ਰਿਟਾਇਰਡ ਪਟਵਾਰੀ ਅਤੇ ਕਾਨੂੰਗੋ ਨੂੰ ਠੇਕੇ ’ਤੇ ਰੱਖਣ ਦਾ ਐਲਾਨ, ਬੇਰੋਜਗਾਰ ਨੌਜਵਾਨਾਂ ਨਾਲ ਧੋਖਾ
1766 ਅਸਾਮੀਆਂ ਤੇ ਬੇਰੋਜਗਾਰ ਨੌਜਵਾਨਾਂ ਨੂੰ ਕੀਤਾ ਜਾਵੇ ਭਰਤੀ
ਸੁਖਜਿੰਦਰ ਮਾਨ
ਬਠਿੰਡਾ, 19 ਮਈ: ਪੰਜਾਬੀਆਂ ਨੂੰ ਬਦਲਾਅ ਦੀ ਉਂਮੀਦ ਵਿਖਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਹੁਣ ਪਿੱਛਲੀ ਕਾਂਗਰਸ ਸਰਕਾਰ ਦੇ ਰਸਤੇ ’ਤੇ ਚੱਲ ਪਈ ਹੈ। ਇਹ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਡੇਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਮਾਨ ਸਰਕਾਰ ਦੇ ਉਸ ਫੈਸਲੇ ਦਾ ਪੁਰਜੋਰ ਵਿਰੋਧ ਕੀਤਾ, ਜਿਸ ਵਿੱਚ ਖਾਲੀ ਪਈਆਂ 1766 ਅਸਾਮੀਆਂ ’ਤੇ ਰਿਟਾਇਰਡ ਪਟਵਾਰੀ ਅਤੇ ਕਾਨੂੰਗੋ ਨੂੰ ਭਰਤੀ ਕਰਣ ਦੀ ਗੱਲ ਕਹੀ ਗਈ ਹੈ। ਬਬਲੀ ਢਿੱਲੋਂ ਨੇ ਕਿਹਾ ਕਿ ਮਾਨ ਸਰਕਾਰ ਦਾ ਇਹ ਫੈਸਲਾ ਸਰਾਸਰ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਰਿਟਾਇਰਮੇਂਟ ਦੀ ਸਮਾਂ ਸੀਮਾ 58 ਸਾਲ ਤੈਅ ਕੀਤੀ ਗਈ ਹੈ ਅਤੇ 58 ਸਾਲ ਦੀ ਨੌਕਰੀ ਕਰਣ ਤੋਂ ਬਾਅਦ ਰਿਟਾਇਰਡ ਹੋ ਚੁੱਕੇ ਪਟਵਾਰੀਆਂ ਅਤੇ ਕਾਨੂੰਗੋ ਨੂੰ ਭਰਤੀ ਕਰਨਾ ਸੂਬੇ ਦੇ ਲੱਖਾਂ ਬੇਰੁੁਜਗਾਰਾਂ ਨਾਲ ਧੋਖਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ 1766 ਅਸਾਮੀਆਂ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਭਰਤੀ ਕਰਕੇ ਭਰੀਆਂ ਜਾਣ, ਤਾਂ ਪੰਜਾਬ ਵਿੱਚ ਕੁੱਝ ਹੱਦ ਤੱਕ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ। ਉਨ੍ਹਾਂ ਨੇ ਉਕਤ ਫੈਸਲੇ ਨੂੰ ਮਾਨ ਸਰਕਾਰ ਦਾ ਗਲਤ ਫੈਸਲਾ ਕਰਾਰ ਦਿੰਦੇ ਹੋਏ ਮਾਨ ਸਰਕਾਰ ਤੋਂ ਉਕਤ ਫੈਸਲਾ ਰੱਦ ਕਰਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਬੇਰੋਜਗਾਰੀ ਨਿੱਤ ਦਿਨ ਵੱਧਦੀ ਜਾ ਰਹੀ ਹੈ, ਪਰ ਬੇਰੋਜਗਾਰੀ ਨੂੰ ਦੂਰ ਕਰਣ ਦੀ ਬਜਾਏ ਸਰਕਾਰ ਰਿਟਾਇਰਡ ਕਰਮਚਾਰੀਆਂ ਨੂੰ ਠੇਕੇ ਤੇ ਰੱਖਕੇ ਬੇਰੋਜਗਾਰੀ ਵਿੱਚ ਵਾਧਾ ਕਰ ਰਹੀ ਹੈੈ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਰਿਟਾਇਰਡ ਕਰਮਚਾਰੀਆਂ ਨੂੰ ਭਰਤੀ ਕਰਣ ਵਾਲੇ ਫੈਸਲੇ ਨੂੰ ਤੁਰੰਤ ਰੱਦ ਕਰਦੇ ਹੋਏ ਬੇਰੋਜਗਾਰ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ, ਤਾਂਕਿ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਮਿਲ ਸਕੇ।
Share the post "ਬਦਲਾਅ ਦੀ ਉਂਮੀਦ ਵਿਖਾ ਕੇ ਸੱਤਾ ਵਿੱਚ ਆਈ ਮਾਨ ਸਰਕਾਰ ਵੀ ਚੱਲੀ ਕਾਂਗਰਸ ਦੀ ਰਾਹ ’ਤੇ : ਬਬਲੀ ਢਿੱਲੋਂ"