ਸੁਖਜਿੰਦਰ ਮਾਨ
ਬਠਿੰਡਾ, 1 ਜਨਵਰੀ: ਬਠਿੰਡਾ ਪੱਟੀ ’ਚ ਰਹਿਣ ਵਾਲੇ ਲੋਕਾਂ ਨੂੰ ਹੁਣ ਅਪਣੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੰਤਾ ਜਾਂਚ ਲਈ ਦੂਰ ਨਹੀਂ ਜਾਣਾ ਪਏਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਖੇਤਰੀ ਖੋਜ ਕੇਂਦਰ ਵਿਚ ਫ਼ੂਡ ਟੈਸਟਿੰਗ ਲੈਬ ਚਾਲੂ ਹੋ ਗਈ ਹੈ। ਕੇਂਦਰ ਦੇ ਨਿਰਦੇਸ਼ਕ ਦਾਕਟਰ ਜਗਦੀਸ਼ ਗਰੋਵਰ ਨੇ ਦੱਸਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਖੇਤਰ ਵਿੱਚ ਖਾਦ ਪਦਾਰਥਾਂ ਦੀ ਜਾਂਚ ਸੁਵਿਧਾਵਾਂ ਨੂੰ ਵਧਾਉਣ ਲਈ ਇੱਕ ਭੋਜਨ ਗੁਣਵੱਤਾ ਜਾਂਚ ਪ੍ਰਯੋਗਸ਼ਾਲਾ / ਫੂਡ ਟੈਸਟਿੰਗ ਲੈਬ ਦੀ ਸਥਾਪਨਾ ਕੇਂਦਰੀ ਫੂਡ ਪ੍ਰੋਸੈਸਿੰਗ ਵਿਭਾਗ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਹੈ। ਲੈਬ ਦੇ ਇੰਚਾਰਜ ਡਾਕਟਰ ਮੋਨਿਕਾ ਮਹਾਜਨ ਨੇ ਦਸਿਆ ਕਿ ਇਸ ਲੈਬ ਵਿਚ ਪਾਣੀ, ਦੁੱਧ, ਤੇਲ, ਅਨਾਜ, ਫਲ, ਸਬਜ਼ੀਆਂ ਅਤੇ ਉਹਨਾਂ ਦੇ ਪ੍ਰੋਸੈਸ ਕੀਤੇ ਉਤਪਾਦ ਜਿਵੇਂ ਕਿ ਜੈਮਸ, ਸਕਵੈਸ਼, ਅਚਾਰ, ਜੂਸ, ਪੈਅ ਪਦਾਰਥ, ਬੇਕਰੀ ਉਤਪਾਦ ਅਤੇ ਸ਼ਹਿਦ ਆਦਿ ਸ਼ਾਮਿਲ ਹਨ, ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਇਹ ਲੈਬ ਛੋਲਿਆਂ ਵਿਚ ਕੇਸਰੀ ਦਾਲ, ਦਾਲਾਂ ਵਿਚ ਪੀਲਾ ਮੈਟਨਿਲ, ਸ਼ੁੱਧ ਘਿਓ ਵਿਚ ਵੇਜੀਟੇਬਲ ਤੇਲ, ਸਰ੍ਹੋਂ ਦੇ ਤੇਲ ਵਿਚ ਅਰਗੇਮੋਨ, ਹਲਦੀ ਵਿਚ ਪੀਲਾ ਰੰਗ, ਮਿਰਚ ਵਿੱਚ ਲੈਡ ਪਊਡਰ ਅਤੇ ਦੁੱਧ ਦੇ ਨਮੂਨਿਆਂ ਵਿਚ ਸਟਾਰਚ, ਫਾਰਮਲਿਨ, ਯੂਰੀਆ ਆਦਿ ਦੀ ਮਿਲਾਵਟ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਰਸਾਇਣਕ ਜਾਂਚ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਕੀਤੀ ਜਾਂਦੀ ਭੋਜਨ ਜਾਂਚ ਐਫ.ਐਸ.ਐਸ.ਏ.ਆਈ. ਦੁਆਰਾ ਨਿਰਧਾਰਿਤ ਕੀਤੇ ਗਏ ਮਿਆਰਾਂ ’ਤੇ ਅਧਾਰਿਤ ਹੈ।
ਬਠਿੰਡਾ ਦੇ ਪੀਏਯੂ-ਖੇਤਰੀ ਖੋਜ ਕੇਂਦਰ ਵਿਖੇ ਚਾਲੂ ਹੋਈ ਫੂਡ ਟੈਸਟਿੰਗ ਲੈਬ
4 Views