6 ਹਲਕਿਆਂ ਵਿਚੋਂ ਚਾਰ ਉਮੀਦਵਾਰ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਬਠਿੰਡਾ ’ਚ ਕਾਂਗਰਸ ਪਾਰਟੀ ਨੇ ਟਕਸਾਲੀਆਂ ਦਾ ਸਫ਼ਾਇਆ ਕਰਦਿਆਂ ਕੁੱਲ 6 ਵਿਧਾਨ ਸਭਾ ਹਲਕਿਆਂ ਵਿਚੋਂ 4 ਉਮੀਦਵਾਰ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਉਤਾਰ ਦਿੱਤੇ ਹਨ। ਅੱਜ ਪਾਰਟੀ ਵਲੋਂ ਜਾਰੀ ਲਿਸਟ ਦੀ ਪੜਤਾਲ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਬਠਿੰਡਾ ਜ਼ਿਲੇ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਨੇ ਤਿੰਨ ਹਲਕਿਆਂ ਵਿਚੋਂ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਆਗੂਆਂ ਨੂੰ ਟਿਕਟ ਦਿੱਤੀ ਹੈ ਜਦੋਂਕਿ ਇੱਕ ਹਲਕੇ ਤੋਂ ਮਾਨਸਾ ਸਹਿਰ ਦੇ ਵਾਸੀ ਨੂੰ ਟਿਕਟ ਦਿੱਤੀ ਹੈ। ਬਾਹਰਲਿਆਂ ਨੂੰ ਟਿਕਟ ਮਿਲਣ ’ਤੇ ਬਠਿੰਡਾ ਨਾਲ ਸਬੰਧਤ ਕਾਂਗਰਸੀ ਠੱਗੇ ਮਹਿਸੂਸ ਕਰ ਰਹੇ ਹਨ। ਇੱਕ ਕਾਂਗਰਸੀ ਆਗੂ ਨੇ ਨਾਮ ਨਾਂ ਛਾਪਣ ਦੀ ਸਰਤ ’ਤੇ ਦਸਿਆ ਕਿ ‘‘ ਬਠਿੰਡਾ ਜ਼ਿਲ੍ਹੇ ਦੇ ਕਾਂਗਰਸੀਆਂ ਨੂੰ ਪਾਰਟੀ ਖੂੰਜੇ ਲਗਾਉਣ ਲੱਗੀ ਹੋਈ ਹੈ। ’’ ਵਿਸਲੇਸ਼ਣ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਤੋਂ ਪਾਰਟੀ ਦੇ ਮੁੜ ਉਮੀਦਵਾਰ ਬਣਾਏ ਗਏ ਮਨਪ੍ਰੀਤ ਸਿੰਘ ਬਾਦਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦੇ ਰਹਿਣ ਵਾਲੇ ਹਨ। ਹਾਲਾਂਕਿ ਉਨ੍ਹਾਂ ਐਨ ਚੌਣਾਂ ਦੇ ਮੌਕੇ ਬਠਿੰਡਾ ’ਚ ਇੱਕ ਪਲਾਟ ਲੈ ਕੇ ਚਾਰਦੀਵਾਰੀ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੱਕੀ ਰਿਹਾਇਸ਼ ਪਿੰਡ ਬਾਦਲ ਵਿਖੇ ਹੀ ਹੈ। ਇਸੇ ਤਰ੍ਹਾਂ ਭੁੱਚੋਂ ਮੰਡੀ ਹਲਕੇ ਤੋਂ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪੱਕੀ ਰਿਹਾਇਸ਼ ਵੀ ਪਿੰਡ ਕੋਟਭਾਈ ਵਿਚ ਹੀ ਹੈ। ਉਧਰ ਤਲਵੰਡੀ ਸਾਬੋ ਤੋਂ ਦੂਜੀ ਵਾਰ ਚੋਣ ਲੜਣ ਵਾਲੇ ਖ਼ੁਸਬਾਜ ਸਿੰਘ ਜਟਾਣਾ ਦਾ ਜੱਦੀ ਪਿੰਡ ਪੰਨੀਵਾਲਾ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ ਪੈਂਦਾ ਹੈ। ਉਜ ਉਨ੍ਹਾਂ ਪਿਛਲੇ ਸਮੇਂ ਤੋਂ ਅਪਣੀ ਰਿਹਾਇਸ਼ ਬਠਿੰਡਾ ਸ਼ਹਿਰ ਵਿਚ ਰੱਖੀ ਹੋਈ ਹੈ। ਇਸੇ ਤਰ੍ਹਾਂ ਜੇਕਰ ਗੱਲ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਮੋੜ ਦੀ ਕੀਤੀ ਜਾਵੇ ਤਾਂ ਇੱਥੋਂ ਵੀ ਕਾਂਗਰਸ ਪਾਰਟੀ ਨੇ ਮਾਨਸਾ ਸ਼ਹਿਰ ਦੀ ਵਸਨੀਕ ਸ਼੍ਰੀ ਮੰਜੂ ਬਾਂਸਲ ਨੂੰ ਟਿਕਟ ਦੇ ਕੇ ਨਿਵਾਜ਼ਿਆ ਹੈ। ਜਿਸਤੋਂ ਬਾਅਦ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਿਰਫ਼ ਦੋ ਕਾਂਗਰਸੀਆਂ ਨੂੰ ਹੀ ਟਿਕਟ ਮਿਲੀ ਹੈ, ਜਿੰਨ੍ਹਾਂ ਵਿਚੋਂ ਫ਼ੂਲ ਹਲਕੇ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਅਤੇ ਬਠਿੰਡ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਸ਼ਾਮਲ ਹਨ।
ਬਾਕਸ
ਮੌਜੂਦਾ ਉਮੀਦਵਾਰਾਂ ਵਿਚੋਂ ਜਿਆਦਾਤਰ ਦਾ ਪਿਛੋਕੜ ਵੀ ਗੈਰ-ਕਾਂਗਰਸੀ
ਬਠਿੰਡਾ: ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਵਲੋਂ ਉਤਾਰੇ 6 ਉਮੀਦਵਾਰਾਂ ਵਿਚੋਂ ਜਿਆਦਾਤਰ ਦਾ ਪਿਛੋਕੜ ਵੀ ਗੈਰ-ਕਾਂਗਰਸੀ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕੱਟੜ ਅਕਾਲੀ ਰਹੇ ਹਨ ਤੇ ਉਨ੍ਹਾਂ ਉਪਰ ਗਿੱਦੜਵਹਾ ਹਲਕੇ ਤੋਂ ਵਿਧਾਇਕ ਰਹਿੰਦੇ ਸਮੇਂ ਕਾਂਗਰਸੀਆਂ ਨਾਲ ਧੱਕੇਸ਼ਾਹੀ ਦੇ ਆਰੋਪ ਲੱਗਦੇ ਰਹੇ ਹਨ। ਇਸੇ ਤਰ੍ਹਾਂ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਅਪਣਾ ਸਿਆਸੀ ਕੈਰੀਅਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਕੇ ਕੀਤਾ ਸੀ। ਹਲਕਾ ਫ਼ੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ੍ਹ ਵੀ ਲੰਮਾ ਸਮਾਂ ਅਕਾਲੀ ਦਲ ਵਿਚ ਰਹਿਣ ਤੋਂ ਬਾਅਦ ਬਤੌਰ ਅਜਾਦ ਵਿਧਾਇਕ ਜਿੱਤ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ। ਮੋੜ ਤੋਂ ਮੰਜੂ ਬਾਂਸਲ ਦੇ ਪਤੀ ਮੰਗਤ ਰਾਏ ਬਾਂਸਲ ਪਹਿਲਾਂ ਬਸਪਾ ਵਿਚ ਰਹੇ ਹਨ ਤੇ ਇੱਕ ਵਾਰ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਵੀ ਸ਼ਾਮਲ ਹੋ ਗਏ ਸਨ। ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਵੀ ਕਾਂਗਰਸ ਛੱਡ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਿਚ ਸ਼ਾਮਲ ਹੋਣ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਵਿਚ ਰਹੇ ਹਨ।