ਪਹਿਲਾਂ ਕਿਸਾਨਾਂ ਨੇ ਡਰਾਈਵਰ ਕੁੱਟਿਆ
ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਅੱਜ ਸਵੇਰੇ ਕਰੀਬ ਸਾਢੇ 10 ਵਜੇਂ ਸਥਾਨਕ ਬੱਸ ਸਟੈਂਡ ਵਿਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਕਿਸਾਨਾਂ ਨੇ ਪੀਆਰਟੀਸੀ ਦਾ ਇੱਕ ਡਰਾਈਵਰ ਕੁੱਟ ਦਿੱਤਾ। ਇਸ ਮੌਕੇ ਕਈ ਸਵਾਰੀਆਂ ਵੀ ਚਪੇਟ ਵਿਚ ਆ ਗਈਆਂ ਪ੍ਰੰਤੂ ਜਦ ਇਸ ਘਟਨਾ ਦਾ ਪਤਾ ਪੀਆਰਟੀਸੀ ਦੇ ਮੁਲਾਜਮਾਂ ਨੂੰ ਲੱਗਿਆ ਤਾਂ ਉਨ੍ਹਾਂ ਅਪਣੇ ਡਰਾਈਵਰ ਦੀ ਕੁੱਟਮਾਰ ਕਰ ਰਹੇ ਕੁੱਝ ਕਿਸਾਨਾਂ ਨੂੰ ਫ਼ੜ ਲਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜਮ ਵੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਪੀਆਰਟੀਸੀ ਮੁਲਾਜਮਾਂ ਨੇ ਬੱਸ ਅੱਡੇ ਦੇ ਬਾਹਰ ਬੱਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ। ਜਿਸਦੇ ਚੱਲਦੇ ਅੱਡੇ ਦੇ ਅੰਦਰ ਤੇ ਬਾਹਰ ਖੜੀਆਂ ਬੱਸਾਂ ਥਾਂ-ਥਾਂ ਖੜ ਗਈਆਂ। ਮਾਮਲੇ ਦੀ ਜਾਣਕਾਰੀ ਦਿੰਦਿਆਂ ਰਾਮਾ ਰਿਫਾਈਨਰੀ ਤੋਂ ਆ ਰਹੀ ਪੀਆਰਟੀਸੀ ਬੱਸ ਦੇ ਡਰਾਈਵਰ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਹਾਜ਼ੀਰਤਨ ਚੌਕ ਕੋਲ ਜਦ ਉਹ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਸਕੂਟੀ ’ਤੇ ਜਾ ਰਹੀਆਂ ਔਰਤਾਂ ਬੱਸ ਦੇ ਨਜਦੀਕ ਆ ਗਈਆਂ, ਜਿਸਨੂੰ ਬਚਾਉਣ ਲਈ ਉਸਨੂੰ ਕੱਟ ਮਾਰਨਾ ਪਿਆ ਤੇ ਇਸ ਦੌਰਾਨ ਬੱਸ ਅੱਗੇ ਕਿਸਾਨਾਂ ਨਾਲ ਭਰੀ ਜਾ ਰਹੀ ਪਿੱਕਅੱਪ ਗੱਡੀ ਦੇ ਕੋਲ ਪੁੱਜ ਗਈ ਪ੍ਰੰਤੂ ਨਾਲ ਨਹੀਂ ਲੱਗੀ। ਜਿਸਤੋਂ ਬਾਅਦ ਉਹ ਬੱਸ ਲੈ ਕੇ ਬੱਸ ਅੱਡੇ ਵਿਚ ਆ ਗਿਆ। ਪ੍ਰੰਤੂ ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਅਪਣੀਆਂ ਗੱਡੀਆਂ ਲੈ ਕੇ ਮਗਰ ਬੱਸ ਅੱਡੇ ਪੁੱਜ ਗਏ ਤੇ ਉਸਦੀ ਕੁੱਟਮਾਰ ਕੀਤੀ। ਇਸ ਦੌਰਾਨ ਪੀਆਰਟੀਸੀ ਮੁਲਾਜਮਾਂ ਨੇ ਇਹ ਵੀ ਦੋਸ਼ ਲਗਾਏ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਕੁੱਝ ਵਿਅਕਤੀਆਂ ਦੀ ਸ਼ਰਾਬ ਪੀਤੀ ਹੋਈ ਸੀ। ਹਾਲਾਂਕਿ ਕਿਸਾਨਾਂ ਨੇ ਇਸਤੋਂ ਇੰਨਕਾਰ ਕੀਤਾ। ਕਿਸਾਨ ਆਗੂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗੇ ਧਰਨੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਸਥਾਨਕ ਬੱਸ ਸਟੈਂਡ ਚੌਕੀ ਦੇ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁੱਝ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ।
ਬਠਿੰਡਾ ਦੇ ਬੱਸ ਅੱਡੇ ’ਚ ਕਿਸਾਨਾਂ ਤੇ ਪੀਆਰਟੀਸੀ ਮੁਲਾਜਮਾਂ ’ਚ ਖੜਕੀ
2 Views