ਮੁਹਿੰਮ ਦੇ ਛੇਵੇਂ ਦਿਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,6 ਫਰਵਰੀ :ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ,ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਵਿਸੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੱਜ ਛੇਵੇਂ ਦਿਨ ਸ਼ਹਿਰ ਸਮੇਤ ਜ਼ਿਲ੍ਹੇ ਦੇ 43 ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਸੱਤ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਦੇਸ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੱਢੀ ਰੈਲੀ ਨੂੰ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕ੍ਰਿਪਾਲ, ਐਮ.ਸੀ. ਸ. ਸੁਖਦੀਪ ਢਿੱਲੋਂ, ਕਹਾਣੀਕਾਰ ਜਸਪਾਲ ਮਾਨਖੇੜਾ, ਸਾਹਿਤਕਾਰ ਰਣਬੀਰ ਰਾਣਾ, ਖੋਜ ਅਫ਼ਸਰ ਨਵਪ੍ਰੀਤ ਸਿੰਘ ਆਦਿ ਮੌਜੂਦ ਸਨ । ਰੈਲੀ ਨੂੰ ਰਵਾਨਾ ਕਰਨ ਉਪਰੰਤ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਬੋਲੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਬਹੁਤ ਸੰਜੀਦਾ ਹੈ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮਾਂ ਬੋਲੀ ਪੰਜਾਬੀ ਦਾ ਪੂਰਾ ਮਾਨ-ਸਨਮਾਨ ਦੇਣ ਦਾ ਵੀ ਸੱਦਾ ਦਿੱਤਾ। ਇਹ ਰੈਲੀ ਸਿਰਕੀ ਬਜ਼ਾਰ, ਪੋਸਟ ਆਫਿਸ ਬਜ਼ਾਰ ਅਤੇ ਹਸਪਤਾਲ ਬਜ਼ਾਰ ਹੁੰਦੀ ਹੋਈ ਵਾਪਿਸ ਦੇਸ ਰਾਜ ਸਕੂਲ ਪਹੁੰਚੀ। ਰੈਲੀ ਦੌਰਾਨ ਵਿਦਿਆਰਥੀਆਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਅਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕ੍ਰਿਪਾਲ ਨੇ ਦੱਸਿਆ ਕਿ ਕੱਲ੍ਹ ਸੱਤਵੇਂ ਦਿਨ ਰੈਲੀ ਸਰਕਾਰੀ ਕੰਨਿਆ ਸਕੂਲ ਮਾਲ ਰੋਡ ਤੋਂ ਸ਼ੁਰੂ ਹੋ ਕੇ ਧੋਬੀ ਬਜ਼ਾਰ, ਬੈਂਕ ਬਜ਼ਾਰ ਅਤੇ ਕਿੱਕਰ ਬਜ਼ਾਰ ਦਾ ਪੈਂਡਾ ਤੈਅ ਕਰੇਗੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ ਜਸਬੀਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਰੈਲੀ ਵਿੱਚ ਲੈਕਚਰਾਰ ਪੰਜਾਬੀ ਕੁਲਵਿੰਦਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
Share the post "ਬਠਿੰਡਾ ਦੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਮੁਹਿੰਮ ਜੰਗੀ ਪੱਧਰ ’ਤੇ ਜਾਰੀ"