ਮੇਅਰ ਵਾਸਤੇ ਨਵੀਂ ਗੱਡੀ ਖ਼ਰੀਦਣ ਦੀ ਵੀ ਸਕੀਮ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਕਰੀਬ ਪੌਣੈ ਪੰਜ ਮਹੀਨਿਆਂ ਬਾਅਦ ਆਗਾਮੀ 22 ਫ਼ਰਵਰੀ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਣ ਜਾ ਰਹੀ ਮੀਟਿੰਗ ਕਾਫ਼ੀ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। ਕਾਂਗਰਸੀਆਂ ਦੇ ਆਪਸੀ ਕਾਟੋ-ਕਲੈਸ਼ ਦੇ ਚੱਲਦਿਆਂ ਮੀਟਿੰਗ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਵੀ ‘ਬਰੇਕ’ ਲੱਗਦੀ ਨਜ਼ਰ ਆ ਰਹੀ ਹੈ। ਇਸ ਸਬੰਧ ਵਿਚ 13 ਫ਼ਰਵਰੀ ਨੂੰ ਨਿਗਮ ਦੇ ਕਮਿਸ਼ਨਰ ਵਲੋਂ ਮੇਅਰ ਨੂੰ ਮੀਟਿੰਗ ਕਰਵਾਉਣ ਲਈ ਕੱਢੇ ਡੀਓ ਲੈਟਰ ਤੋਂ ਬਾਅਦ ਹੁਣ ਇਹ ਮੀਟਿੰਗ ਰੱਖੀ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਮਨਪ੍ਰੀਤ ਸਿੰਘ ਬਾਦਲ ਨਾਲ ਚੱਲ ਰਹੇ ਮੇਅਰ ਧੜੇ ਵਲੋਂ ਵੀ ‘ਚਾਲ’ ਖੇਡਦਿਆਂ ਉਕਤ ਦਿਨ ਹੀ ਜਨਰਲ ਹਾਊਸ ਦੀਆਂ ਲਗਾਤਾਰ ਦੋ ਮੀਟਿੰਗਾਂ ਰੱਖ ਲਈਆਂ ਗਈਆਂ ਹਨ, ਜਿੰਨ੍ਹਾਂ ਵਿਚ ਪਹਿਲੀ ਮੀਟਿੰਗ 11 ਵਜੇਂ ਨਿਗਮ ਦੇ ਸਲਾਨਾ ਬਜ਼ਟ ਨੂੰ ਪਾਸ ਕਰਨ ਲਈ ਰੱਖੀ ਗਈ ਹੈ ਜਦੋਂਕਿ ਉਸਤੋਂ ਬਾਅਦ 12 ਵਜਂੇ ਸ਼ਹਿਰ ਦੇ ਵਿਕਾਸ ਕੰਮਾਂ ਲਈ ਦੂਜੀ ਮੀਟਿੰਗ ਦਾ ਏਜੰਡਾ ਕੱਢਿਆ ਗਿਆ ਹੈ। ਇਸ ਮੀਟਿੰਗ ਲਈ ਕੱਢੇ ਗਏ ਏਜੰਡੇ ਮੁਤਾਬਕ ਨਿਗਮ ਦੀ ਮੌਜੂਦਾ ਇਮਾਰਤ ਨੂੰ ਵੀ ਬਦਲੇ ਜਾਣ ਦੀ ਤਜ਼ਵੀਜ਼ ਹੈ। ਇਸ ਤਜਵੀਜ਼ ਮੁਤਾਬਕ ਨਿਗਮ ’ਚ ਪਾਰਕਿੰਗ ਤੇ ਦਫ਼ਤਰਾਂ ਦੀ ਘਾਟ ਅਤੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਦੇ ਸਨਮੁੱਖ ਇਸ ਦਫ਼ਤਰ ਦੀ ਜਗ੍ਹਾਂ ਨੂੰ ਸੋਅਰੂਮ ਤੇ ਦੁਕਾਨਾਂ ਦੇ ਰੂਪ ਵਿਚ ਵੇਚ ਕੇ ਹੋਣ ਵਾਲੀ ‘ਵੱਟਤ’ ਨਾਲ ਸਿਵਲ ਲਾਈਨ ਖੇਤਰ ਵਿਚ ਅਤਿਆਧੁਨਿਕ ਇਮਾਰਤ ਬਣਾਉਣ ਲਈ ਕਿਹਾ ਗਿਆ ਹੈ। ਇਸ ਇਮਾਰਤ ਲਈ ਜਮੀਨ ਬੀਡੀਏ ਤੋਂ ਲੈਣ ਦੀ ਯੋਜਨਾ ਬਣਾਈ ਗਈ ਹੈ, ਜਿਸਨੂੰ ਇਸਦੇ ਬਦਲੇ ਰੋਜ਼ ਗਾਰਡਨ ਦੇ ਸਾਹਮਣੇ ਬਲਿਊ ਬਾਕਸ ਨਜਦੀਕ ਨਿਗਮ ਦੀ ਜਮੀਨ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸਦੇ ਪਿਛੇ ਤਰਕ ਦਿੱਤਾ ਗਿਆ ਹੈ, ਨਿਗਮ ਦਫ਼ਤਰ ਵਿਚ ਜਿੱਥੇ ਹਰ ਰੋਜ਼ ਹਜ਼ਾਰਾਂ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਉਸਦੇ ਹਿਸਾਬ ਨਾਲ ਨਾਂ ਤਾਂ ਪਾਰਕਿੰਗ ਦੀ ਸੁਵਿਧਾ ਹੈ ਤੇ ਨਾਂ ਹੀ ਮੁਲਾਜਮਾਂ ਤੇ ਅਧਿਕਾਰੀਆਂ ਦੇ ਬੈਠਲਣ ਲਈ ਜਗ੍ਹਾਂ ਹੈ। ਇਸਤੋਂ ਇਲਾਵਾ ਮੀਟਿੰਗ ਵਿਚ ਰੱਖੇ ਇੱਕ ਹੋਰ ਮਹੱਤਵਪੂਰਨ ਏਜੰਡੇ ਮੁਤਾਬਕ 12 ਸਾਲ ਪਹਿਲਾਂ 86 ਕਰੋੜ ਬਦਲੇ ਨਗਰ ਸੁਧਾਰ ਟਰੱਸਟ ਨੂੰ ਰੋਜ਼ ਗਾਰਡਨ ਦੇ ਸਾਹਮਣੇ ਬਲਿਊ ਫਾਕਸ ਵਾਲੀ ਜਮੀਨ ਦਾ ਵੀ ਨਿਬੇੜਾ ਕਰਨ ਦਾ ਮਤਾ ਰੱਖਿਆ ਗਿਆ ਹੈ। ਟਰੱਸਟ ਇਸ ਜਮੀਨ ਬਦਲੇ ਸਿਰਫ਼ ਹੁਣ ਤੱਕ ਸਵਾ 23 ਕਰੋੜ ਰੁਪਏ ਦੇਣ ਤੋਂ ਬਾਅਦ ਹੱਥ ਖੜਾ ਕਰ ਗਿਆ ਹੈ। ਜਦ ਨਿਗਮ ਵਲੋਂ ਬਕਾਇਆ ਰਾਸ਼ੀ ਟਰੱਸਟ ਕੋਲੋ ਮੰਗੀ ਗਈ ਤਾਂ ਟਰੱਸਟ ਨੇ ਸਾਫ਼ ਜਵਾਬ ਦਿੰਦਿਆਂ ਸਰਕਾਰ ਨੂੰ ਇਹ ਜਮੀਨ ਵਾਪਸ ਨਿਗਮ ਨੂੰ ਦੇ ਕੇ ਉਸਨੂੰ ਦਿੱਤੇ ਸਵਾ 23 ਕਰੋੜ ਰੁਪਏ ਵਾਪਸ ਦਿਵਾਉਣ ਦੀ ਮੰਗ ਰੱਖ ਦਿੱਤੀ ਗਈ ਹੈ। ਹਾਲਾਂਕਿ ਨਾਲ ਇਹ ਤਜਵੀਜ਼ ਦਿੰਦਿਆਂ ਕਿ ਜੇਕਰ ਨਿਗਮ ਚਾਹੇ ਤਾਂ 50:50 ਦੀ ਹਿੱਸੇਦਾਰੀ ਨਾਲ ਉਹ ਇਸ ਜਮੀਨ ਨੂੰ ਵਿਕਸਤ ਕਰ ਸਕਦੇ ਹਨ। ਨਿਗਮ ਵਲੋਂ ਇਸ ਮੀਟਿੰਗ ਰੱਖੇ ਮਤਾ ਮੁਤਾਬਕ ਉਕਤ ਦੋਨਾਂ ਵਿਚੋਂ ਕਿਸੇ ਇੱਕ ਉਪਰ ਸਹਿਮਤੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ’ਚ ਪਾਰਕਿੰਗ ਸਮੱਸਿਆ ਦਾ ਹੱਲ ਕਰਨ ਲਈ ‘ਜੀਓ ਮੀਡੀਆ ਕੰਪਨੀ ’ ਨੂੰ ਸ਼ਹਿਰ ਦੀਆਂ 14 ਪ੍ਰਮੁੱਖ ਸੜਕਾਂ ਲਈ ਪਾਰਕਿੰਗ ਆਦਿ ਦੀ ਯੋਜਨਾ ਬਣਾਉਣ ਦਾ ਠੇਕਾ ਦੇਣ ਦੀ ਵੀ ਤਜਵੀਜ਼ ਰੱਖੀ ਗਈ ਹੈ। ਇਸਦੇ ਪਿੱਛੇ ਹਵਾਲਾ ਦਿੱਤਾ ਗਿਆ ਹੈ ਕਿ ਇਸਤੋਂ ਪਹਿਲਾਂ ਨਿਗਮ ਵਲੋਂ ਹਨੂੰਮਾਨ ਚੌਕ ਤੋਂ ਰੇਲਵੇ ਸਟੈਸ਼ਨ ਤੱਕ ਦੀ ਮਾਲ ਰੋੜ ਸੜਕ ਦਾ ਕੰਮ ਉਕਤ ਕੰਪਨੀ ਨੂੰ ਦਿੱਤਾ ਸੀ, ਜਿਸਨੂੰ ਇਸਨੇ ਬਾਖੂਬੀ ਨੇਪਰੇ ਚਾੜਿਆ ਹੈ। ਇਸੇ ਤਰ੍ਹਾਂ ਰੱਖੇ ਹੋਰ ਇੱਕ ਮਤੇ ਮੁਤਾਬਕ ਨਿਗਮ ਮੇਅਰ ਦੀ 2011 ਮਾਡਲ ਗੱਡੀ ਨੂੰ ਕੰਡਮ ਕਰਾਰ ਦੇ ਕੇ ਨਵੀਂ ਗੱਡੀ ਖ਼ਰੀਦਣ ਦੀ ਯੋਜਨਾ ਬਣਾਈ ਗਈ ਹੈ। ਜਦੋਂਕਿ ਸ਼ਹਿਰ ਵਾਸੀਆਂ ’ਤੇ ਭਾਰ ਪਾਉਣ ਲਈ ਨਕਸ਼ਾ ਪਾਸ ਕਰਵਾਉਣ ਸਮੇਂ ਮੌਜੂਦਾ 500 ਤੇ 400 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਲਈ ਜਾਂਦੀ ਫ਼ੀਸ ਨੂੰ ਵਧਾ ਕੇ 1100 ਰੁਪਏ ਦੇ ਹਿਸਾਬ ਨਾਲ ਇੱਕ ਫ਼ੀਸਦੀ ਲੈਬਰ ਸੈਸ ਲੈਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਭਾਰੀ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ ਜਿੱਤੇ ਕੋਂਸਲਰ ਸੂਬੇ ਵਿਚ ਵਿਰੋਧੀ ਧਿਰ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਿਸ ਤਰ੍ਹਾਂ ਕਰ ਪਾਉਂਦੇ ਹਨ।
ਬਾਕਸ
ਮੇਅਰ ਨਾਲ ਨਿਬੇੜਾ ਕਰਨ ਲਈ ਕਾਂਗਰਸੀ ਕੋਂਸਲਰਾਂ ਦੀ ਮੀਟਿੰਗ ਸੋਮਵਾਰ ਨੂੰ
ਬਠਿੰਡਾ: ਉਧਰ ਮੇਅਰ ਧੜੇ ਵਲੋਂ ਅਸਿੱਧੇ ਢੰਗ ਨਾਲ ਭਾਜਪਾ ਆਗੂ ਮਨਪ੍ਰੀਤ ਬਾਦਲ ਨਾਲ ਖੜ੍ਹਣ ਦੇ ਚੱਲਦੇ ਉਸਨੂੰ ਗੱਦੀਓ ਉਤਾਰਨ ਲਈ ਭੱਜ-ਨੱਠ ਕਰ ਰਹੇ ਕਾਂਗਰਸੀਆਂ ਨੇ 22 ਫ਼ਰਵਰੀ ਨੂੰ ਰੱਖੀ ਮੀਟਿੰਗ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਦੀ ਤਿਆਰੀ ਲਈ ਸੋਮਵਾਰ ਨੂੰ ਕਾਂਗਰਸ ਭਵਨ ’ਚ ਕਾਂਗਰਸੀ ਆਗੂਆਂ ਤੇੇ ਕੋਂਸਲਰਾਂ ਦੀ ਮੀਟਿੰਗ ਸੱਦ ਲਈ ਹੈ। ਹਾਲਾਂਕਿ ਇਸ ਮੀਟਿੰਗ ਦੀ ਕਿਸੇ ਆਗੂ ਨੇ ਪੁਸ਼ਟੀ ਤਾਂ ਨਹੀਂ ਕੀਤੀ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਮੀਟਿੰਗ ਵਿਚ ਮੇਅਰ ਨੂੰ ‘ਘੇਰਾ’ ਪਾਉਣ ਲਈ ਯੋਜਨਾ ਬਣਾਈ ਜਾਵੇਗੀ ।
Share the post "ਬਠਿੰਡਾ ਨਗਰ ਨਿਗਮ ਦੇ ਦਫ਼ਤਰ ਦੀ ਇਮਾਰਤ ਨੂੰ ਬਦਲਕੇ ਸਿਵਲ ਲਾਈਨ ਇਲਾਕੇ ਵਿਚ ਲਿਜਾਣ ਦੀ ਯੋਜਨਾ"