ਸਮਾਜ ਸੇਵੀਆਂ ਵਲੋਂ ਗੇਟਾਂ ਨੂੰ ਖੁਲਵਾਉਣ ਲਈ ਧਰਨਾ ਅੱਜ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਪਿਛਲੀ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਸ਼ਹਿਰ ਦੇ ਪ੍ਰਭਾਵਸ਼ਾਲੀ ਆਗੂਆਂ ਦੇ ਅਸ਼ੀਰਵਾਦ ਅਤੇ ਕਈ ਥਾਂ ਸਰਕਾਰੀ ਗ੍ਰਾਂਟਾਂ ਨਾਲ ਸ਼ਹਿਰ ਦੇ ਪਾਸ਼ ਇਲਾਕਿਆਂ ’ਚ ਲੱਗੇ ਦਰਜ਼ਨਾਂ ਗੇਟਾਂ ਦਾ ਮਾਮਲਾ ਗਰਮਾਉਣ ਲੱਗਿਆ ਹੈ। ਇਸ ਮਾਮਲੇ ਵਿਚ ਜਿੱਥੇ ਆਮ ਲੋਕ ਤੰਗ ਹੋ ਰਹੇ ਹਨ, ਉਥੇ ਸਮਾਜ ਸੇਵੀਆਂ ਨੇ ਸ਼ਹਿਰੀਆਂ ਨੂੰ ਨਾਲ ਲੈ ਕੇ ਭਲਕੇ ਇੰਨ੍ਹਾਂ ਗੇਟਾਂ ਨੂੰ ਖੁਲਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦਾ ਐਲਾਨ ਕਰ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਕੱਲੇ ਰਾਤ ਸਮੇਂ ਹੀ ਨਹੀਂ, ਬਲਕਿ ਦਿਨ ਵੇਲੇ ਵੀ ਬੰਦ ਰਹਿਣ ਵਾਲੇ ਇੰਨ੍ਹਾਂ ਗੇਟਾਂ ਕਾਰਨ ਐਮਰਜੈਂਸੀ ਦੀ ਸਥਿਤੀ ਵਿੱਚ ਕਿਸੇ ਵੀ ਐਂਬੂਲੈਂਸ, ਫਾਇਰ ਬਿ੍ਰਗੇਡ ਜਾਂ ਪੁਲਿਸ ਦੀਆਂ ਗੱਡੀਆਂ ਨੂੰ ਵੀ ਇੰਨ੍ਹਾਂ ਇਲਾਕਿਆਂ ਅੰਦਰ ਜਾਣ ਲਈ ਇਧਰ-ਉਧਰ ਜਾਣਾ ਪੈਂਦਾ ਹੈ। ਦਸਣਾ ਬਣਦਾ ਹੈ ਕਿ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਦਰਜ਼ਨਾਂ ਇਲਾਕਿਆਂ ’ਚ ਧੜਾ-ਧੜ ਲੱਗੇ ਇੰਨ੍ਹਾਂ ਗੇਟਾਂ ਬਾਰੇ ਅਧਿਕਾਰੀ ਵੀ ਸਰਕਾਰ ਬਦਲਣ ਦੇ ਬਾਵਜੂਦ ਕੁੱਝ ਖੁੱਲ ਕੇ ਬੋਲਣ ਤੋਂ ਅਸਮਰੱਥਤਾ ਜਤਾ ਰਹੇ ਹਨ। ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਕੁੱਝ ਸ਼ਹਿਰੀਆਂ ਵਲੋਂ ਪ੍ਰਸ਼ਾਸਨ ਦੁਆਰਾ ਗੱਲ ਨਾ ਸੁਣਨ ’ਤੇ ਮਾਮਲਾ ਹਾਈਕੋਰਟ ਲਿਜਾਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬਠਿੰਡਾ ਸਹਿਰ ਦੀ ਵੀਰ ਕਲੋਨੀ, ਪੁਖਰਾਜ ਕਲੋਨੀ, ਮਾਡਲ ਟਾਊਨ ਫੇਜ-1, ਬਿਰਲਾ ਮਿੱਲ ਕਲੋਨੀ, ਖੱਦਰ ਭੰਡਾਰ ਵਾਲੀ ਗਲੀ, ਗੁਰੂ ਕੀ ਨਗਰੀ, ਪਾਵਰ ਹਾਊਸ ਰੋਡ, ਸਿਵਲ ਲਾਈਨ, ਮਹਿਣਾ ਚੌਕ ਆਦਿ ਕਈ ਅਜਿਹੀਆਂ ਕਲੋਨੀਆਂ, ਮੁਹੱਲੇ ਹਨ, ਜਿੰਨ੍ਹਾਂ ਵਿਚ ਗੇਟ ਲਗਾ ਕੇ ਤਾਲਾਬੰਦੀ ਕੀਤੀ ਹੋਈ ਹੈ। ਇਹ ਵੀ ਪਤਾ ਚਲਿਆ ਹੈ ਕਿ ਨਿਯਮਾਂ ਤਹਿਤ ਇਹ ਗੇਟ ਸਵੇਰੇ 5 ਵਜੇਂ ਤੋਂ ਰਾਤ 11 ਵਜੇਂ ਤੱਕ ਖੁੱਲੇ ਰੱਖਣੇ ਹੁੰਦੇ ਹਨ ਪ੍ਰੰਤੂ ਅਕਸਰ ਹੀ ਸ਼ਹਿਰ ਵਿਚ ਲੱਗੇ ਗੇਟਾਂ ਉਪਰ ਤਾਲਾ ਲੱਗਿਆ ਦਿਖ਼ਾਈ ਦਿੰਦਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਸ਼ਹਿਰ ਵਿਚ ਲੱਗੇ ਗੇਟਾਂ ਦੀ ਪ੍ਰਵਾਨਗੀ ਲਈ ਨਗਰ ਨਿਗਮ ਦੇ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਜਰੂਰਤ ਹੁੰਦੀ ਹੈ ਪ੍ਰੰਤੂ ਬਠਿੰਡਾ ਸ਼ਹਿਰ ਵਿਚ ਲੱਗੇ ਦੋ ਦਰਜ਼ਨ ਦੇ ਕਰੀਬ ਗੇਟਾਂ ਨੂੰ ਕਿਸ ਸਮੇਂ ਮੰਨਜੂਰੀ ਦਿੱਤੀ ਗਈ ਹੈ, ਕੋਈ ਵੀ ਜਾਣਕਾਰੀ ਨਹੀਂ ਹੈ। ਉਧਰ ਸ਼ਹਿਰ ਦੇ ਇੱਕ ਸੁੂਚਨਾ ਅਧਿਕਾਰ ਕਾਰਕੁੰਨ ਸੰਜੀਵ ਜਿੰਦਲ ਵਲੋਂ ਲਈ ਜਾਣਕਾਰੀ ਮੁਤਾਬਕ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ ਲੱਗੇ ਗੇਟਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਸੀ। ਇੰਨ੍ਹਾਂ ਵਿਚ ਵੀਰ ਕਲੋਨੀ, ਵਿਸਾਲ ਨਗਰ ਫੇਜ-1 ਆਦਿ ਸ਼ਾਮਲ ਹਨ। ਜਦੋਂਕਿ ਗ੍ਰੀਨ ਐਵੇਨਿਊ ਰੈਜੀਡੈਂਸ ਵੈਲਫੇਅਰ ਐਸੋਸੀਏਸਨ ਨੂੰ ਸਾਲ 2019-20 ਵਿੱਚ ਗ੍ਰੀਨ ਐਵੀਨਿਊ ਕਲੋਨੀ ਦੇ ਐਂਟਰੀ/ਸੁਰੱਖਿਆ ਗੇਟ ਲਈ 2.90 ਲੱਖ ਰੁਪਏ ਦਿੱਤੇ ਗਏ ਸਨ। ਇੰਨ੍ਹਾਂ ਗੇਟਾਂ ਨੂੰ ਖੁਲਵਾਉਣ ਲਈ ਹੁਣ ਤੱਕ ਆਮ ਲੋਕਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੁਆਰਾ ਵੀ ਨਗਰ ਨਿਗਮ ਦੇ ਅਹੁੱਦੇਦਾਰਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਇਸਤੋਂ ਇਲਾਵਾ ਸਹਿਰ ਨੂੰ ਇਹਨਾ ਗੇਟਾਂ ਅਤੇ ਜਿੰਦਰਿਆਂ ਤੋ ਅਜਾਦ ਕਰਵਾਉਣ ਲਈ ਭਲਕੇ ਸਵੇਰੇ 10 ਵਜੇ ਮਿੰਨੀ ਸਕੱਤਰੇਤ ਸਾਹਮਣੇ ਰਜਿੰਦਰਾ ਕਾਲਜ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ।
ਗੇਟਾਂ ਦੇ ਤੋੜੇ ਜਾਣਗੇ ਤਾਲੇ, ਦਿੱਤੇ ਜਾਣਗੇ ਨੋਟਿਸ: ਡਿਪਟੀ ਕਮਿਸ਼ਨਰ
ਬਠਿੰਡਾ: ਉਧਰ ਇਸ ਮਾਮਲੇ ਵਿਚ ਪ੍ਰਸ਼ਾਸਨ ਦਾ ਪੱਖ ਰੱਖਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਸਿਆ ਕਿ ਅੱਜ ਸ਼ਾਮ ਤੋਂ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ’ਚ ਲੱਗੇ ਗੇਟਾਂ ਦੇ ਤਾਲੇ ਤੋੜੇ ਜਾ ਰਹੇ ਹਨ ਤਾਂ ਕਿ ਗਲੀਆਂ ਦਾ ਰਾਸਤਾ ਬੰਦ ਨਾ ਹੋ ਸਕੇ। ਉਨ੍ਹਾਂ ਦਸਿਆ ਕਿ ਨਿਗਮ ਅਧਿਕਾਰੀਆਂ ਹਿਦਾਇਤਾਂ ਦਿੱਤੀਆਂ ਹਨ, ਜਿਸਤੋਂ ਬਾਅਦ ਸਬੰਧਤ ਮੁਹੱਲਾ ਐਸੋਸੀਏਸ਼ਨ ਨੂੰ ਇਹ ਗੇਟ ਲਗਾਉਣ ਬਾਰੇ ਨੋਟਿਸ ਕੱਢੇ ਜਾ ਰਹੇ ਹਨ, ਜਿਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।