ਬਠਿੰਡਾ, 25 ਨਵੰਬਰ: ਪਿਛਲੇ ਕੁੱਝ ਮਹੀਨਿਆਂ ਤੋਂ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿਚ ਚੱਲੇ ਆ ਰਹੇ ਥਾਣਾ ਨਹਿਆਂਵਾਲਾ ਉਪਰ ਬੀਤੀ ਦੇਰ ਸ਼ਾਮ ਅਦਾਲਤ ਦੇ ਵਾਰੰਟ ਅਫ਼ਸਰ ਵਲੋਂ ਛਾਪਾ ਮਾਰਿਆਂ ਗਿਆ। ਇਸ ਸਬੰਧ ਵਿਚ ਨਸ਼ਾ ਤਸਕਰੀ ’ਚ ਫ਼ੜੇ ਇੱਕ ਨੌਜਵਾਨ ਦੇ ਪ੍ਰਵਾਰਕ ਮੈਂਬਰਾਂ ਵਲੋਂ ਨੌਜਵਾਨ ਦੀ ਮਾਤਾ ਨੂੰ ਵੀ ਥਾਣੇ ਅੰਦਰ ਜਬਰੀ ਬੰਦ ਕਰਨ ਦੇ ਦੋਸ਼ ਲਗਾਏ ਸਨ। ਹਾਲਾਂਕਿ ਮੁਢਲੀ ਸੂਚਨਾ ਮੁਤਾਬਕ ਛਾਪੇਮਾਰੀ ਦੌਰਾਨ ਜੱਜ ਨੂੰ ਥਾਣੇ ਅੰਦਰੋਂ ਕੋਈ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖੀ ਔਰਤ ਬਰਾਮਦ ਨਹੀਂ ਹੋਈ। ਹਾਲਾਂਕਿ ਜੱਜ ਦੀ ਇਸ ਛਾਪੇਮਾਰੀ ਤੋਂ ਬਾਅਦ ਔਰਤ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਦਾਅਵਾ ਕੀਤਾ ਕਿ ਜੱਜ ਦੇ ਛਾਪੇਮਾਰੀ ਦੀ ਭਿਣਕ ਪੈਦਿਆਂ ਹੀ ਥਾਣੇ ਦੀ ਇੱਕ ਮਹਿਲਾ ਮੁਲਾਜਮ ਨੇ ਉਸਨੂੰ ਜਬਰੀ ਬਾਹਰ ਕੱਢ ਦਿੱਤਾ।
ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਦੇ ਪੁੱਤਰ ਨੂੰ ਮਿਲਾਉਣ ਬਦਲੇ ਥਾਣੇ ਦੇ ਮੁਲਾਜਮਾਂ ਵਲੋਂ ਉਸਤੋਂ ਰਿਸ਼ਵਤ ਮੰਗੀ ਅਤੇ ਮੌਕੇ ਤੋਂ ਬਰਾਮਦ ਹੋਈ ਡਰੱਗ ਮਨੀ ਵੀ ਦਰਜ਼ ਕੀਤੇ ਕੇਸ ਵਿਚ ਪੂਰੀ ਨਹੀਂ ਦਰਸਾਈ।ਦੂਜੇੇ ਪਾਸੇ ਹਲਕਾ ਭੁੱਚੋਂ ਦੇ ਡੀਐਸਪੀ ਰਛਪਾਲ ਸਿੰਘ ਜੋਕਿ ਜੱਜ ਦੀ ਛਾਪੇਮਾਰੀ ਦੌਰਾਨ ਮੌਕੇ ‘ਤੇ ਪੁੱਜ ਗਏ ਦੱਸੇ ਜਾ ਰਹੇ ਹਨ, ਨੇ ਦਾਅਵਾ ਕੀਤਾ ਕਿ ‘‘ ਮਾਣਯੋਗ ਅਦਾਲਤ ਦੁਆਰਾ ਨਿਯੁਕਤ ਕੀਤੇ ਵਾਰੰਟ ਅਫ਼ਸਰ ਵਲੋਂ ਥਾਣੇ ਦੀ ਚੈਕਿੰਗ ਕੀਤੀ ਗਈ ਸੀ ਪ੍ਰੰਤੂ ਇੱਥੇ ਕਿਸੇ ਨੂੰ ਵੀ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਨਹੀਂ ਰੱਖਿਆ ਹੋਇਆ ਸੀ। ’’ ਉਨ੍ਹਾਂ ਕਿਹਾ ਕਿ ਜਿਸ ਪ੍ਰਵਾਰ ਵਲੋਂ ਇਹ ਸਿਕਾਇਤ ਕੀਤੀ ਗਈ ਸੀ, ਉਸ ਪ੍ਰਵਾਰ ਦਾ ਇੱਕ ਨੌਜਵਾਨ ਦੋ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਆਰੋਪਾਂ ਹੇਠ ਇੱਕ ਲੜਕੀ ਸਹਿਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੇ ਪੁਲਿਸ ’ਤੇ ਦਬਾਅ ਬਣਾਉਣ ਲਈ ਇਹ ਝੂਠੀ ਸਿਕਾਇਤ ਕੀਤੀ ਗਈ ਸੀ।
ਬਠਿੰਡਾ ਪੁਲਿਸ ਲਾਈਨ ਵਿੱਚ ਤੈਨਾਤ ਮੁਲਾਜ਼ਮ ਦੇ ਲੱਗੀ ਗੋਲੀ, ਹਾਲਤ ਗੰਭੀਰ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਇਹ ਥਾਣਾ ਅਤੇ ਖ਼ਾਸਕਰ ਇਸ ਥਾਣੇ ਦੀ ਮੁਖੀ ਮਹਿਲਾ ਸਬ ਇੰਸਪੈਕਟਰ ਪਿਛਲੇ ਕੁੱਝ ਸਮੇਂ ਦੌਰਾਨ ਕਿਸਾਨਾਂ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਵਿਚ ਰਹਿ ਰਹੀ ਹੈ, ਜਿਸਦੇ ਚੱਲਦੇ ਜੱਜ ਦੇ ਛਾਪੇ ਨੇ ਮੁੜ ਇਸ ਥਾਣੇ ਨੂੰ ਸੁਰਖੀਆਂ ਵਿਚ ਲੈ ਆਂਦਾ ਹੈ। ਇਸ ਮਾਮਲੇ ਵਿਚ ਥਾਣਾ ਮੁਖੀ ਕਰਮਜੀਤ ਕੌਰ ਨੇ ਸੰਪਰਕ ਕਰਨ ’ਤੇ ਦਸਿਆ ਕਿ ਕਥਿਤ ਦੋਸ਼ੀਆਂ ਅਜੈ ਅਤੇ ਮੁਸਕਾਨ ਨੂੰ ਦੋ ਦਿਨ ਪਹਿਲਾਂ ਜੀਦਾ ਟੋਲ ਪਲਾਜ਼ਾ ਤੋਂ 253 ਗ੍ਰਾਂਮ ਚਿੱਟਾ ਅਤੇ 93 ਹਜ਼ਾਰ ਦੇ ਕਰੀਬ ਡਰੱਗ ਮਨੀ ਸਹਿਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿਚ ਉਨ੍ਹਾਂ ਦੇ ਇੰਕਸਾਫ਼ ਉਪਰ 10 ਗ੍ਰਾਂਮ ਹੋਰ ਚਿੱਟਾ ਅਤੇ 5 ਲੱਖ 30 ਹਜ਼ਾਰ ਰੁਪਏ ਹੋਰ ਡਰੱਗ ਮਨੀ ਦੇ ਬਰਾਮਦ ਹੋਏ ਹਨ, ਜਿਸਦੇ ਚੱਲਦੇ ਪ੍ਰਵਾਰ ਵਲੋਂ ਇਹ ਝੂਠੀ ਸਿਕਾਇਤ ਕਰਕੇ ਮਾਮਲੇ ਨੂੰ ਭਟਕਾਉਣ ਦਾ ਯਤਨ ਕੀਤਾ ਹੈ।