ਸੁਖਜਿੰਦਰ ਮਾਨ
ਬਠਿੰਡਾ 18 ਮਾਰਚ : ਬਠਿੰਡਾ ਪੱਟੀ ਵਿਚ ਬੀਤੀ ਰਾਤ ਤੋਂ ਲੈ ਕੇ ਅੱਜ ਸਾਰਾ ਦਿਨ ਰੁਕ ਰੁਕ ਕੇ ਹੋਈ ਮੀਂਹ ਪੈਂਦਾ ਰਿਹਾ ਤੇ ਬਾਅਦ ਦੁਪਹਿਰ ਭਾਰੀ ਬਾਰਸ਼ ਦੇ ਨਾਲ ਨਾਲ ਗੜੇਮਾਰੀ ਵੀ ਹੋਈ। ਇਸਤੋਂ ਇਲਾਵਾ ਤੇਜ਼ ਝੱਖੜ ਵੀ ਆਇਆ, ਜਿਸਨੇ ਪੱਕਣ ‘ਤੇ ਆਈ ਫਸਲ ਦੇ ਚੱਲਦੇ ਕਿਸਾਨਾਂ ਨੂੰ ਕੱਖੋਂ ਹੋਲੇ ਕਰ ਕੇ ਰੱਖ ਦਿੱਤਾ ਹੈ। ਅੱਜ ਸ਼ਾਮ ਵਕਤ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਮੀਂਹ ਦੇ ਨਾਲ ਨਾਲ ਤੇਜ਼ ਝੱਖੜ ਅਤੇ ਗੜੇਮਾਰੀ ਦੇਖਣ ਨੂੰ ਮਿਲੀ l ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਤੇ ਕੀਤੀ ਗਈ ਪੇਸ਼ੀਨਗੋਈ ਤੇ ਚੱਲਦਿਆਂ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਚੜ੍ਹਦੇ ਚੇਤ ਹੋ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ ਅਤੇ ਮੌਸਮ ਹਾਲੇ ਵੀ ਬੇਈਮਾਨ ਨਜ਼ਰ ਆ ਰਿਹਾ ਹੈ । ਕਿਸਾਨਾਂ ਦਾ ਕਹਿਣਾ ਕਿ ਪਹਿਲਾਂ ਹੀ ਡਿੱਗੀ ਹੋਈ ਕਣਕ ਦਾ ਸੱਤਿਆਨਾਸ ਕਰਨ ਵਿਚ ਮੀਂਹ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਜਿੱਥੇ ਕਿਸਾਨ ਨੂੰ ਮੋਟਾ ਰਗੜਾ ਲੱਗਿਆ ਹੈ । ਗੌਰਤਲਬ ਹੈ ਕਿ ਬਠਿੰਡਾ ਖੇਤਰ ਵਿਚ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਬਠਿੰਡਾ ਵਿਚ ਕੁੱਲ 2 ਲੱਖ 60 ਹਜ਼ਾਰ ਏਕੜ ਵਿਚ ਕਣਕ ਅਤੇ 3000 ਹਜ਼ਾਰ ਏਕੜ ਸਰ੍ਹੋਂ ਦੀ ਬੀਜਾਂਦ ਕੀਤੀ ਗਈ ਸੀ । ਖੇਤੀਬਾੜੀ ਵਿਭਾਗ ਦੁਆਵਾਂ ਕੀਤਾ ਸੀ ਕਿ ਬਠਿੰਡਾ ਖੇਤਰ ਵਿਚ 50 ਹਜ਼ਾਰ ਏਕੜ ਜਾਣੀ ਕਿ 20 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਜੋ 8 ਪ੍ਰਤੀਸ਼ਤ ਬਣਦਾ ਹੈ । ਉੱਧਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਕਿਹਾ ਸੀ ਕਿ ਇਹ ਅੰਕੜੇ ਦਫ਼ਤਰ ਵਿਚ ਬੈਠ ਕਿ ਲਏ ਗਏ ਹਨ ਜਦੋਂ ਖੇਤੀ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਪਿੰਡ ਪਹੁੰਚ ਤੱਕ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ 50 ਹਜ਼ਾਰ ਏਕੜ ਸਿਰਫ਼ ਦੋ ਬਲਾਕਾਂ ਦੇ ਅੰਕੜੇ ਹੋ ਸਕਦੇ ਹਨ। ਅੱਜ ਬਾਰਸ਼ ਦੇ ਸੰਦਰਭ ਵਿਚ ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੌਸਮ ਦੇ ਲਗਾਤਾਰ ਖ਼ਰਾਬ ਹੋਣ ਕਾਰਨ ਕਣਕਾਂ ਦੇ ਲਗਾਤਾਰ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਜੇਕਰ ਮਾਨ ਸਰਕਾਰ ਸੱਚਮੁੱਚ ਆਪਣੇ ਆਪ ਨੂੰ ਕਿਸਾਨਾਂ ਨੂੰ ਹਤੈਸੀ ਕਹਾਉਂਦੀ ਹੈ ਤਾਂ ਫ਼ਸਲ ਬੀਮਾ ਯੋਜਨਾ ਲਾਗੂ ਕਰੇ ਅਤੇ ਕਣਕ ਦੇ ਝਾੜ ਮੁਤਾਬਿਕ ਹੋਏ ਡੀਸੀ ਪੱਧਰ ਤੇ ਨੁਕਸਾਨ ਦੇ ਸਰਵੇ ਮੁਤਾਬਿਕ ਭਰਵਾਈ ਕੀਤੀ ਜਾਵੇ।
ਬਠਿੰਡਾ ਵਿੱਚ ਭਾਰੀ ਮੀਂਹ ਤੋਂ ਬਾਅਦ ਹੋਈ ਗੜੇਮਾਰੀ, ਕਿਸਾਨਾਂ ਦੇ ਸਾਹ ਸੁੱਕੇ
8 Views