ਸੁਖਜਿੰਦਰ ਮਾਨ
ਬਠਿੰਡਾ, 3 ਅਪ੍ਰੈਲ : ਬਰਸਾਤੀ ਮੌਸਮ ਦੌਰਾਨ ਬਾਰਸ਼ ਦੇ ਪਾਣੀ ਕਾਰਨ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਅੱਜ ਨਗਰ ਨਿਗਮ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸਤੋਂ ਇਲਾਵਾ ਉਨ੍ਹਾਂ ਇੰਨ੍ਹਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਪਾਣੀ ਭਰਨ ਵਾਲੀਆਂ ਜਗਾਵਾਂ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ ਦਿੰਦਿਆਂ ਕਿਹਾ ਕਿ ‘‘ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਇਸਦਾ ਹੱਲ ਕੱਢਿਆ ਜਾਵੇ। ’’ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਵੀ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਸ਼ਹਿਰ ਦੇ ਕੁੱਝ ਨੀਵੇਂ ਇਲਾਕਿਆਂ ਸਿਰਕੀ ਬਾਜ਼ਾਰ, ਮਾਲ ਰੋਡ, ਪਾਵਰ ਹਾਊਸ ਰੋਡ, ਪਰਸ ਰਾਮ ਨਗਰ ਆਦਿ ਵੀ ਪਾਣੀ ਭਰ ਗਿਆ ਸੀ। ਜਦੋਂਕਿ ਬਰਸਾਤੀ ਮੌਸਮ ਦੌਰਾਨ ਤਾਂ ਉਕਤ ਖੇਤਰਾਂ ਤੋਂ ਇਲਾਵਾ ਹੋਰਨਾਂ ਦਰਜ਼ਨਾਂ ਖੇਤਰਾਂ ਵਿਚ ਇਹ ਸਮੱਸਿਆ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਸੂਚਨਾ ਮੁਤਾਬਕ ਮੀਟਿੰਗ ਵਿਚ ਵਿਧਾਇਕ ਵਲੋਂ ਆਲਮ ਬਸਤੀ ’ਚ ਜਰੈਨਟਰ ਨਾ ਚੱਲਣ ਅਤੇ ਲਾਈਟ ਦਾ ਪ੍ਰਬੰਧ ਨਾ ਹੋਣ ਦੀ ਸਮੱਸਿਆ ਨੂੰ ਹੁਣ ਤੋਂ ਹੀ ਦੂਰ ਕਰਨ ਲਈ ਕਿਹਾ ਗਿਆ। ਇਸਤੋਂ ਇਲਾਵਾ ਗੁਰੂਕੁਲ ਰੋਡ ’ਤੇ ਜੋਗੀ ਨਗਰ ਨੂੰ ਪਾਇਪ ਪਾਉਣ, ਕੈਨਾਲ ਕਲੌਨੀ ’ਚ ਇੱਕ ਹੈਡ ਦਾ ਮੂੰਹ ਨੀਵਾਂ ਕਰਨ, ਇਸੇ ਤਰ੍ਹਾਂ ਸਲੱਜ ਕੈਰੀਅਰ ਦੇ ਹੇਠਾਂ ਦੀ ਪਾਇਪ ਪਾਉਣ ਅਤੇ ਬਰਸਾਤੀ ਪਾਣੀ ਦੇ ਸਟੋਰ ਲਈ ਰਾਖਵੇਂ ਰੱਖੀ 10 ਏਕੜ ਵਿਚ ਮੋਟਰ ਲਗਾਉਣ, ਪਾਵਰ ਹਾਊਸ ਰੋਡ ਦੇ ਮੇਨ ਪੁਆਇੰਟ ਤੋਂ ਮੇਨ ਡਿਸਪੋਜ਼ਲ ਨਾਲ ਜੋੜਣ ਲਈ ਪਾਇਪ ਪਾਉਣ ਲਈ ਕਿਹਾ ਗਿਆ। ਜਦੋਂਕਿ ਖੇਤਾ ਸਿੰਘ ਬਸਤੀ ਦੀਆਂ ਗਲੀਆਂ ’ਚ ਖੜੇ ਪਾਣੀ ਦੇ ਮਸਲੇ ਦਾ ਹੱਲ ਕਰਨ ਦੇ ਵੀ ਹੁਕਮ ਦਿੱਤੇ ਗਏ। ਗੌਰਤਲਬ ਹੈ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਵਾਰਡ ਨੰਬਰ 50 ਵਿਚ ਪੈਂਦੇ ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ ਦਾ ਵੀ ਦੌਰਾ ਵੀ ਕੀਤਾ ਗਿਆ ਸੀ। ਇਸ ਮੌਕੇ ਕਮਿਸ਼ਨਰ ਨਿਗਮ ਰਾਹੁਲ, ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਨਿਗਮ ਦੇ ਉਚ ਅਧਿਕਾਰੀ ਵੀ ਮੌਜੂਦ ਰਹੇ।
Share the post "ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਗਿੱਲ ਨੇ ਬਰਸਾਤੀ ਪਾਣੀ ਦੇ ਮੁੱਦੇ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ"