ਇਕ ਗੈਂਗਸਟਰ ਨੂੰ ਫਿਰੋਜ਼ਪੁਰ ਦੀ ਜੇਲ੍ਹ ਚੋਂ ਬਠਿੰਡਾ ਪੁਲਸ ਨੇ ਲਿਆਂਦਾ ਪ੍ਰੋਡਕਸ਼ਨ ਵਰੰਟ ‘ਤੇ
ਵਪਾਰੀ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਦੋ ਗੈਂਗਸਟਰ ਹਾਲੇ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ : ਕਰੀਬ ਇੱਕ ਹਫ਼ਤਾ ਪਹਿਲਾਂ ਜ਼ਿਲ੍ਹੇ ਦੀ ਰਾਮਾ ਮੰਡੀ ਦੇ ਇੱਕ ਵਪਾਰੀ ਤੋਂ ਵਟਸਅੇਪ ਕਾਲ ਕਰਕੇ ਇੱਕ ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਬਠਿੰਡਾ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਫ਼ਿਰੋਜ਼ਪੁਰ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡੈਕਸ਼ਨ ਵਰੰਟ ’ਤੇ ਲਿਆਂਦਾ ਗਿਆ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐੱਸਐੱਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਪਿਛਲੇ ਹਫਤੇ ਰਾਮਾ ਮੰਡੀ ਦੇ ਇੱਕ ਵਪਾਰੀ ਨੂੰ ਕਾਲ ਕਰਕੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਅਤੇ ਉਸਦੇ ਨਾਲ ਹੀ ਸਿੱਧੂ ਮੂਸੇਵਾਲਾ ਕੇਸ ਵਿਚ ਸ਼ਾਮਲ ਰਿਹਾ ਇਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ ਅਜੋਕੇ ਸਮੇਂ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਵੱਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਗੈਂਗਸਟਰਾਂ ਵੱਲੋਂ ਵਪਾਰੀ ਨੂੰ ਡਰਾਉਣ ਲਈ ਦੋ ਸ਼ਾਰਪ ਸ਼ੂਟਰ ਉਸ ਦੇ ਘਰ ਅੱਗੇ ਹਵਾਈ ਫਾਇਰ ਕਰਨੇ ਭੇਜੇ ਗਏ ਸਨ, ਜਿੰਨ੍ਹਾਂ ਵਪਾਰੀ ਦੇ ਘਰ ਅੱਗੇ ਫ਼ਾਈਰ ਕੀਤੇ ਤੇ ਇਸੇ ਦੌਰਾਨ ਗੈਂਗਸਟਰ ਗੋਲਡੀ ਬਰਾੜ ਦੁਆਰਾ ਉਕਤ ਵਪਾਰੀ ਦੇ ਮੋਬਾਇਲ ਫ਼ੋਨ ’ਤੇ ਸੁਨੇਹਾ ਭੇਜਿਆ ਗਿਆ ਕਿ ਜੇਕਰ ਫ਼ਿਰੌਤੀ ਨਾ ਦਿੱਤੀ ਤਾਂ ਇਹ ਗੋਲੀਆਂ ਉਸਦੇ ਲੱਗਣਗੀਆਂ। ਇਸ ਦੌਰਾਨ ਪੁਲਿਸ ਨੇ ਵੀ ਕਾਰਵਾਈ ਕਰਦਿਆਂ ਡੀਐੱਸਪੀ ਤਲਵੰਡੀ ਸਾਬੋ ਨਿਤਿਨ ਬਾਂਸਲ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਥਾਣਾ ਰਾਮਾ ਮੰਡੀ ਦੇ ਐਸ.ਐਚ.ਓ ਤੋਂ ਇਲਾਵਾ ਸੀਆਈਏ-2 ਅਤੇ ਸਪੈਸ਼ਲ ਵਿੰਗ ਦੇ ਇੰਚਾਰਜ਼ ਦਲਜੀਤ ਬਰਾੜ ਨੂੰ ਸ਼ਾਮਲ ਕੀਤਾ ਗਿਆ। ਇਸ ਟੀਮ ਵਲੋਂ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਤੋਂ ਬਾਅਦ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਯੋਜਨਾ ਉਸ ਨੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਅਤੇ ਆਪਣੇ ਨਾਲ ਹੀ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਤਰਨਜੀਤ ਸਿੰਘ ਤੰਨਾ ਨਾਲ ਮਿਲ ਕੇ ਬਣਾਈ ਸੀ। ਇਸ ਤੋਂ ਬਾਅਦ ਅੰਗਰੇਜ਼ ਸਿੰਘ ਉਰਫ ਲਾਡੀ ਆਪਣੇ ਇੱਕ ਸਾਥੀ ਹਰਮਨ ਵਾਸੀ ਜੱਜਲ ਨਾਲ ਜਾ ਕੇ ਹਥਿਆਰ ਲੈ ਕੇ ਆਇਆ ਅਤੇ ਇਨ੍ਹਾਂ ਹਥਿਆਰਾਂ ਦੇ ਨਾਲ ਗੈਂਗਸਟਰ ਜਸਵਿੰਦਰ ਉਸ ਘੋੜਾ ਅਤੇ ਗੁਰਦਾਸਪੁਰ ਨਾਲ ਸਬੰਧਤ ਦੋ ਹੋਰ ਸੂਤਰਾਂ ਰਵਿੰਦਰ ਉਰਫ ਅਭੀ ਅਤੇ ਨਵਦੀਪ ਨਵੀ ਨੇ ਵਪਾਰੀ ਦੇ ਘਰ ਅੱਗੇ ਫਾਇਰਿੰਗ ਕੀਤੀ ਸੀ। ਐਸ.ਐਯ.ਪੀ ਨੇ ਦਸਿਆ ਕਿ ਹਵਾਈ ਫਾਇਰ ਕਰਨ ਵਾਲੇ ਜਸਵਿੰਦਰ ਉਰਫ ਘੋੜਾ ਸਹਿਤ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਗਰੇਜ ਉਰਫ ਲਾਡੀ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ ਤੇ ਇੰਨ੍ਹਾਂ ਕੋਲੋ ਇੱਕ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦੀ ਹੀ ਗੈਂਗਸਟਰ ਤਰਨਜੋਤ ਖੰਨਾ ਨੂੰ ਵੀ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਜਾਵੇਗਾ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਲੋੜੀਂਦਾ ਕਥਿਤ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾਡ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਅਤੇ ਹੋਰਨਾਂ ਥਾਵਾਂ ਤੇ ਵਪਾਰੀਆਂ ਅਤੇ ਆਮ ਲੋਕਾਂ ਤਕ ਗੋਲਡੀ ਬਰਾੜ ਦੇ ਨਾਂ ਤੇ ਫਿਰੌਤੀਆਂ ਮੰਗਣੀਆਂ ਲਗਾਤਾਰ ਕਾਲਾਂ ਆਉਣ ਲੱਗੀਆਂ ਸਨ ਪ੍ਰੰਤੂ ਇਨ੍ਹਾਂ ਵਿੱਚੋਂ ਕਾਫ਼ੀ ਸਾਰੀਆਂ ਫੇਕ ਸਨ ਜਦੋਂ ਕਿ ਰਾਮਾ ਮੰਡੀ ਦੇ ਵਪਾਰੀ ਆਈ ਕਾਲ ਗੋਲਡੀ ਬਰਾੜ ਵੱਲੋਂ ਹੀ ਕੀਤੀ ਗਈ ਸੀ।
Share the post "ਬਠਿੰਡਾ ਦੀ ਰਾਮਾ ਮੰਡੀ ਚ ਰਹਿੰਦੇ ਵਪਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਦੇ ਦੋ ਸਾਥੀ ਕਾਬੂ"