ਸੁਖਜਿੰਦਰ ਮਾਨ
ਬਠਿੰਡਾ, 6 ਮਈ : ਜ਼ਿਲ੍ਹਾ ਪੁਲਿਸ ਦੇ ਸੀਆਈਏ-1 ਵਿੰਗ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇਲਾਕੇ ’ਚ ਮੋਟਰਸਾਈਕਲ ਤੇ ਸਕੂਟਰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਥਿਤ ਦੋਸੀਆਂ ਦੀ ਪਹਿਚਾਣ ਰਾਜਪ੍ਰੀਤ ਸਿੰਘ, ਰਵਿੰਦਰ ਸਿੰਘ, ਗੁਰਭੇਜ ਸਿੰਘ, ਜਗਸੀਰ ਸਿੰਘ ਤੇ ਗੁਰਪਿਆਰ ਸਿੰਘ ਸਾਰੇ ਵਾਸੀ ਸੰਗਤ ਕਲਾਂ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਇੰਨਾਂ ਕੋਲੋ 8 ਮੋਟਰਸਾਈਕਲ ਵੀ ਬਰਾਮਦ ਕਰਵਾਏ ਹਨ। ਇਸ ਸਬੰਧ ਵਿਚ ਕਥਿਤ ਦੋਸੀਆਂ ਵਿਰੁਧ ਥਾਣਾ ਸੰਗਤ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਵਿਚ ਪਤਾ ਚੱਲਿਆ ਸੀ ਕਿ ਕਥਿਤ ਦੋਸੀ ਪਿਛਲੇ ਕੁੱਝ ਮਹੀਨਿਆਂ ਤੋਂ ਵਾਹਨ ਚੋਰੀ ਦਾ ਕੰਮ ਕਰ ਰਹੇ ਸਨ। ਮੁਢਲੀ ਪੜਤਾਲ ਮੁਤਾਬਕ ਕਾਬੂ ਕੀਤੇ ਗਏ ਨੌਜਵਾਨ ਨਸ਼ਿਆਂ ਦੇ ਆਦੀ ਹਨ ਤੇ ਨਸ਼ਿਆਂ ਦੀ ਪੂਰਤੀ ਲਈ ਹੀ ਮੋਟਰਸਾਈਕਲ ਚੋਰੀ ਕਰਕੇ ਅੱਗੇ ਸਸਤੇ ਭਾਅ ’ਤੇ ਵੇਚ ਦਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਗੁਰਭੇਜ ਸਿੰਘ ਇਸ ਗਿਰੋਹ ਦਾ ਮੁਖੀਆ ਹੈ ਤੇ ਇੰਨ੍ਹਾਂ ਵਲੋਂ ਜਿਆਦਾਤਰ ਸੰਗਤ ਇਲਾਕੇ ਵਿਚ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਕਥਿਤ ਦੋਸੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੁਣ ਇੰਨ੍ਹਾਂ ਕੋਲੋ ਡੂੰਘਾਈ ਨਾਲ ਪੁਛ ਪੜਤਾਲ ਕੀਤੀ ਜਾਵੇਗੀ।
ਬਾਕਸ
ਦੋ ਕਿਲੋ ਅਫ਼ੀਮ ਸਹਿਤ ਇੱਕ ਕਾਬੂ
ਬਠਿੰਡਾ: ਉਧਰ ਥਾਣਾ ਰਾਮਾ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਦੋ ਕਿਲੋ ਅਫ਼ੀਮ ਸਹਿਤ ਕਾਬੂ ਕੀਤਾ ਹੈ। ਇਸ ਵਿਅਕਤੀ ਦੀ ਪਹਿਚਾਣ ਮਨੀਸ ਕੁਮਾਰ ਵਾਸੀ ਰਾਮਾ ਮੰਡੀ ਦੇ ਤੌਰ ‘ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਕੋਲੋ ਪੁਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਇਹ ਅਫ਼ੀਮ ਕਿੱਥੋ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ।
Share the post "ਬਠਿੰਡਾ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫ਼ਾਸ, ਅੱਠ ਮੋਟਰਸਾਈਕਲ ਕੀਤੇ ਬਰਾਮਦ"