ਮਹਿਲਾ ਵਰਗੀਆਂ ਕੋਠੀਆਂ ਦੇ ਅੱਗੇ ਕਬਜ਼ਾ ਕਰਕੇ ਬਣਾਏ ਗਏ ਪਾਰਕਾਂ ਅਤੇ ਗੈਰਿਜਾਂ ਨੂੰ ਕੀਤਾ ਮਲੀਆਮੇਟ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਬਠਿੰਡਾ ਡਿਵੇਲਪਮੈਂਟ ਅਥਾਰਟੀ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਉੂਨ ਦੇ ਫ਼ੇਜ 2 ਵਿਚ ਨਜਾਇਜ਼ ਕਬਜ਼ੇ ਕਰਕੇ ਘਰਾਂ ਅੱਗੇ ਬਣੇ ਨਜਾਇਜ਼ ਢਾਂਚੇ ਨੂੰ ਢਾਹ ਦਿੱਤਾ ਗਿਆ। ਬੀਡੀਏ ਦੇ ਏਸੀਏ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ ਚਲਾਈ ਇਸ ਮੁਹਿੰਮ ਵਿਚ ਦਰਜ਼ਨਾਂ ਮਹਿਲਾ ਵਰਗੀਆਂ ਕੋਠੀਆਂ ਦੇ ਅੱਗੇ ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਬਣਾਏ ਗਏ ਪਾਰਕਾਂ ਅਤੇ ਗੈਰਿਜਾਂ ਨੂੰ ਜੇਸੀਬੀ ਮਸ਼ੀਨਾਂ ਦੀ ਮੱਦਦ ਨਾਲ ਮਲੀਆ-ਮੇਟ ਕਰ ਦਿੱਤਾ। ਹਾਲਾਂਕਿ ਇਸ ਮੌਕੇ ਕੁੱਝ ਘਰਾਂ ਵਿਚੋਂ ਵਿਰੋਧ ਵੀ ਕੀਤਾ ਗਿਆ ਪ੍ਰੰਤੂ ਹਾਈਕੋਰਟ ਦੇ ਹੁਕਮਾਂ ’ਤੇ ਹੋਈ ਇਸ ਕਾਰਵਾਈ ਨੂੰ ਜਾਰੀ ਰੱਖਿਆ ਗਿਆ। ਇਸ ਮੌਕੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਵੀ ਮੌਜੂਦ ਰਹੇ। ਇਸਤੋਂ ਇਲਾਵਾ ਡਿਊਟੀ ਮੈਜਿਸਟਰੇਟ ਵਜੋਂ ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ। ਇੱਥੇ ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਮਾਡਲ ਟਾਊਨ ਅਤੇ ਹੋਰਨਾਂ ਪਾਸ਼ ਇਲਾਕਿਆਂ ਵਿਚ ਸੜਕਾਂ ਦੇ ਨਾਲ ਨਾਲ ਫੁੱਟਪਾਥ ਅਤੇ ਪਾਰਕਿੰਗ ਲਈ ਛੱਡੀ ਕਈ-ਕਈ ਫੁੱਟ ਸਰਕਾਰੀ ਜਗ੍ਹਾ ਨੂੰ ਇੰਨ੍ਹਾਂ ਕੋਠੀਆਂ ਦੇ ਮਾਲਕਾਂ ਵੱਲੋਂ ਆਪਣੇ ਨਿੱਜੀ ਉਪਯੋਗ ਲਈ ਗਰਿੱਲਾਂ ਲਗਾ ਕੇ ਵਰਤਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਾਰਨ ਸੜਕਾਂ ਦੇ ਨਾਲ ਛੱਡੀ ਇਹ ਸਰਕਾਰੀ ਜਗ੍ਹਾ ਲਗਭਗ ਖਤਮ ਹੋ ਗਈ ਸੀ ਤੇ ਆਮ ਲੋਕਾਂ ਨੂੰ ਦਿੱਕਤਾਂ ਆਉਣ ਲੱਗੀਆਂ ਸਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਬੀਡੀਏ ਵੱਲੋ ਮਾਡਲ ਟਾਉਨ ਫੇਜ਼ 1 ਇਲਾਕੇ ਦੇ ਵਿਚ ਵੀ ਇਹ ਮੁਹਿੰਮ ਚਲਾਈ ਗਈ ਸੀ ਪ੍ਰੰਤੂ ਉਸ ਸਮੇਂ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਇਹ ਮਾਮਲਾ ਹਾਈ ਕੋਰਟ ਵਿਚ ਵੀ ਚਲਿਆ ਗਿਆ ਸੀ। ਬੀਡੀਏ ਦੇ ਏਸੀਏ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਉਧਰ ਸਥਾਨਕ ਲੋਕਾਂ ਨੇ ਇਸ ਮੁਹਿੰਮ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਕਿ ਬੀਡੀਏ ਵਲੋਂ ਜਾਣਬੁੱਝ ਕੇ ਇਹ ਮੁਹਿੰਮ ਅਪਣੀ ਮਨਮਰਜ਼ੀ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਉਂਗਲ ਖ਼ੜੀ ਕਰਦਿਆਂ ਕਿਹਾ ਫ਼ੇਜ ਇੱਕ ਵਿਚ ਬੀਡੀਏ ਦਫ਼ਤਰ ਦੇ ਸਾਹਮਣੇ ਇਸਤੋਂ ਵੱਡੇ ਨਜਾਇਜ਼ ਕਬਜ਼ੇ ਹੋਏ ਹਨ ਪ੍ਰੰਤੂ ਉਧਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸਤੋਂ ਇਲਾਵਾ ਕਈ ਲੋਕਾਂ ਨੇ ਬੀਡੀਏ ਦੀ ਕਾਰਵਾਈ ਕਾਰਨ ਹੋ ਰਹੇ ਜਿਆਦਾ ਨੁਕਸਾਨ ਨੂੰ ਦੇਖਦਿਆਂ ਇਹ ਜਗ੍ਹਾਂ ਖੁਦ ਖ਼ਾਲੀ ਕਰਨ ਲਈ ਕੁੱਝ ਸਮਾਂ ਦੇਣ ਦੀ ਅਪੀਲ ਕੀਤੀ, ਜਿਸਦੇ ਚੱਲਦੇ ਉਨ੍ਹਾਂ ਨੂੰ ਬੀਡੀਏ ਨੇ ਵੀ ਸਮਾਂ ਦੇ ਦਿੱਤਾ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਆਉਣ ਵਾਲੇ ਦਿਨਾਂ ’ਚ ਬੀਡੀੲੈ ਵਲੋਂ ਅਜਿਹੀ ਹੀ ਕਾਰਵਾੲਂੀ ਮਾਡਲ ਟਾਊਨ ਫੇਜ਼ 3 ਵਿਚ ਵੀ ਕਰਨ ਦੀ ਕੰਨਸੋਅ ਮਿਲਦਿਆਂ ਇਸ ਖੇਤਰ ਦੇ ਲੋਕਾਂ ਨੇ ਵੀ ਇਕਜੁਟ ਹੋਣਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਲੋਕਾਂ ਨੇ ਇਸ ਮੌਕੇ ਦਸਿਆ ਕਿ ਪਲਾਟ ਕੱਟਣ ਸਮੇਂ ਇੱਥੇ ਪੂਰੀ ਸੁਰੱਖਿਆ ਮੁਹੱਈਆਂ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਪੁੱਡਾ ਵਲੋਂ ਕੋਈ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਤੇ ਨਾ ਹੀ ਇੱਥੇ ਹਰ ਵਕਤ ਤੁਰਨ ਵਾਲੇ ਅਵਾਰਾ ਪਸ਼ੂਆਂ ਦੀ ਸਮੱਸਿਅ ਦਾ ਕੋਈ ਹੱਨ ਕੀਤਾ ਗਿਆ ਹੈ।
ਬਠਿੰਡਾ ਦੇ ਪਾਸ਼ ਇਲਾਕੇ ਵਿੱਚ ਚਲਿਆ ਬੀਡੀਏ ਦਾ ਪੀਲਾ ਪੰਜਾ
28 Views