ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਨਵੇਂ ਆਏ ਜ਼ਿਲ੍ਹੇ ਦੇ ਆਈ ਪੀ ਐਸ ਸ਼੍ਰੀਮਤੀ ਅਮਨੀਤ ਕੋਡਲ ਨੇ ਅੱਜ ਇੱਥੇ ਪਹਿਲੀ ਮਹਿਲਾ ਐਸ ਐਸ ਪੀ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਮੌਜੂਦਾ ਸਮੇਂ ਸ਼੍ਰੀਮਤੀ ਅਮਨੀਤ ਕੋਡਲ ਡੀ.ਆਈ.ਜੀ ਜੇਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ, ਜਦਕਿ ਇਸ ਤੋ ਪਹਿਲਾਂ ਉਹ ਹੁਸ਼ਿਆਰਪੁਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਐਸ ਐਸ ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦਾ ਇੱਥੋਂ ਦੇ ਲੇਕ ਵਿਊ ਹੋਟਲ ਵਿਖੇ ਪਹੁੰਚਣ ’ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਇਸ ਉਪਰੰਤ ਐਸ ਐਸ ਪੀ ਸ਼੍ਰੀਮਤੀ ਅਮਨੀਤ ਕੋਡਲ ਵੱਲੋਂ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਕੇ ਉਨ੍ਹਾਂ ਕੋਲੋਂ ਜ਼ਿਲ੍ਹੇ ਅੰਦਰ ਚੋਣਾਂ ਨਾਲ ਸਬੰਧਤ ਹੁਣ ਤੱਕ ਆਮ ਲੋਕਾਂ ਦੀ ਸੁਰੱਖਿਆ ਲਈ ਕੀਤੀਆਂ ਗਈਆਂ ਤਿਆਰੀਆਂ ਤੋਂ ਇਲਾਵਾ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੋਂ ਇਲਾਵਾ ਜ਼ਿਲ੍ਹੇ ਅੰਦਰ ਲਾਅ ਐਂਡ ਆਰਡਰ ਮੈਨਟੇਨ ਰੱਖਣ ਦੇ ਵੀ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਅਪਣੀ ਪਲੇਠੀ ਪ੍ਰੈੱਸ ਮਿਲਣੀ ਦੌਰਾਨ ਮੀਡੀਆਂ ਕਰਮੀਆਂ ਕੋਲੋਂ ਵਿਸ਼ੇਸ਼ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿਵਾਇਆ ਕਿ ਜ਼ਿਲੇ੍ਹ ਵਿਚ ਵਿਧਾਨ ਸਭਾ ਚੋਣਾਂ-2022 ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ ਅਤੇ ਬਿਨ੍ਹਾਂ ਡਰ-ਭੈ ਦੇ ਕਰਵਾਈਆਂ ਜਾਣਗੀਆਂ।
Share the post "ਬਠਿੰਡਾ ਦੀ ਪਹਿਲੀ ਮਹਿਲਾ ਐਸ ਐਸ ਪੀ ਵਜੋਂ ਸ੍ਰੀਮਤੀ ਅਮਨੀਤ ਕੋਡਲ ਨੇ ਸੰਭਾਲਿਆ ਚਾਰਜ"