ਹੱਕ ’ਚ ਅੱਧੀ ਦਰਜ਼ਨ ਤੇ ਵਿਰੋਧ ’ਚ ਦੋ ਦਰਜ਼ਨ ਤੋਂ ਵੱਧ ਕੋਂਸਲਰ ਨਜ਼ਰ ਆਏ
ਕਾਂਗਰਸੀ ਕੋਂਸਲਰਾਂ ਨੇ ਮੇਅਰ ਨੂੰ ਪੁਛਿਆ ਕਿ ਉਹ ਦੱਸਣ ਕਿ ਕਾਂਗਰਸੀ ਜਾਂ ਹੁਣ ਬਣ ਗਏ ਹਨ ਭਾਜਪਾਈ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ:-ਬਠਿੰਡਾ ਨਗਰ ਨਿਗਮ ਦੀ ਅੱਜ ਹੋਈ ਸਲਾਨਾ ਬਜ਼ਟ ਮੀਟਿੰਗ ਰੌਲੇ-ਰੱਪੇ ’ਤੇ ਹੰਗਾਮਿਆਂ ਦੀ ਭੇਂਟ ਚੜ੍ਹ ਗਈ। ਹਾਲਾਂਕਿ ਹੰਗਾਮਿਆਂ ਤੋਂ ਬਾਅਦ ਬਜ਼ਟ ’ਤੇ ਹੋਈ ਚਰਚਾ ਦੌਰਾਨ ਕਰੀਬ ਪੌਣੇ ਦੋ ਸੋ ਕਰੋੜ ਦਾ ਬਜ਼ਟ ਪਾਸ ਕਰ ਦਿੱਤਾ ਗਿਆ ਪ੍ਰੰਤੂ ਇਸ ਦੌਰਾਨ ਮੇਅਰ ਰਮਨ ਗੋਇਲ ਲਈ ਸਥਿਤੀ ਕਾਫ਼ੀ ਔਖੀ ਬਣੀ ਰਹੀ। ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੋਂਸਲਰਾਂ ਨੇ ਮੇਅਰ ਨੂੰ ਇਹ ਕਹਿ ਕੇ ਘੇਰਣਾ ਸ਼ੁਰੂ ਕਰ ਦਿੰਤਾ ਕਿ ਉਹ ਅਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਹੁਣ ਵੀ ਕਾਂਗਰਸੀ ਹਨ ਜਾਂ ਫ਼ਿਰ ਭਾਜਪਾ ਨਾਲ ਰਲ ਗਏ ਹਨ। ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਖੁੱਲ ਕੇ ਕਾਂਗਰਸੀ ਕੋਂਸਲਰਾਂ ਦੇ ਹੱਕ ਵਿਚ ਖੜ੍ਹਦੇ ਨਜ਼ਰ ਆਏ ਜਦੋਂਕਿ ਮਨਪ੍ਰੀਤ ਬਾਦਲ ਦਾ ਸਾਥ ਛੱਡਣ ਦੇ ਬਾਵਜੂਦ ਡਿਪਟੀ ਮੇਅਰ ‘ਪੱਲਾ’ ਬਚਾ ਕੇ ਚੱਲਦੇ ਦਿਖ਼ਾਈ ਦਿੱਤੇ। ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ’ਚ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਤੇ ਅੱਧੀ ਦਰਜ਼ਨ ਦੇ ਕਰੀਬ ਕੋਂਸਲਰ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਤੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਜਿਸਦੇ ਚੱਲਦੇ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਕਾਂਗਰਸੀ ਕੋਂਸਲਰ ਇਸ ਮੁੱਦੇ ’ਤੇ ਮੇਅਰ ਦੀ ਮੀਟਿੰਗ ਦੌਰਾਨ ਸਿਆਸੀ ਘੇਰਾਬੰਦੀ ਕਰ ਸਕਦੇ ਹਨ। ਇਸ ਅਨੁਮਾਨ ਸਹੀਂ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਵਿਚ ਜਿਆਦਾਤਰ ਕੋਂਸਲਰਾਂ ਨੇ ਬਜ਼ਟ ਪਾਸ ਕਰਨ ਤੋਂ ਪਹਿਲਾਂ ਮੈਂਬਰਾਂ ਦੀਆਂ ਸਮੱਸਿਆਵਾਂ ਸੁਣਨ ਦੀ ਮੰਗ ਰੱਖੀ ਜਦੋਂਕਿ ਮੇਅਰ ਤੇ ਉਸਦੇ ਅੱਧੀ ਦਰਜ਼ਨ ਹਿਮਾਇਤੀ ਪਹਿਲਾਂ ਬਜ਼ਟ ਪਾਸ ਕਰਨ ਦੀ ਮੰਗ ’ਤੇ ਅੜ ਗਏ। ਜਿਸ ਕਾਰਨ ਹਾਊਸ ਵਿਚ ਸਥਿਤੀ ਕਾਫ਼ੀ ਤਨਾਵਪੂਰਨ ਹੋ ਗਈ ਤੇ ਦੋਨਾਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਤੇ ਇੱਕ ਦੂਜੇ ਵਿਰੁਧ ਗੰਭੀਰ ਦੋਸ਼ ਲਗਾਉਣ ਲੱਗੀਆਂ। ਇਸ ਦੌਰਾਨ ਕਾਂਗਰਸੀ ਕੋਂਸਲਰਾਂ ਨੇ ਮੇਅਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਉਹ ਹਾਊਸ ਵਿਚ ਵਿਸਵਾਸ ਖੋਹ ਬੈਠੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਬਹੁਮਤ ਸਿੱਧ ਕਰਨਾ ਚਾਹੀਦਾ ਹੈ। ਕਾਫ਼ੀ ਹੰਗਾਮੇ ਤੋਂ ਬਾਅਦ ਮੇਅਰ ਵਲੋਂ ਇਹ ਭਰੋਸਾ ਦੇਣ ਕਿ ਮੀਟਿੰਗ ਤੋਂ ਬਾਅਦ ਕੋਂਸਲਰਾਂ ਨੂੰ ਸੁਣਿਆ ਜਾਵੇਗਾ, ਮੀਟਿੰਗ ਸ਼ੁਰੂ ਹੋਈ। ਪ੍ਰੰਤੂ ਬਾਅਦ ਵਿਚ ਬਜ਼ਟ ਦੀ ਪਾਸ ਹੁੰਦੇ ਹੀ ਮੀਟਿੰਗ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਵਾਰਕ ਮਸਲਾ ਹੈ ਤੇ ਇਹੋ-ਜਿਹੀ ਨੋਕ-ਝੋਕ ਚੱਲਦੀ ਰਹਿੰਦੀ ਹੈ। ਉਧਰ ਅੱਜ ਬਜ਼ਟ ਦੀ ਮੀਟਿੰਗ ਵਿਚ 174 ਕਰੋੜ ਰੁਪਏ ਦਾ ਬਜ਼ਟ ਪਾਸ ਕੀਤਾ ਗਿਆ। ਹਾਲਾਂਕਿ ਇਹ ਚਾਲੂ ਵਿਤੀ ਸਾਲ ਦੇ ਕੁੱਲ ਅਨੁਮਾਨਿਤ 155 ਕਰੋੜ ਦੇ ਬਜ਼ਟ ਤੋਂ 19 ਕਰੋੜ ਰੁਪਏ ਜਿਆਦਾ ਹੈ। ਪ੍ਰੰਤੂ ਇਸ ਆਮਦਨ ਵਿਚੋਂ 102 ਕਰੋੜ ਇਕੱਲੇ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਹੋਰਨਾਂ ਭੱਤਿਆਂ ਉਪਰ ਹੀ ਖਰਚ ਹੋਣਗੇ ਜਦੋਂਕਿ ਨਿਗਮ ਦੇ ਪੱਕੇ ਖ਼ਰਚਿਆਂ ਲਈ ਕਰੀਬ 55 ਕਰੋੜ ਰੁਪਏ ਦੀ ਜਰੂਰਤ ਪਏਗੀ। ਉਂਜ ਨਿਗਮ ਵਲੋਂ ਚਾਲੂ ਵਿਤੀ ਸਾਲ ਦੇ ਮੁਕਾਬਲੇ 4 ਕਰੋੜ ਦੇ ਵਾਧੇ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਲਈ 36 ਕਰੋੜ ਰੁਪਏ ਦੀ ਰਾਸ਼ੀ ਰਾਖ਼ਵੀਂ ਰੱਖੀ ਹੈ। ਨਿਗਮ ਦਫ਼ਤਰ ਵਲੋਂ 22 ਫ਼ਰਵਰੀ ਨੂੰ ਸਵੇਰੇ 11 ਵਜੇਂ ਨਿਗਮ ਦੇ ਮੀਟਿੰਗ ਹਾਲ ਵਿਚ ਰੱਖੀ ਇਸ ਬਜ਼ਟ ਮੀਟਿੰਗ ਲਈ ਕੱਢੇ ਏਜੰਡੇ ਮੁਤਾਬਕ ਨਿਗਮ ਨੂੰ ਸਭ ਤੋਂ ਵਧ ਆਮਦਨ ਵੈਟ ਤੋਂ 95 ਕਰੋੜ ਰੁਪਏ ਹੋਣ ਦੀ ਉਮੀਦ ਹੈ, ਜਿਹੜੀ ਕਿ ਚਾਲੂ ਸਾਲ ਨਾਲੋਂ ਕਰੀਬ ਸਾਢੇ ਪੰਜ ਕਰੋੜ ਵਧ ਹੈ। ਇਸੇ ਤਰ੍ਹਾਂ ਹਾਊਸ ਟੈਕਸ ਤੋਂ 16 ਕਰੋੜ, ਵਿਕਾਸ ਚਾਰਜ਼ ਅਤੇ ਸੀਐਲਯੂ ਤੋਂ ਕ੍ਰਮਵਾਰ ਸਾਢੇ 7-7 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਐਕਸ਼ਾਈਜ਼ ਡਿਊਟੀ ਤੋਂ ਸਾਢੇ ਅੱਠ ਕਰੋੜ , ਕਾਓ ਸੈਸ ਤੋਂ ਸਵਾ ਤਿੰਨ ਕਰੋੜ ਅਤੇ ਸ਼ਹਿਰ ਵਿਚ ਲੱਗਣ ਵਾਲੇ ਇਸ਼ਤਿਹਾਰਾਂ ਤੋਂ ਸਾਢੇ ਤਿੰਨ ਰੁਪਏ ਆਉਣ ਦੀ ਸੰਭਾਵਨਾ ਹੈ। ਜੇਕਰ ਦੂਜੇ ਪਾਸੇ ਨਿਗਮ ਦੇ ਖ਼ਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਬਜ਼ਟ ਦਾ ਜਿਆਦਾਤਰ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਭੱਤਿਆ ਆਦਿ ’ਤੇ ਹੀ ਨਿਕਲ ਜਾਵੇਗਾ। ਇਸਦੇ ਲਈ ਕੁੱਲ 102.2 ਕਰੋੜ ਰੁਪਏ ਰਾਖ਼ਵੇ ਰੱਖੇ ਗਏ ਹਨ। ਇਸਤੋਂ ਇਲਾਵਾ ਪੱਕੇ ਖ਼ਰਚਿਆਂ, ਜਿਸ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਸਿਸਟਮ ਦੇ ਬਿੱਲ, ਮੈਟੀਨੈਂਸ, ਸਟਰੀਟ ਲਾਈਟਾਂ, ਸਾਫ਼ ਸਫ਼ਾਈ, ਗਊਸ਼ਾਲਾ ਦਾ ਖ਼ਰਚਾ, ਪਾਰਕਾਂ ਦਾ ਰੱਖ-ਰਖਾਵ, ਜਨਤਕ ਪਖਾਨਿਆਂ ਦੀ ਦੇਖਭਾਲ, ਕਰਜ਼ਾ ਵਾਪਸੀ ਆਦਿ ਸ਼ਾਮਲ ਹੈ, ਲਈ 54 ਕਰੋੜ ਰੁਪਏ ਰੱਖੇ ਗਏ ਹਨ ਜਦੋਂਕਿ ਚਾਲੂ ਵਿਤੀ ਸਾਲ ਇਸ ਪੱਕੇ ਖ਼ਰਚੇ ਵਜੋਂ 39.28 ਕਰੋੜ ਰਾਖ਼ਵੇ ਰੱਖੇ ਗਏ ਸਨ, ਜਿੰਨ੍ਹਾਂ ਵਿਚੋਂ 31 ਜਨਵਰੀ 2023 ਤੱਕ ਕਰੀਬ 33 ਕਰੋੜ ਖ਼ਰਚ ਹੋ ਚੁੱਕੇ ਹਨ ਤੇ ਕੁੱਲ ਖਰਚੇ 42 ਕਰੋੜ ਤੱਕ ਪੁੱਜਣ ਦੀ ਉਮੀਦ ਹੈ। ਰੱਖੇ ਅੰਕੜਿਆਂ ਮੁਤਾਬਕ ਪਿਛਲੇ ਸਮਿਆਂ ਦੌਰਾਨ ਵਿਕਾਸ ਕੰਮਾਂ ਤੇ ਸੀਵਰੇਜ਼ ਤੇ ਪਾਣੀ ਆਦਿ ਪ੍ਰੋਜੈਕਟਾਂ ਲਈ ਲਏ ਕਰਜਿਆਂ ਦੀ ਪੰਡ ਵੀ ਭਾਰੀ ਹੁੰਦੀ ਜਾ ਰਹੀ ਹੈ।
ਬਾਕਸ
ਮੇਅਰ ਨੇ ਪੱਤਰਕਾਰਾਂ ਦੇ ਕਵਰੇਜ਼ ਕਰਨ ’ਤੇ ਲਗਾਈ ਰੋਕ ਤੋਂ ਭੜਕੇ ਕੋਂਸਲਰ
ਕੋਂਸਲਰਾਂ ਦੇ ਧਰਨੇ ਤੋਂ ਬਾਅਦ ਮੀਡੀਆ ਨੂੰ ਦਿੱਤੀ ਇੰਟਰੀ
ਬਠਿੰਡਾ: ਉਧਰ ਨਗਰ ਨਿਗਮ ਵਿਚ ਅੱਜ ਸੰਭਾਵੀਂ ਹੰਗਾਮੇ ਨੂੰ ਦੇਖਦਿਆਂ ਮੇਅਰ ਵਲੋਂ ਮੀਡੀਆ ’ਤੇ ਹਾਊਸ ਦੀ ਮੀਟਿੰਗ ਦੀ ਕਵਰੇਜ਼ ਕਰਨ ’ਤੇ ਰੋਕ ਲਗਾ ਦਿੱਤੀ। ਜਿਸਦਾ ਮੀਡੀਆ ਕਰਮਚਾਰੀਆਂ ਨੇ ਵਿਰੋਧ ਕੀਤਾ। ਇਸ ਦੌਰਾਨ ਬਠਿੰਡਾ ਹਾਊਸ ਦੀ 50 ਮੈਂਬਰੀ ਸਦਨ ਵਿਚ ਜਿਆਦਾਤਰ ਮੈਂਬਰਾਂ ਨੇ ਇਸ ਨਾਦਰਸ਼ਾਹੀ ਫ਼ੁਰਮਾਨ ਦਾ ਵਿਰੋਧ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਵਿਚ ਹਾਊਸ ਦੇ ਅੰਦਰ ਧਰਨਾ ਦਿੰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਮੀਡੀਆ ਨੂੰ ਅੰਦਰ ਨਾ ਜਾਣ ਦੇ ਵਿਰੋਧ ਵਿਚ ਅਕਾਲੀ ਕੌਸਲਰ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਕੇ ਧਰਨੇ ’ਤੇ ਬੈਠੇ ਗਏ। ਕੋਂਸਲਰਾਂ ਦੇ ਵਿਰੋਧ ਨੂੰ ਦੇਖਦਿਆਂ ਮੇਅਰ ਨੂੰ ਮੀਡੀਆ ਦੀ ਇੰਟਰੀ ਰੋਕਣ ਵਾਲਾ ਫੈਸਲਾ ਵਾਪਸ ਲੈਣਾ ਪਿਆ ਤੇ ਜਿਸਤੋਂ ਬਾਅਦ ਮੀਟਿੰਗ ਸ਼ੁਰੂ ਹੋਈ।
Share the post "ਬਠਿੰਡਾ ਨਿਗਮ ਦੀ ਸਲਾਨਾ ਬਜ਼ਟ ਮੀਟਿੰਗ ’ਚ ਹੋਇਆ ਹੰਗਾਮਾ, ਕਾਂਗਰਸੀ ਕੋਂਸਲਰਾਂ ਨੇ ਮੇਅਰ ਤੋਂ ਮੰਗਿਆ ਅਸਤੀਫ਼ਾ"