ਮੋਹਜਾਲ ’ਚ ਫ਼ਸਾ ਕੇ ਨੌਜਵਾਨ ਨੂੰ ਲੁੱਟਿਆ ਤੇ ਨਾਲ ਰੱਖੀ ਸਕੂਟਰੀ
ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਸਥਾਨਕ ਕੋਤਵਾਲੀ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਮੋਹਜਾਲ ’ਚ ਫ਼ਸਾ ਕੇ ਲੁੱਟਮਾਰ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਦੋ ਔਰਤਾਂ ਸਹਿਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮੌੇਕੇ ਗਿਰੋਹ ਦਾ ਇੱਕ ਮੈਂਬਰ ਭੱਜਣ ਵਿਚ ਸਫ਼ਲ ਰਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਨੇ ਦਸਿਆ ਕਿ ਪੁਲਿਸ ਕੋਲ ਕੁਲਦੀਪ ਸਿੰਘ ਨਾਂ ਦੇ ਨੌਜਵਾਨ ਨੇ ਸਿਕਾਇਤ ਕੀਤੀ ਸੀ, ਜਿਸ ਵਿਚ ਉਸਨੇ ਦਸਿਆ ਸੀ ਕਿ ਉਹ ਸਥਾਨਕ ਧੋਬੀ ਬਜ਼ਾਰ ਵਿਚ ਆਇਆ ਹੋਇਆ ਸੀ ਕਿ ਰਾਸਤੇ ਵਿਚ ਉਸਨੂੰ ਦੋ ਲੜਕੀਆਂ ਮਿਲੀਆਂ, ਜਿੰਨ੍ਹਾਂ ਨੇ ਉਸਨੂੰ ਗੱਲੀਬਾਤੀ ਲਗਾ ਕੇ ਅਪਣੇ ਜਾਲ ਵਿਚ ਫਸਾ ਲਿਆ। ਇਸ ਦੌਰਾਨ ਉਹ ਉਸਨੂੰ ਰੇਲਵੇ ਸਟੇਸ਼ਨ ਦੇ ਨਜਦੀਕ ਪਟਾ ਮਾਰਕੀਟ ਕੋਲ ਲੈ ਗਈਆਂ, ਜਿੱਥੇ ਉਹ ਖ਼ੜੇ ਗੱਲਾਂ ਕਰ ਰਹੇ ਸਨ ਤਾਂ ਇੱਕ ਫ਼ੋਰਡ ਫ਼ੀਗੋ ਕਾਰ ’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ, ਜਿੰਨ੍ਹਾਂ ਉਸਦੀ ਬੇਇੱਜਤੀ ਕਰਦਿਆਂ ਥਾਣੇ ਲਿਜਾਣ ਦਾ ਡਰਾਵਾ ਦਿੱਤਾ। ਉਸ ਨਾਲ ਗੱਲਾਂ ਕਰਨ ਵਾਲੀਆਂ ਕੁੜੀਆਂ ਵੀ ਉਨ੍ਹਾਂ ਦੇ ਨਾਲ ਰਲੀਆਂ ਹੋਈਆਂ ਸਨ ਤੇ ਪਰਚੇ ਦਾ ਡਰਾਵਾ ਦੇਣ ਲੱਗੀਆਂ। ਉਸ ਕੋਲੋ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਉਹ ਘਬਰਾ ਗਿਆ ਤੇ ਉਸ ਕੋਲ ਮੌਜੂਦ ਤਿੰਨ ਹਜ਼ਾਰ ਰੁਪਏ ਉਨ੍ਹਾਂ ਨੂੰ ਦੇ ਦਿੱਤੇ। ਪ੍ਰੰਤੂ ਉਕਤ ਗਿਰੋਹ ਦੇ ਮੈਂਬਰ ਬਾਕੀ ਸੱਤ ਹਜ਼ਾਰ ਰੁਪਏ ਲੈਣ ਲਈ ਉਸਦੀ ਸਕੂਟਰੀ ਵੀ ਨਾਲ ਲੈ ਗਏ। ਪੁਲਿਸ ਨੇ ਸੂਚਨਾ ਮਿਲਣ ’ਤੇ ਉਕਤ ਗਿਰੋਹ ਦੀਆਂ ਦੋਨਾਂ ਲੜਕੀਆਂ ਤੇ ਦੋ ਲੜਕਿਆਂ ਨੂੰ ਕਾਰ ਸਹਿਤ ਕਾਬੂ ਕਰ ਲਿਆ। ਇਸਤੋਂ ਇਲਾਵਾ ਨੌਜਵਾਨ ਕੋਲੋ ਖ਼ੋਹੀ ਸਕੂਟਰੀ ਵੀ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਵਿਜੇ ਕੁਮਾਰ ਤੇ ਹਰਜੀਤ ਸਿੰਘ, ਲੜਕੀਆਂ ਦੀ ਸੁਖਦੀਪ ਕੌਰ ਤੇ ਰਮਨਦੀਪ ਕੌਰ ਵਜੋਂ ਹੋਈ ਹੈ ਜਦੋਂਕਿ ਫ਼ਰਾਰ ਵਿਅਕਤੀ ਦੀ ਪਹਿਚਾਣ ਅੰਮਿ੍ਰਤ ਸੈਣੀ ਵਜੋਂ ਹੋਈ ਹੈ। ਇਨ੍ਹਾਂ ਵਿਰੁਧ ਧਾਰਾ 384 ਅਤੇ 120 ਬੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋ ਇਸ ਤਰ੍ਹਾਂ ਪਹਿਲਾਂ ਕੀਤੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ।
ਬਠਿੰਡਾ ਪੁਲਿਸ ਵਲੋਂ ‘ਹਨੀ ਟ੍ਰੇਪ’ ਗਿਰੋਹ ਕਾਬੂ
6 Views