6 Views
ਐੱਸਐੱਸਪੀ ਵੱਲੋਂ ਲਾਪਰਵਾਹੀ ਦੇ ਦੋਸ਼ਾਂ ਹੇਠ ਸਬ ਇੰਸਪੈਕਟਰ ਸਹਿਤ ਤਿੰਨ ਪੁਲੀਸ ਮੁਲਾਜ਼ਮ ਮੁਅੱਤਲ
ਸੁਖਜਿੰਦਰ ਮਾਨ
ਬਠਿੰਡਾ, 12 ਅਕਤੂਬਰ : ਹਾਲੇ ਮਾਨਸਾ ਦੇ ਸੀਆਈਏ ਸਟਾਫ ਦੀ ਹਿਰਾਸਤ ਵਿੱਚੋ ਫਰਾਰ ਹੋਇਆ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਦੀਪਕ ਟੀਨੂੰ ਨੂੰ ਪੁਲਿਸ ਗਿ੍ਫ਼ਤਾਰ ਨਹੀਂ ਕਰ ਪਾਈ ਹੈ ਪਰ ਇਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਮੌੜ ਤੋਂ ਇੱਕ ਹੋਰ ਮੁਲਜ਼ਮ ਫਰਾਰ ਹੋ ਗਿਆ। ਮੋਟਰਸਾਈਕਲ ਚੋਰੀ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤੇ ਇਸ ਮੁਜਰਮ ਦੀ ਪਹਿਚਾਣ ਬਲਜੀਤ ਸਿੰਘ ਵਾਸੀ ਮੋੜ ਦੇ ਤੌਰ ਤੇ ਹੋਈ ਹੈ। ਇਸ ਮਾਮਲੇ ਵਿੱਚ ਐੱਸਐੱਸਪੀ ਵੱਲੋਂ ਲਾਪਰਵਾਹੀ ਦੇ ਦੋਸ਼ਾਂ ਹੇਠ ਸਬ ਇੰਸਪੈਕਟਰ ਸਹਿਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਦੇ ਵੀ ਆਦੇਸ਼ ਦਿੱਤੇ ਹਨ। ਪਤਾ ਲੱਗਿਆ ਹੈ ਕਿ ਚੋਰੀ ਦੇ ਕੇਸ ਵਿਚ ਦੋ ਦਿਨ ਪਹਿਲਾਂ ਮੌੜ ਪੁਲਸ ਨੇ ਬਲਜੀਤ ਸਿੰਘ ਨਾਂ ਦੇ ਮੁਜਰਮ ਨੂੰ ਕਾਬੂ ਕੀਤਾ ਸੀ। ਇਸ ਦੌਰਾਨ ਤਲਵੰਡੀ ਸਾਬੋ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਮੁਜਰਮ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ । ਬਲਜੀਤ ਸਿੰਘ ਕੋਲੋਂ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਸਨ। ਪੁਲਸ ਸੂਤਰਾਂ ਮੁਤਾਬਕ ਪਹਿਲਾਂ ਵੀ ਮੁਜਰਮ ਵਿਰੁੱਧ ਕੁਝ ਪਰਚੇ ਦਰਜ ਹਨ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਫਰਾਰ ਹੋਣ ਵਾਲਾ ਮੁਜਰਮ ਨਸ਼ੇ ਦਾ ਆਦੀ ਸੀ। ਪੁਲੀਸ ਅਧਿਕਾਰੀਆਂ ਮੁਤਾਬਕ ਫਰਾਰ ਹੋਏ ਮੁਲਜ਼ਮ ਨੂੰ ਕਾਬੂ ਕਰਨ ਲਈ ਵੱਖ ਵੱਖ ਥਾਈਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਲਾਪਰਵਾਹੀ ਵਰਤਣ ਦੇ ਦੋਸ ਹੇਠ ਸਬ ਇੰਸਪੈਕਟਰ ਸਤਪਾਲ ਸਿੰਘ, ਥਾਣੇਦਾਰ ਲਖਵਿੰਦਰ ਸਿੰਘ ਅਤੇ ਇੱਕ ਹੋਮਗਾਰਡ ਦੇ ਜਵਾਨ ਨੂੰ ਮੁਅੱਤਲ ਕੀਤਾ ਗਿਆ ਹੈ । ਇੱਥੇ ਦੱਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਮਾਨਸਾ ਦੇ ਸੀਆਈਏ ਸਟਾਫ ਦੀ ਕਸਟੱਡੀ ਵਿੱਚੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਇੱਕ ਮੁਜਰਮ ਦੀਪਕ ਟੀਨੂੰ ਵੀ ਫਰਾਰ ਹੋ ਗਿਆ ਸੀ ਜਿਸ ਕਾਰਨ ਪੁਲਿਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ।