6 Views
ਡੀਸੀ ਵੱਲੋਂ ਸਰਕਾਰੀ ਗੱਡੀ ਦੀ ਦੁਰਵਰਤੋਂ ਦੀ ਜਾਂਚ ਦੇ ਆਦੇਸ਼
ਬਠਿੰਡਾ, 26 ਅਕਤੂਬਰ: ਬਠਿੰਡਾ ਜ਼ਿਲੇ ਅੰਦਰ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਕਾਰਨਾਂ ਨੂੰ ਲੈ ਕੇ ਚਰਚਾ ਵਿੱਚ ਚੱਲੇ ਆ ਰਹੇ ਮੁੱਖ ਖੇਤੀਬਾੜੀ ਅਫਸਰ ਡਾ ਹਸਨ ਸਿੰਘ ਧਾਲੀਵਾਲ ਦੀਆਂ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ। ਸਰਕਾਰੀ ਗੱਡੀ ਦੀ ਦੁਰਵਰਤੋ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਸ ਸਬੰਧ ਵਿੱਚ ਉਨ੍ਹਾਂ ਮੁੱਖ ਖੇਤੀਬਾੜੀ ਅਫਸਰ ਤੋਂ ਟਿੱਪਣੀਆਂ ਮੰਗੀਆਂ ਹਨ।
ਇਸਤੋਂ ਇਲਾਵਾ ਪਿਛਲੇ ਦਿਨੀਂ ਸਥਾਨਕ ਖੇਤੀ ਭਵਨ ਵਿੱਚ ਲੱਗੇ ਕਿਸਾਨ ਮੇਲੇ ਲਈ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਨੂੰ ਸੱਦਾ ਪੱਤਰ ਨਾ ਦੇਣ ਅਤੇ ਉਨਾਂ ਦੇ ਨਾਮ ਵਾਲੇ ਛਪੇ ਹੋਏ ਸੱਦਾ ਪੱਤਰ ਦੀ ਬਜਾਏ ਉਨ੍ਹਾਂ ਦਾ ਨਾਮ ਕੱਟ ਕੇ ਦੂਜਾ ਸੱਦਾ ਪੱਤਰ ਬਣਾਉਣ ਦੇ ਮਾਮਲੇ ਦੇ ਵਿੱਚ ਵੀ ਉਕਤ ਵਿਧਾਇਕ ਵੱਲੋਂ ਇਹ ਮਾਮਲਾ ਵਿਧਾਨ ਸਭਾ ਦੇ ਵਿੱਚ ਉਠਾਏ ਜਾਣ ਦਾ ਐਲਾਨ ਕੀਤਾ ਹੋਇਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਉਕਤ ਅਧਿਕਾਰੀ ਤੋਂ ਇਲਾਵਾ ਬਠਿੰਡਾ ਦੇ ਖੇਤੀਬਾੜੀ ਦਫਤਰ ਵਿੱਚ ਤੈਨਾਤ ‘ਤਿੱਕੜੀ’ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਿਜੀਲੈਂਸ ਬਿਊਰੋ ਵੱਲੋਂ ਵੀ ਅੰਦਰੋਂ ਅੰਦਰੀ ਜਾਂਚ ਵਿੱਢ ਦਿੱਤੀ ਗਈ ਹੈ।
ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਜਿਲੇ ਦੇ ਗੋਨਿਆਣਾ ਖੇਤਰ ਨਾਲ ਸੰਬੰਧਿਤ ਇੱਕ ਨੌਜਵਾਨ ਵੱਲੋਂ ਲਾਈਸੰਸ ਬਣਾਉਣ ਬਦਲੇ ਕਥਿਤ ਤੌਰ ‘ਤੇ ਪੈਸੇ ਲੈਣ ਦੇ ਦੋਸ਼ ਲਗਾਉਂਦਿਆਂ ਖੇਤੀ ਭਵਨ ਵਿੱਚ ਵੀ ਹੰਗਾਮਾ ਕੀਤਾ ਗਿਆ ਸੀ। ਜਦਕਿ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਖੇਤੀਬਾੜੀ ਅਧਿਕਾਰੀ ਵਿਰੁੱਧ ਮੋਰਚਾ ਖੋਲਿਆ ਹੋਇਆ ਹੈ। ਜਿਸ ਦੇ ਚਲਦੇ ਨਾਂ ਸਿਰਫ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਉਕਤ ਅਧਿਕਾਰੀ ਉੱਪਰ ਸਰਕਾਰੀ ਗੱਡੀ ਦੀ ਦੁਰਵਰਤੋ ਕਰਨ ਦੇ ਦੋਸ਼ ਲਗਾਏ ਗਏ ਸਨ ਬਲਕਿ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਡਿਪਟੀ ਕਮਿਸ਼ਨਰ ਅਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ।
ਹਾਲਾਂਕਿ ਪਿਛਲੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਉੱਪਰ ਲੱਗ ਰਹੇ ਦੋਸ਼ਾਂ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ ਹਸਨ ਸਿੰਘ ਨੇ ਸਪਸ਼ਟ ਤੌਰ ‘ਤੇ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਜਾਣ ਬੁੱਝ ਕੇ ਉਸਨੂੰ ਬਦਨਾਮ ਕਰਨ ਲਈ ਫਰਜ਼ੀ ਵੀਡੀਓ ਅਤੇ ਹੋਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਹੁਣ ਇਸ ਮਾਮਲੇ ਵਿੱਚ ਗੇਂਦ ਸਰਕਾਰ ਦੇ ਪਾਲੇ ਵਿੱਚ ਪੁੱਜ ਚੁੱਕੀ ਹੈ ਤੇ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾ ਕੇ ਕੋਈ ਕਾਰਵਾਈ ਕਰਦੀ ਹੈ ਜਾਂ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਤੱਕ ਹੀ ਸੀਮਤ ਰਹਿੰਦੀ ਹੈ। ਬਹਰਹਾਲ ਇਸ ਮਾਮਲੇ ‘ਤੇ ਬਠਿੰਡਾ ਪੱਟੀ ਦੇ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ।