ਘਰ ’ਚ ਬਣੀ ਡਿਜੀਟਲੀ ਲਾਕਰ ਸੇਫ਼ ਵਿਚੋਂ ਚੋਰ ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਹੋਏ ਫੁਰਰ
ਚੋਰ ਘਰ ਦਾ ਭੇਤੀ ਹੋਣ ਦੀ ਸੰਭਾਵਨਾ, ਜਾਂਦਾ ਹੋਇਆ ਡੀਵੀਆਰ ਵੀ ਨਾਲ ਹੀ ਲੈ ਗਿਆ
ਪੁਲਿਸ ਵਲੋਂ ਪਰਚਾ ਦਰਜ਼, ਤਿੰਨ ਦਿਨਾਂ ਬਾਅਦ ਵੀ ਹੱਥ ਖਾਲੀ
ਸੁਖਜਿੰਦਰ ਮਾਨ
ਬਠਿੰਡਾ, 19 ਜੁਲਾਈ : ਸਥਾਨਕ ਸ਼ਹਿਰ ਦੇ ਪੁਰਾਣੇ ਤੇ ਨਾਮਵਾਰ ਡਾਕਟਰ ਮੰਨੇ ਜਾਂਦੇ ਆਰ.ਕੇ.ਮਦਾਨ ਦੇ ਘਰ ਵਿਚ ਤਿੰਨ ਦਿਨ ਪਹਿਲਾਂ ਚੋਰੀ ਹੋਣ ਦੀ ਸੂਚਨਾ ਹੈ। ਚੋਰ ਡਾਕਟਰ ਫੈਮਿਲੀ ਦੀ ਗੈਰਹਾਜ਼ਰੀ ’ਚ ਘਰ ਵਿਚ ਬਣੀ ਇਲੈਕਟਰੋਨਿਕ ਸੇਫ਼ ਵਿਚੋਂ ਕਰੋੜਾਂ ਰੁਪਏ ਦੀ ਨਗਦੀ ਤੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਵਲੋਂ ਡਾ ਮਦਾਨ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਧਾਰਾ 457 ਤੇ 380 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮਾਮਲਾ ਸ਼ਹਿਰ ਦੇ ਨਾਮਵਾਰ ਡਾਕਟਰ ਨਾਲ ਜੁੜਿਆ ਹੋਣ ਕਾਰਨ ਅਤੇ ਚੋਰੀ ਹੋਏ ਮਾਲਕ ਦੀ ਕੀਮਤ ‘ਕਰੋੜਾਂ’ ਚੋਂ ਹੋਣ ਕਾਰਨ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ। ਪ੍ਰੰਤੂ ਚੋਰੀ ਦੀ ਘਟਨਾ ਨੂੰ ਵਾਪਰੇ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਦੱਸੇ ਜਾ ਰਹੇ ਹਨ। ਉਂਜ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਘਟਨਾ ਨੂੰ ਅੰਜਾਮ ਕਿਸੇ ਘਰ ਦੇ ਭੇਤੀ ਨੇ ਹੀ ਦਿੱਤਾ ਹੈ ਕਿਉਂਕਿ ਜਿੱਥੇ ਚੋਰ ਨੇ ਨਗਦੀ ਤੇ ਗਹਿਣੇ ਤੋਂ ਇਲਾਵਾ ਘਰ ਵਿਚ ਪਏ ਹੋਰ ਕੀਮਤੀ ਸਮਾਨ ਨੂੰ ਨਹੀਂ ਛੇੜਿਆ, ਉਥੇ ਫ਼ੜੇ ਜਾਣ ਦੇ ਡਰੋਂ ਘਰ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀਆਂ ਦੋਨਾਂ ਡੀਵੀਆਰਜ਼ ਵੀ ਨਾਲ ਲੈ ਗਿਆ ਹੈ। ਉਧਰ ਡਾ ਆਰ.ਕੇ.ਮਦਾਨ ਨੇ ਇਸ ਘਟਨਾ ਦੀ ਪੁਸਟੀ ਕਰਦਿਆਂ ਦਸਿਆ ਕਿ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤੇ ਉਸਨੂੰ ਭਰੋਸਾ ਹੈ ਕਿ ਜਲਦੀ ਹੀ ਚੋਰ ਦਾ ਪਤਾ ਲੱਗ ਜਾਵੇਗਾ। ਦੂਜੇ ਪਾਸੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਹ ਜਾਂਚ ਜਲਦ ਹੀ ਕਿਸੇ ਸਿੱਟੇ ’ਤੇ ਪੁੱਜੇਗੀ। ਇੱਥੇ ਦਸਣਾ ਬਣਦਾ ਹੈ ਕਿ ਸਥਾਨਕ ਜੀਟੀ ਰੋਡ ’ਤੇ ਸਥਿਤ ਹਨੂੰਮਾਨ ਚੌਕ ਤੋਂ ਥੋੜਾ ਅੱਗੇ ਜਾ ਕੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਸਾਹਮਣੇ ਮਦਾਨ ਨਰਸਿੰਗ ਹੋਮ ਹੈ, ਜਿਸਨੂੰ ਡਾ ਆਰ.ਕੇ.ਮਦਾਨ ਤੇ ਉਸਦੀ ਪਤਨੀ ਡਾ ਊਸ਼ਾ ਮਦਾਨ ਚਲਾ ਰਹੇ ਹਨ। ਹਸਪਤਾਲ ਦੇ ਉਪਰ ਹੀ ਡਾਕਟਰ ਪ੍ਰਵਾਰ ਵਲੋਂ ਰਿਹਾਇਸ਼ ਰੱਖੀ ਹੋਈ ਹੈ। ਇਸ ਡਾਕਟਰ ਜੋੜੀ ਦੇ ਪੁੱਤਰ ਡਾ ਰਾਹੁਲ ਮਦਾਨ ਤੇ ਨੂੰਹ ਡਾਕਟਰ ਪਾਰੁਲ ਮਦਾਨ ਸਥਾਨਕ ਸਰਕਾਰੀ ਹਸਪਤਾਲ ਵਿਚ ਸੇਵਾਵਾਂ ਨਿਭਾ ਰਹੇ ਹਨ। ਸੂਚਨਾ ਮੁਤਾਬਕ ਉਕਤ ਡਾਕਟਰ ਪ੍ਰਵਾਰ 14 ਜੁਲਾਈ ਨੂੰ ਯੂ.ਪੀ ਦੇ ਗਾਜਿਆਬਾਅਦ ਤੇ ਦਿੱਲੀ ’ਚ ਅਪਣੇ ਕਿਸੇ ਰਿਸ਼ਤੇਦਾਰਾਂ ਦੀ ਹੋਈ ਮੌਤ ’ਚ ਅਫ਼ਸੋਸ ਕਰਨ ਗਏ ਸਨ। 17 ਜੁਲਾਈ ਨੂੰ ਸਾਰਾ ਪ੍ਰਵਾਰ ਵਾਪਸ ਆ ਗਿਆ। ਘਰ ਆਉਣ ’ਤੇ ਪਤਾ ਲੱਗਿਆ ਕਿ ਉਪਰਲੀ ਮੰਜਿਲ ਦੇ ਗੇਟ ਦੀ ਚਿਟਕਣੀ ਟੁੱਟੀ ਹੋਈ ਸੀ, ਇਸਤੋਂ ਬਾਅਦ ਜਦ ਇਹ ਡਾਕਟਰ ‘ਫ਼ੈਮਿਲੀ’ ਅੱਗੇ ਗਈ ਤਾਂ ਦੇਖਿਆ ਕਿ ਬੈਡਰੂਮ ਦੀ ਵੀ ਚਿਟਕਣੀ ਟੁੱਟੀ ਹੋਈ ਸੀ। ਇਸ ਬੈਡਰੂਮ ਦੀ ਕੰਧ ’ਚ ਬਣੀ ਸੇਫ਼ ਵੀ ਖੁੱਲੀ ਪਈ ਹੋਈ ਸੀ, ਜਿਸ ਵਿਚ ਪਏ ਲੱਖਾਂ ਰੁਪਏ ਤੇ ਡਾਕਟਰ ‘ਫ਼ੈਮਿਲੀ’ ਵਲੋਂ ਬਣਾਈ ਗੁਪਤ ਡਿਜੀਟਲ ਲਾਕਰ ਵਾਲੀ ਸੇਫ਼ ਦੀ ਚਾਬੀ ਗਾਇਬ ਸੀ। ਜਦ ਉਕਤ ਡਿਜੀਟਲ ਲਾਕਰ ਵਾਲੀ ਸੇਫ਼ ਨੂੰ ਦੇਖਿਆ ਤਾਂ ਉਸ ਵਿਚ ਪਏ ਹੋਏ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ ਹੋ ਚੁੱਕੇ ਸਨ।
ਬਾਕਸ
ਐਫ.ਆਈ.ਆਰ ਮੁਤਾਬਕ ਚੋਰੀ ਹੋਏ ਮਾਲ ਦੀ ਕੀਮਤ 50 ਲੱਖ ਦੇ ਕਰੀਬ
ਬਠਿੰਡਾ: ਪੁਲਿਸ ਸੂਤਰਾਂ ਮੁਤਾਬਕ ਚੋਰੀ ਦੀ ਘਟਨਾ ਤੋਂ ਬਾਅਦ ਡਾਕਟਰ ਮਦਾਨ ਵਲੋਂ ਜੋ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਗਏ ਹਨ, ਉਸ ਮੁਤਾਬਕ ਕਰੀਬ 28-29 ਲੱਖ ਦੇ ਗਹਿਣੇ ਅਤੇ 17-18 ਲੱਖ ਰੁਪਏ ਦੀ ਨਗਦੀ ਦੱਸੀ ਗਈ ਹੈ। ਗਹਿਣਿਆਂ ਵਿਚ ਲੇਡੀਜ਼ ਡਾਇਮੰਡ ਸੈਟ, ਜੈਟਸ ਡਾਇਮੰਡ ਰਿੰਗ, ਸੋਨੇ ਦਾ ਰਾਣੀ ਹਾਰ, ਕੰਗਣ, ਚੈਨ, ਟੋਪਸ, ਬਰੈਸਲੈਟ, ਝੁਮਕੇ, ਲੈਡੀਜ਼ ਚੂੜੀ, ਜੈਟਸ ਕੜੇ ਆਦਿ ਚੋਰੀ ਹੋਏ ਦੱਸੇ ਜਾ ਰਹੇ ਹਨ।
ਬਠਿੰਡਾ ਸ਼ਹਿਰ ਦੇ ਨਾਮਵਾਰ ਡਾਕਟਰ ਦੇ ਘਰ ’ਚ ਹੋਈ ਕਰੋੜਾਂ ਦੀ ਚੋਰੀ
39 Views