ਜਾਨੀ ਨੁਕਸਾਨ ਤੋਂ ਹੋਇਆ ਬਚਾਅ, ਫੈਕਟਰੀ ਅੰਦਰ ਦਰਜ਼ਨਾਂ ਦੀ ਤਾਦਾਦ ਵਿਚ ਸਿਲੰਡਰ ਪਏ ਹੋਣ ਦੀ ਸੂਚਨਾ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ : ਐਤਵਾਰ ਦੁਪਿਹਰ ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਦੀ ਗਲੀ ਨੰਬਰ 10/22 ਵਿੱਚ ਇੱਕ ਮਿਠਾਈ ਬਣਾਉਣ ਵਾਲ਼ੀ ਫੈਕਟਰੀ ਵਿੱਚ ਗੈਸ ਸਿਲੰਡਰ ਫ਼ਟਣ ਕਾਰਨ ਅੱਗ ਲੱਗਣ ਦੀ ਸੂਚਨਾ ਹੈ। ਇਸ ਮੌਕੇ ਸਿਲੰਡਰ ਦਾ ਧਮਾਕਾ ਇੰਨ੍ਹਾਂ ਜਬਰਦਸਤ ਸੀ ਕਿ ਪੂਰੇ ਇਲਾਕੇ ਵਿਚ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਫੈਕਟਰੀ ਅੰਦਰ ਵੀ ਅੱਗ ਦੀਆਂ ਲਪਟਾਂ ਆਸਮਾਨ ਤੱਕ ਪੁੱਜਣ ਲੱਗੀਆਂ। ਸੂਚਨਾ ਮੁਤਾਬਕ ਇਹ ਅੱਗ ਲੱਗਣ ਦੀ ਘਟਨਾ ਇੱਕ ਭੱਠੀ ਉਪਰ ਲੱਗੇ ਸਿਲੰਡਰ ਫ਼ਟਣ ਕਾਰਨ ਵਾਪਰੀ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਮੁਹੱਲਾ ਵਾਸੀਆਂ ਮੁਤਾਬਕ ਫੈਕਟਰੀ ਅੰਦਰ ਹੋਰ ਵੀ ਦਰਜ਼ਨਾਂ ਘਰੇਲੂ ਸਪਲਾਈ ਵਾਲੇ ਸਿਲੰਡਰ ਪਏ ਹੋਏ ਸਨ, ਜਿੰਨ੍ਹਾਂ ਨੂੰ ਅੱਗ ਲੱਗਣ ਕਾਰਨ ਇਹ ਘਟਨਾ ਬਹੁਤ ਨੁਕਸਾਨ ਕਰ ਸਕਦੀ ਸੀ। ਫੈਕਟਰੀ ਮਾਲਕ ਦੀਪਕ ਕੁਮਾਰ ਪੁੱਤਰ ਰੁਮੇਸ਼ ਕੁਮਾਰ ਨੇ ਦੱਸਿਆ ਕਿ ਨੁਕਸਾਨ ਦਾ ਹਾਲੇ ਕੋਈ ਅੰਦਾਜਾ ਨਹੀਂ। ਮੌਕੇ ’ਤੇ ਫ਼ਾਈਰ ਬ੍ਰਿਗੇਡ, ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਪੁੱਜੀਆਂ ਸਨ। ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਲੋਕਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਅੱਗ ਵਿਚ ਫਸੇ ਹੋਏ ਫੈਕਟਰੀ ਅੰਦਰ ਕੰਮ ਕਰਦੇ 5 ਕਾਮਿਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ। ਮੁਢਲੀ ਜਾਂਚ ਮੁਤਾਬਕ ਫੈਕਟਰੀ ਅੰਦਰ ਦੋ ਦਰਜ਼ਨ ਦੇ ਕਰੀਬ ਸਿਲੰਡਰ ਅਤੇ ਕੁੱਝ ਡੀਜਲ ਦੀਆਂ ਕੈਨੀਆਂ ਵੀ ਮਿਲੀਆਂ ਹਨ। ਪੁਲਿਸ ਤੇ ਸਬੰਧਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜਦੋਂਕਿ ਮੁਹੱਲਾ ਵਾਸੀਆਂ ਨੇ ਇਸ ਮੌਕੇ ਦੱਬੀ ਜੁਬਾਨ ਵਿਚ ਦਸਿਆ ਕਿ ਰਿਹਾਇਸ਼ੀ ਇਲਾਕੇ ਵਿਚ ਇਹ ਮਿਠਾਈ ਫੈਕਟਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਚਲਾਈ ਜਾ ਰਹੀ ਸੀ। ਜਿਸ ਕਾਰਨ ਇੱਥੇ ਹਰ ਸਮੇਂ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਫੈਕਟਰੀ ਮਾਲਕਾਂ ਵਿਰੁਧ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਪੁੱਜੇ ਥਾਣਾ ਥਰਮਲ ਦੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕਰਕੇ ਰੀਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਜੇਕਰ ਕੁਤਾਹੀ ਪਾਈ ਜਾਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Share the post "ਬਠਿੰਡਾ ਦੇ ਰਿਹਾਇਸੀ ਇਲਾਕੇ ਵਿਚ ਚੱਲ ਰਹੀ ਮਿਠਾਈ ਫੈਕਟਰੀ ਵਿੱਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ"