ਸੁਖਜਿੰਦਰ ਮਾਨ
ਬਠਿੰਡਾ 25 ਅਗਸਤ:ਬਠਿੰਡਾ ਸ਼ਹਿਰ ਅੰਦਰ ਇਸ ਵਾਰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਹਿਲਕਦਮੀ ਦੇ ਚੱਲਦਿਆਂ ਇਸ ਵਾਰ ਜਨਮ ਅਸ਼ਟਮੀ ਮੌਕੇ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ। ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਲਈ ਕੁਝ ਦਿਨ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਅੱਜ ਸੀਨੀਅਰ ਕਾਂਗਰਸੀ ਆਗੂ ਜੈਜੀਤ ਜੌਹਲ,ਅਰੁਣ ਵਧਾਵਨ, ਰਾਜਨ ਗਰਗ, ਕੇ ਕੇ ਅਗਰਵਾਲ ,ਅਸ਼ੋਕ ਕੁਮਾਰ,ਪਵਨ ਮਾਨੀ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਲਈ ਵੱਖ ਵੱਖ ਮੰਦਰਾਂ ਦੀਆਂ ਕਮੇਟੀਆਂ ਦੇ ਪ੍ਰਧਾਨਾਂ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਇਸ ਵਿਚ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਚੰਗੇ ਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜਨਮ ਅਸ਼ਟਮੀ ਦੇ ਤਿਉਹਾਰ ਤੋਂ ਪਹਿਲਾਂ ਮੰਦਿਰਾਂ ਦੀ ਸਾਫ ਸਫਾਈ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਮੰਦਿਰ ਕਮੇਟੀਆਂ ਦੇ ਪ੍ਰਬੰਧਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜਨਮ ਅਸ਼ਟਮੀ ਮੌਕੇ ਵਿਸ਼ੇਸ਼ ਤੌਰ ਤੇ ਲੇਜ਼ਰ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ ਜਿਹੜਾ ਕਿ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਰਹੇਗਾ। ਕੇਕੇ ਅਗਰਵਾਲ, ਜੈਜੀਤ ਜੌਹਲ, ਰਾਜਨ ਗਰਗ, ਅਰੁਣ ਵਧਾਵਨ,ਅਸ਼ੋਕ ਕੁਮਾਰ,ਪਵਨ ਮਾਨੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਇਤਿਹਾਸਕ ਦਿਨ ਸਾਰੇ ਲੋਕਾਂ ਦੇ ਸਾਂਝੇ ਹਨ। ਇਸ ਲਈ ਜਨਮਅਸ਼ਟਮੀ ਦਾ ਤਿਉਹਾਰ ਵੀ ਸ਼ਹਿਰ ਵਾਸੀਆਂ ਵੱਲੋਂ ਵੱਡੀ ਪੱਧਰ ਤੇ ਸਾਂਝੇ ਤੌਰ ਉੱਪਰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਦਿਨ ਸਾਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਬਠਿੰਡਾ ਸ਼ਹਿਰ ਵਿੱਚ ਜਨਮਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਢੇ ਪੰਜ ਸੌ ਸਾਲਾ ਸਮਾਗਮ ਕਿਲ੍ਹਾ ਮੁਬਾਰਕ ਗੁਰਦੁਆਰਾ ਸਾਹਿਬ ਵਿੱਚ ਵੱਡੀ ਪੱਧਰ ਤੇ ਮਨਾਇਆ ਗਿਆ ਸੀ।ਇਸ ਮੌਕੇ ਮਾਸਟਰ ਹਰਮੰਦਰ ਸਿੰਘ, ਹੰਸਰਾਜ ਪੀਰਕੋਟ, ਸੁਰਿੰਦਰ ਵੈਦ,ਗੰਗਗੇਸ਼ਵਰ,ਪ੍ਰਮੋਦ ਮਿੱਤਲ, ਸੁਰਿੰਦਰ ਅਤੇ ਹੋਰ ਪਤਵੰਤੇ ਹਾਜ਼ਰ ਸਨ।