324.41 ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੀ ਉਸਾਰੀ ਦੇ ਰੱਖੇ ਨੀਂਹ ਪੱਥਰ
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਬਠਿੰਡਾ ਨੂੰ ਹੋਰ ਤਰੱਕੀ ਦੇ ਰਾਹਾਂ ਵੱਲ ਲਿਜਾਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ (ਸ਼ਹਿਰੀ) ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕੋਠੇ ਅਮਰਪੁਰਾ, ਭਗਤੂਆਣਾ ਨਗਰ ਤੇ ਗੁਰਦਿਆਲ ਸਿੰਘ ਢਿੱਲੋਂ ਵਿਖੇ 225.00 ਲੱਖ ਰੁਪਏ ਅਤੇ ਖੇਤਾ ਸਿੰਘ ਬਸਤੀ ਕੱਚੀ ਕਲੋਨੀ ਵਿਖੇ 99.41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯਤਨਾਂ ਸਦਕਾ ਹਲਕੇ ਅੰਦਰ ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਵੀ ਹਲਕੇ ਦੇ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਬਠਿੰਡਾ ਸ਼ਹਿਰ ਦੀ ਤਰੱਕੀ ਲਈ ਕਾਰਜ ਕਰਨੇ ਚਾਹੀਦੇ ਹਨ।ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਮਲੋਟ ਰੋਡ ਤੇ ਸਵਾ 16 ਏਕੜ ਵਿੱਚ ਨਵਾਂ ਬੱਸ ਸਟੈਂਡ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਦਾ 3-4 ਮਹੀਨਿਆਂ ਦੇ ਅੰਦਰ-ਅੰਦਰ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਨਵਾਂ ਬੱਸ ਸਟੈਂਡ ਬਨਣ ਨਾਲ ਖੇਤਾ ਸਿੰਘ ਬਸਤੀ ਦੇ ਇਲਾਕੇ ਦੀ ਤਰੱਕੀ ਹੋਵੇਗੀ ਉੱਥੇ ਹੀ ਇੱਥੋ ਦੇ ਵਸਨੀਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਯਤਨਾਂ ਸਦਕਾ ਬਨਣ ਵਾਲੇ ਨਵੇਂ ਬੱਸ ਸਟੈਂਡ ਦੇ ਨਾਲ-ਨਾਲ ਸ਼ਹਿਰ ਅੰਦਰ ਪੁਰਾਣਾ ਬੱਸ ਸਟੈਂਡ ਵੀ ਨਿਰੰਤਰ ਚਾਲੂ ਰਹੇਗਾ, ਜਿਥੇ ਇੱਕ ਬੱਸ ਤੋਂ ਦੂਸਰੇ ਬੱਸ ਤੱਕ ਜਾਣ ਲਈ ਸ਼ਹਿਰ ਅੰਦਰ ਮੁਫ਼ਤ ਇਲੈਕਟ੍ਰਿਕ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੀਲ ਨੰਬਰ 1 ’ਤੇ 37 ਕਰੋੜ ਦੀ ਲਾਗਤ ਨਾਲ ਇੱਕ ਵੱਡਾ ਵਾਟਰ ਟੈਂਕ ਉਸਾਰਿਆ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤੇ ਪਾਣੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮੁਲਤਾਨੀਆਂ ਰੋਡ ਦੇ ਪੁੱਲ ਦਾ 36 ਕਰੋੜ ਰੁਪਏ ਅਤੇ ਜਨਤਾ ਨਗਰ ਦੇ ਪੁੱਲ ਦਾ 50 ਕਰੋੜ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਰੱਖੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਜਲਦ ਨਿਯਾਤ ਦਵਾਉਣ ਲਈ ਵਿਸ਼ੇਸ਼ ਪ੍ਰਾਪੇਗੰਡਾ ਉਲੀਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਯੋਗ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਕਮਿਸ਼ਨਰ ਨਗਰ ਨਿਗਮ ਰਾਹੁਲ, ਮੇਅਰ ਰਮਨ ਗੋਇਲ, ਐਮਸੀ ਸੁਖਦੀਪ ਸਿੰਘ ਢਿੱਲੋਂ, ਮਲਕੀਤ ਸਿੰਘ ਗਿੱਲ ਆਦਿ ਹਾਜ਼ਰ ਸਨ।
ਬਠਿੰਡਾ ਨੂੰ ਹੋਰ ਤਰੱਕੀ ਦੇ ਰਾਹ ਵੱਲ ਲਿਜਾਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਜਗਰੂਪ ਸਿੰਘ ਗਿੱਲ
6 Views