ਸ਼ਹਿਰ ’ਚ ਮੁੜ ਕੀਤਾ ਫਲੈਗ ਮਾਰਚ, ਐਸ.ਐਸ.ਪੀ ਨੇ ਅਮਨ ਤੇ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਦਿੱਤੀ ਸਖ਼ਤ ਚੇਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ : ਬੀਤੇ ਕੱਲ ਪੰਜਾਬ ਪੁਲਿਸ ਵਲੋਂ ਸੂਬੇ ਭਰ ’ਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਵੀ ਕਰੀਬ ਦੋ ਦਰਜ਼ਨ ਸਮਰਥਕਾਂ ਨੂੰ ਰਾਉਂਡਅੱਪ ਕਰਨ ਦੀ ਸੂਚਨਾ ਹੈ। ਪਤਾ ਲੱਗਿਆ ਹੈ ਕਿ ਇੰਨ੍ਹਾਂ ਵਿਚੋਂ ਡੇਢ ਦਰਜ਼ਨ ਦੇ ਕਰੀਬ ਤਲਵੰਡੀ ਸਾਬੋ, ਤਿੰਨ ਰਾਮਪੁਰਾ ਅਤੇ ਇੰਨ੍ਹੇਂ ਹੀ ਬਠਿੰਡਾ ਸ਼ਹਿਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਹ ਵੀ ਸੂਚਨਾ ਮਿਲੀ ਹੈ ਕਿ ਇੰਨ੍ਹਾਂ ਨੌਜਵਾਨਾਂ ਵਿਚੋਂ ਕੁੱਝ ਇੱਕ ਨੂੰ ਛੱਡ ਕੇ ਬਾਕੀਆਂ ਨੂੰ ਐਸ.ਡੀ.ਐਮ ਦੀ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਧਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅੱਜ ਮੁੜ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਐਸਐਸਪੀ ਦੀ ਅਗਵਾਈ ਹੇਠ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ‘ਤੇ ਵਿਸ਼ੇਸ ਨਾਕਾਬੰਦੀ ਵੀ ਜਾਰੀ ਰਹੀ। ਅੱਜ ਹੀ ਮਾਨਸਾ ਜ਼ਿਲ੍ਹੇ ਵਿਚ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੋਣ ਦੇ ਚੱਲਦੇ ਪੁਲਿਸ ਵਲੋਂ ਵਿਸੇਸ ਨਿਗਾਂ ਰੱਖੀ ਗਈ। ਗੌਰਤਲਬ ਹੈ ਕਿ ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਚਾਊਕੇ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪ੍ਰੰਤੂ ਉਹ ਪੁਲਿਸ ਕਾਰਵਾਈ ਦੇ ਚੱਲਦੇ ਨਹੀਂ ਪੁੱਜ ਸਕੇ ਸਨ। ਜਿਸ ਕਾਰਨ ਪੁਲਿਸ ਵਲੋਂ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜਿਲ੍ਹੇ ਵਿਚ ਮੌਜੂਦਾ ਸਮੇਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਤਿੰਨ ਕੰਪਨੀਆਂ ਵੀ ਮੌਜੂਦ ਹਨ, ਜਿੰਨ੍ਹਾਂ ਵਲੋਂ ਪੁਲਿਸ ਦੀ ਮੱਦਦ ਕੀਤੀ ਜਾ ਰਹੀ ਹੈ। ਉਧਰ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸ਼ਹਿਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ, ਜਿਸ ਦੌਰਾਨ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦਸਿਆ ਕਿ ਅਸਾਂਤੀ ਫ਼ਲਾਉਣ ਵਾਲਿਆਂ ਨੂੰ ਲੱਭਿਆ ਜਾ ਰਿਹਾ ਹੈ।ਐਸ.ਐਸ.ਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਕਾਨੂੰਨ ਨੂੰ ਅਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸੋਸਲ ਮੀਡੀਆ ’ਤੇ ਅਫ਼ਵਾਹਾਂ ਫ਼ਲਾਉਣ ਵਾਲਿਆਂ ਨੂੰ ਵੀ ਨਹੀਂ ਬਖ਼ਸਿਆ ਜਾਵੇਗਾ।
Share the post "ਬਠਿੰਡਾ ਪੁਲਿਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਦੋ ਦਰਜ਼ਨ ਤੋਂ ਵੱਧ ਸਮਰਥਕਾਂ ਨੂੰ ਕੀਤਾ ਰਾਉਂਡਅੱਪ"