤ ਦੋ ਹੋਰ ਮੈਂਬਰ ਬਲਜਿੰਦਰ ਠੇਕੇਦਾਰ ਅਤੇ ਪ੍ਰਵੀਨ ਗਰਗ ਸ਼ਾਮਲ ਹਨ, ਵਲੋਂ ਇਸਨੂੰ ਕਾਨੂੰਨ ਦੇ ਦਾਈਰੇ ਵਿਚ ਨਾ ਹੋਣ ਦਾ ਦਾਅਵਾ ਕਰਦੇ ਹੋਏ ਮੰਨਜੂਰ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਉਂਜ ਇਸ ਕਮੇਟੀ ਵਿਚ ਅਪਣੇ ਅਹੁੱਦੇ ਦੇ ਆਧਾਰ ’ਤੇ ਕਮਿਸ਼ਨਰ ਰਾਹੁਲ ਸਿੰਧੂ ਵੀ ਮੈਂਬਰ ਹਨ। ਨਿਗਮ ਅਧਿਕਾਰੀਆਂ ਮੁਤਾਬਕ ਇਹ ਮਤਾ ਪਾਸ ਨਾ ਹੋਣ ਕਾਰਨ ਹੁਣ ਠੇਕੇ ਦੀਆਂ ਸ਼ਰਤਾਂ ਤਹਿਤ ਠੇਕੇਦਾਰ ਨੂੰ ਮਾਲ ਰੋਡ ’ਤੇ ਨਿਰਧਾਰਤ ਕਾਰ ਪਾਰਕਿੰਗ ਲਈ ਪਾਕਟਾਂ ਵਿਚ ਕਾਰ ਖੜਾ ਕਰਨ ਤੋਂ ਇਲਾਵਾ ਪੀਲੀ ਲਾਈਨ ਦੇ ਅੰਦਰ ਲੱਗੇ ਚਾਰ ਪਹੀਆ ਵਾਹਨਾਂ ਨੂੰ ਚੁੱਕਣ ਦਾ ਅਧਿਕਾਰ ਹੈ। ਹਾਲਾਂਕਿ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਲੋਕਾਂ ਦੀ ਸੁਵਿਧਾ ਲਈ ਕਾਰ ਪਾਰਕਿੰਗ ਤੋਂ ਸ਼ਹਿਰ ਦੇ ਬਜਾਰਾਂ ਤੱਕ ਚਾਰ ਈ ਰਿਕਸ਼ੇ(ਜਿਸ ਵਿਚ ਦੋ ਪਾਰਕਿੰਗ ਠੇਕੇਦਾਰ ਅਤੇ ਦੋ ਨਗਰ ਨਿਗਮ) ਚਲਾਏ ਜਾਣਗੇ, ਜਿੰਨ੍ਹਾਂ ਵਿਚ ਕੋਈ ਵੀ ਵਿਅਕਤੀ, ਜਿਸਦੇ ਕੋਲ ਕਾਰ ਪਾਰਕਿੰਗ ਦਾ ਮਹੀਨਾਵਾਰ ਪਾਸ ਜਾਂ ਸਬੰਧਤ ਦਿਨ ਦੀ ਕਾਰ ਪਰਚੀ ਹੋਵੇਗੀ, ਇੰਨ੍ਹਾਂ ਈ ਰਿਕਸਿਆਂ ਵਿਚ ਮੁਫ਼ਤ ਸਫ਼ਰ ਕਰ ਸਕੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਫੈਸਲੇ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਠੇਕੇਦਾਰ ਵਲੋਂ ਮੁੜ ਕਾਰਾਂ ਨੂੰ ਟੋਅ ਵੈਨਾਂ ਰਾਹੀ ਚੁੱਕਣ ਦਾ ਅਮਲ ਤੇਜ ਹੋ ਜਾਵੇਗਾ। ਉਧਰ ਕਮੇਟੀ ਦੀ ਮੀਟਿੰਗ ਵਿਚ ਸਥਾਨਕ ਰੋਜ਼ ਗਾਰਡਨ ਦੇ ਸਾਹਮਣੇ ਖਾਲੀ ਪਈ ਜ਼ਮੀਨ ਵਿਚ ਪੰਜਾਬ ਸਰਕਾਰ ਵਲੋਂ ਬਣਾਏ ਜਾਣ ਵਾਲੇ ਬਟਾਨੀਕਲ ਗਾਰਡਨ ਬਣਾਉਣ ਦੇ ਮਤੇ ਨੂੰ ਪਾਸ ਕਰਦਿਆਂ ਇਸਦੇ ਲਈ ਕੰਸਲਟੈਂਸੀ ਸੁਵਿਧਾ ਲੈਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਨਿਗਮ ਦੇ ਜਨਰਲ ਹਾਊਸ ਵਲੋਂ ਪਾਸ ਕੀਤੇ ਮਤੇ ਦੇ ਆਧਾਰ ’ਤੇ ਸਥਾਨਕ ਸਿਵਲ ਸਟੇਸ਼ਨ ਇਲਾਕੇ ਵਿਚ ਨਗਰ ਨਿਗਮ ਦਫ਼ਤਰ ਦੀ ਬਹੁਮੰਜਿਲਾਂ ਇਮਾਰਤ ਬਣਾਉਣ ਲਈ ਉਸਦੇ ਡਿਜਾਇਨ ਤੇ ਹੋਰਨਾਂ ਜਰੂਰਤਾਂ ਲਈ ਆਰਕੀਟੈਕਟ ਤੇ ਕੰਸਲਟੈਂਸੀ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ। ਇੱਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਵਲੋਂ ਬਠਿੰਡਾ ’ਚ ਅਵਾਰਾ ਪਸ਼ੂਆਂ ਨੂੰ ਫ਼ੜਣ ਲਈ ਸ਼ੁਰੂ ਕੀਤੇ ਜਾਣ ਵਾਲੇ ਪਾਇਲਟ ਪ੍ਰੋਜੈਕਟ ਨੂੰ ਵੀ ਮੰਨਜੂਰੀ ਦਿੰਤੀ ਗਈ।
ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ: ਨਿਯਮਾਂ ਵਿਚ ਨਹੀਂ ਹੋਵੇਗੀ ਕੋਈ ਤਬਦੀਲੀ
4 Views