ਖਿਡੌਣੇ, ਝੂਲਿਆਂ ਤੋਂ ਇਲਾਵਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਇਹ ਕਰੈਚ ਸੈਂਟਰ
ਸੁਖਜਿੰਦਰ ਮਾਨ
ਬਠਿੰਡਾ , 31 ਮਈ : ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਮਿੰਨੀ ਸਕੱਤਰੇਤ ’ਚ ਕੰਮ ਕਰਦੀਆਂ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਛੋਟੇ ਬੱਚਿਆਂ ਦਾ ਖਿਆਲ ਰੱਖਣ ਲਈ ਹੁਣ ਜ਼ਿਲ੍ਹਾ ਕੰਪਲੈਕਸ ਦੇ ਅੰਦਰ ਹੀ ਇੱਕ ਕਰੈਚ ਸੈਂਟਰ ਖੋਲ ਦਿੱਤਾ ਹੈ। ਰੈਡ ਕਰਾਸ ਦੀ ਸਹਾਇਤਾ ਨਾਲ ਬਿਲਕੁੱਲ ਮੁਫ਼ਤ ਖੋਲੇ ਇਸ ਕਰੈਚ ਸੈਂਟਰ ਵਿਚ ਦਫ਼ਤਰਾਂ ‘ਚ ਆਉਣ ਵਾਲੇ ਸਮੇਂ ਮਹਿਲਾ ਸਰਕਾਰੀ ਕਰਮਚਾਰੀ ਤੇ ਇੱਥੋਂ ਤੱਕ ਮਰਦ ਕਰਮਚਾਰੀ ਅਪਣੇ ਬੱਚਿਆਂ ਨੂੰ ਛੱਡ ਸਕਦੇ ਹਨ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਕਰੈਚ ਦੇ ਉਦਘਾਟਨ ਵਾਲੇ ਦਿਨ ਹੀ ਕਰੀਬ ਅੱਧੀ ਦਰਜ਼ਨ ਬੱਚਿਆਂ ਨੂੰ ਇੱਥੇ ਛੱਡਿਆ ਗਿਆ। ਇਸ ਆਧੁਨਿਕ ਕਿਸਮ ਦੇ ਕਰੈਚ ਸੈਂਟਰ ਦਾ ਉਦਘਾਟਨ ਕਰਦਿਆਂ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਦੱਸਿਆ ਕਿ ਰੈਡ ਕਰਾਸ ਦੇ ਸਹਿਯੋਗ ਨਾਲ ਖੋਲ੍ਹੇ ਗਏ ਇਹ ਸੈਂਟਰ ਬੱਚਿਆਂ ਦੇ ਖੇਡਣ ਲਈ ਵੱਖ-ਵੱਖ ਤਰ੍ਹਾਂ ਦੇ ਖਿਡੌਣਿਆਂ, ਛੋਟੇ ਝੂਲਿਆਂ, ਵੱਖ-ਵੱਖ ਭਾਸ਼ਾਵਾਂ ਦੇ ਚਾਰਟਾਂ ਤੋਂ ਇਲਾਵਾ ਪੜ੍ਹਾਈ ਨਾਲ ਸਬੰਧਤ ਹੋਰ ਤਰ੍ਹਾਂ ਦੇ ਖਿਡੌਣਿਆਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਇਹ ਕਰੈਚ ਸੈਂਟਰ ਦੋਵੇਂ ਪਤੀ-ਪਤਨੀ ਜਾਂ ਮਹਿਲਾਵਾਂ ਜੋ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੌਕਰੀ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਖੋਲ੍ਹਿਆ ਗਿਆ ਹੈ। ਇਸ ਕਰੈਚ ਸੈਂਟਰ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਲਈ ਆਰਓ ਸਿਸਟਮ, ਮੰਨੋਰੰਜ਼ਨ ਲਈ ਐਲਈਡੀ, ਪੂਰੀ ਤਰ੍ਹਾਂ ਏਅਰ ਕੰਡੀਸ਼ਨਰ, ਬੱਚਿਆਂ ਦੇ ਸੌਣ ਲਈ ਸਲੀਪਿੰਗ ਰੂਮ, ਕੇਅਰ ਟੇਕਰ ਅਤੇ ਆਇਆ ਲੇਡੀਜ਼ ਸਟਾਫ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਨੇ ਦਸਿਆ ਕਿ ਭਲਕੇ ਤੋਂ ਸਕੂਲਾਂ ਵਿਚ ਬੱਚਿਆਂ ਨੂੰ ਹੋ ਰਹੀਆਂ ਛੁੱਟੀਆਂ ਦੇ ਚੱਲਦੇ ਕੰਮਕਾਜ਼ੀ ਔਰਤਾਂ ਲਈ ਹੋਰ ਵੀ ਮੁਸ਼ਕਿਲ ਹੋ ਸਕਦੀ ਸੀ ਕਿਉਂਕਿ ਉਨ੍ਹਾਂ ਨੂੰ ਕੰਮ ’ਤੇ ਆਉਣ ਤੋਂ ਬਾਅਦ ਘਰਾਂ ’ਚ ਰਹਿ ਗਏ ਅਪਣੇ ਛੋਟੇ ਬੱਚਿਆਂ ਦੀ ਚਿੰਤਾਂ ਸਤਾਉਣੀ ਸੀ ਪ੍ਰੰਤੂ ਹੁਣ ਉਹ ਇੰਨ੍ਹਾਂ ਬੱਚਿਆਂ ਨੂੰ ਅਪਣੇ ਨਾਲ ਹੀ ਇੱਥੇ ਲਿਆ ਸਕਦੀਆਂ ਹਨ ਤੇ ਛੁੱਟੀ ਸਮੇਂ ਉਨ੍ਹਾਂ ਨੂੰ ਖਾਣਾ ਆਦਿ ਵੀ ਖੁਆ ਸਕਣਗੀਆਂ। ਉਨ੍ਹਾਂ ਦਸਿਆ ਕਿ ਬੱਚਿਆਂ ਦੇ ਦੇਖਭਾਲ ਲਈ ਜਿੱਥੇ ਦੋ ਮਹਿਲਾਂ ਕਰਮਚਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਛੋਟੇ ਬੱਚਿਆਂ ਨੂੰ ਨੀਂਦ ਆਉਣ ’ਤੇ ਉਨ੍ਹਾਂ ਨੂੰ ਸੌਣ ਲਈ ਗੱਦੇ ਵੀ ਲਗਾਏ ਹਨ। ਵਲੋਂ ਕੀਤਾ ਗਿਆ। ਇਸ ਮੌਕੇ ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
Share the post "ਬਠਿੰਡਾ ਪ੍ਰਸ਼ਾਸਨ ਦੀ ਵਿਲੱਖਣ ਪਹਿਲਕਦਮੀ: ਛੋਟੇ ਬੱਚਿਆਂ ਲਈ ਜ਼ਿਲ੍ਹਾ ਕੰਪਲੈਕਸ ’ਚ ਖੋਲਿਆ ਕਰੈਚ ਸੈਂਟਰ"